Punjab

CM ਮਾਨ ਦੀ ਸਿਹਤ ਬਾਰੇ ਵੱਡੀ ਜਾਣਕਾਰੀ! ਅਜੇ ਨਹੀਂ ਮਿਲੇਗੀ ਛੁੱਟੀ, ਲਾਅ ਯੂਨੀ ਦੀਆਂ ਵਿਦਿਆਰਥਣਾਂ ਨਾਲ ਕੀਤੀ ਗੱਲਬਾਤ

ਬਿਉਰੋ ਰਿਪੋਰਟ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਬਾਰੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਉਹ ਅੱਜ ਵੀ ਮੁਹਾਲੀ ਦੇ ਫੌਰਟਿਸ ਹਸਪਤਾਲ ਵਿੱਚ ਦਾਖ਼ਲ ਰਹਿਣਗੇ। ਅੱਜ ਵੀ ਉਨ੍ਹਾਂ ਨੂੰ ਛੁੱਟੀ ਨਹੀਂ ਮਿਲੇਗੀ। ਫੋਰਟਿਸ ਹਸਪਤਾਲ ਦੇ ਕਾਰਡੀਓਲੌਜੀ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਮੁੱਖ ਮੰਤਰੀ ਦੇ ਦਿਲ ਨਾਲ ਸਬੰਧਿਤ ਕੁਝ ਟੈਸਟਾਂ ਦੀਆਂ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ। ਇਸੇ ਦੌਰਾਨ ਖ਼ਬਰ ਸਾਹਮਣੇ ਆਈ ਹੈ ਕਿ ਸੀਐਮ ਨੇ ਹਸਪਤਾਲ ਤੋਂ ਹੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦੇ ਸੰਘਰਸ਼ਸ਼ੀਲ ਵਿਦਿਆਰਥੀਆਂ ਨਾਲ ਫੋਨ ‘ਤੇ ਗੱਲਬਾਤ ਕੀਤੀ ਹੈ।

ਸੀਐਮ ਮਾਨ ਦੀ ਸਿਹਤ ਨੂੰ ਲੈਕੇ ਫੌਰਟਿਸ ਹਸਪਤਾਲ ਦੇ ਕਾਰਡੀਓਲਾਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਡਾ. ਆਰ.ਕੇ. ਜਸਵਾਲ ਨੇ ਦੱਸਿਆ ਹੈ ਕਿ ਅੱਜ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਲ ਨਾਲ ਸਬੰਧਤ ਕੁਝ ਟੈਸਟ ਕੀਤੇ, ਜਿਨ੍ਹਾਂ ਦੇ ਨਤੀਜਿਆਂ ਦੀ ਅਜੇ ਉਡੀਕ ਹੈ।

ਉਨ੍ਹਾਂ ਕਿਹਾ ਹੈ ਕਿ ਦਿਲ ਦੇ ਟੈਸਟਾਂ ਅਤੇ ਜਾਂਚਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਡਾਕਟਰ ਅੱਗੇ ਕੋਈ ਫੈਸਲਾ ਕਰਨਗੇ । ਮੁੱਖ ਮੰਤਰੀ ਇਲਾਜ ਲਈ ਚੰਗਾ ਹੁੰਗਾਰਾ ਦੇ ਰਹੇ ਹਨ ਅਤੇ ਉਨ੍ਹਾਂ ਦੀ ਹਾਲਤ ਵਿੱਚ ਜਲਦੀ ਸੁਧਾਰ ਹੋਵੇਗਾ।

ਹਸਪਤਾਲ ਮੁਤਾਬਕ ਮੁੱਖ ਮੰਤਰੀ ਦੀ ਪਲਮਨਰੀ ਆਰਟਰੀ ਵਿੱਚ ਦਬਾਅ ਵਧਣ ਕਾਰਨ ਉਨ੍ਹਾਂ ਦੇ ਦਿਲ ’ਤੇ ਦਬਾਅ ਪੈ ਗਿਆ, ਜਿਸ ਕਾਰਨ ਬਲੱਡ ਪ੍ਰੈਸ਼ਰ ਅਨਿਯਮਿਤ ਹੋ ਗਿਆ। ਫਿਲਹਾਲ ਮੁੱਖ ਮੰਤਰੀ ਪੂਰੀ ਤਰ੍ਹਾਂ ਸਥਿਰ ਹਨ।