‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਦੀ ਧਰਤੀ ਸ਼ਾਮਲਾਤ ਨਹੀਂ ਹੈ ਕਿ ਇਸ ‘ਤੇ ਕੋਈ ਵੀ ਬਾਹਰਲਾ ਕਬਜ਼ਾ ਕਰ ਲਏ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਵਿੱਚ ਆਪਣੇ ਸੂਬੇ ਨੂੰ ਅਗਵਾਈ ਦੇਣ ਦੀ ਹਾਲੇ ਹਿੰਮਤ ਹੈ, ਇਸ ਕਰਕੇ ਲੋਕ ਆਮ ਆਦਮੀ ਪਾਰਟੀ ਦਾ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਨੇੜੇ ਨਹੀਂ ਫਟਕਣ ਦੇਣਗੇ। ਉਹ ਅੱਜ ਬਾਘਾਪੁਰਾਣਾ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕੇਜਰੀਵਾਲ ਨੂੰ ਪੰਜਾਬ ਵੱਲ ਝਾਕ ਛੱਡ ਕੇ ਦਿੱਲੀ ਨੂੰ ਚੰਗਾ ਪ੍ਰਸ਼ਾਸਨ ਦੇਣ ਦੀ ਸਲਾਹ ਦਿੱਤੀ।
ਮੁੱਖ ਮੰਤਰੀ ਨੇ ਆਪਣੇ ਸੰਖੇਪ ਭਾਸ਼ਣ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਦੇ ਗੁਣ-ਗਾਣ ਕਰਦਿਆਂ ਕਿਹਾ ਕਿ ਟਰਾਂਸਪੋਰਟ ਮਾਫੀਆ ਦੇ ਸਰਪ੍ਰਸਤ ਬਾਦਲਾਂ ਨੂੰ ਭਜਾ ਕੇ ਦਮ ਲਵਾਂਗੇ। ਬਿਕਰਮ ਸਿੰਘ ਮਜੀਠੀਆ ਵੀ ਨਸ਼ਾ ਤਸਕਰੀ ਦੇ ਕੇਸਾਂ ਵਿੱਚੋਂ ਬਚਣ ਵਾਲੇ ਨਹੀਂ ਹਨ। ਉਨ੍ਹਾਂ ਨੇ ਰੇਤ ਪੰਜ ਰੁਪਏ ਕਿਊਬਿਕ ਫੁੱਟ ਵੇਚਣ ਦਾ ਵਾਅਦਾ ਮੁੜ ਦੁਹਰਾਇਆ। ਉਨ੍ਹਾਂ ਨੇ ਸਰਕਾਰ ਵੱਲੋਂ ਬਿਜਲੀ ਸਸਤੀ ਦੇਣ ਅਤੇ ਲੋਕਾਂ ਦੇ ਬਿੱਲ ਮੁਆਫ ਕਰਨ ਦੇ ਨਾਂ ‘ਤੇ ਵੋਟਾਂ ਮੰਗੀਆਂ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਹੋਵੇਗੀ।