Punjab

‘ਸਿੱਧੂ ਸਾਹਿਬ ਤੁਸੀਂ ਵੀ ਦੂਜੀ ਪਤਨੀ ਦੇ ਪੁੱਤਰ ਹੋ ਤੇ ਬਦਲਾਅ ਨਾਲ ਹੀ ਦੁਨੀਆ ‘ਚ ਆਏ ਹੋ’!

ਮੁਹਾਲੀ : ਖਰੜ ਵਿੱਚ ਜੱਚਾ-ਬੱਚਾ ਕੇਂਦਰ ਦਾ ਉਦਘਾਟਨ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀਆਂ ‘ਤੇ ਜੰਮ ਕੇ ਨਿਸ਼ਾਨਾ ਲਗਾਇਆ। ਖ਼ਾਸ ਕਰ ਕੇ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਗਏ ਨਿੱਜੀ ਹਮਲਿਆਂ ਦਾ ਜਵਾਬ ਮਾਨ ਨੇ ਉਸੇ ਅੰਦਾਜ਼ ਵਿੱਚ ਦਿੱਤਾ। ਮੁੱਖ ਮੰਤਰੀ ਨੇ ਕਿਹਾ ਸਿੱਧੂ ਭਾਵੇਂ ਪ੍ਰਾਈਵੇਟ ਸਕੂਲ ਵਿੱਚ ਪੜੇ ਹਨ ਪਰ ਉਨ੍ਹਾਂ ਦੀ ਭਾਸ਼ਾ ਬਹੁਤ ਦੀ ਮਾੜੀ ਹੈ। ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਕਿਹਾ ਸੀ ‘ਭਗਵੰਤ ਮਾਨ ਨੇ ਬਦਲਾਅ ਲਿਆਉਣਾ ਸੀ, ਸਵਾ ਸਾਲ ਹੋ ਗਿਆ ਗਿਆ ਬਦਲਾਅ ਤਾਂ ਨਹੀਂ ਸਿਰਫ਼ ਪਤਨੀ ਜ਼ਰੂਰ ਬਦਲ ਲਈ’। ਮਾਨ ਨੇ ਕਿਹਾ ‘ਮੈਂ ਸਿੱਧੂ ਸਾਹਿਬ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ‘ਤੁਸੀਂ ਵੀ ਦੂਜੀ ਪਤਨੀ ਦੇ ਪੁੱਤਰ ਹੋ, ਜੇਕਰ ਤੁਹਾਡਾ ਬਾਪੂ ਬਦਲਾਅ ਨਾ ਲਿਆਉਂਦਾ ਤਾਂ ਤੁਸੀਂ ਦੁਨੀਆ ਵਿੱਚ ਨਹੀਂ ਆਉਣਾ ਸੀ, ਜਿੰਨਾਂ ਨੂੰ ਸੁਣਾ ਰਿਹਾ ਸੀ ਜਿਸ ਨਾਲ ਹਮਦਰਦੀ ਕਰ ਰਿਹਾ ਸੀ ‘ਹਮਦਰਦ’, ਉਸ ਦੇ ਬਾਪੂ ਦੀਆਂ ਵੀ 2 ਪਤਨੀਆਂ ਹਨ, ਆਪਣੀ ਸਟੈਨੋ ਨਾਲ ਹੀ ਵਿਆਹ ਕਰਵਾ ਲਿਆ ਸੀ । ਫਿਰ ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਆ ਜਾਓ ਇਸ ਪਿੱਚ ‘ਤੇ ਖੇਡਣਾ ਹੈ ਤਾਂ ਇਸ ‘ਤੇ ਆ ਜਾਓ ।

‘ਸਿੱਧੂ ਵਿਆਹ ਵਿੱਚ ਦੇਣ ਵਾਲਾ ਸੂਟ ਵਰਗਾ ਹੈ’

ਇਸ ਤੋਂ ਬਾਅਦ ਮਾਨ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਵਾਰ-ਵਾਰ ਪਾਰਟੀਆਂ ਬਦਲਣ ਅਤੇ ਕਾਂਗਰਸ ਦੇ ਅੰਦਰ ਕਲੇਸ਼ ਨੂੰ ਲੈ ਕੇ ਤੰਜ ਕੱਸਿਆ, ਉਨ੍ਹਾਂ ਕਿਹਾ ‘ਨਵਜੋਤ ਸਿੱਧੂ ਵਿਆਹ ਵਿੱਚ ਦੇਣ ਵਾਲਾ ਸੂਟ ਵਰਗਾ ਹੈ, ਨਾ ਕੋਈ ਖੋਲੇ ਨਾ ਕੋਈ ਰੱਖੇ,ਕਾਂਗਰਸ ਨੇ ਖੋਲ ਲਿਆ ਹੁਣ ਲਿਫ਼ਾਫ਼ੇ ਵਿੱਚ ਨਹੀਂ ਪੈਂਦਾ ਹੈ।ਸੀਐੱਮ ਮਾਨ ਨੇ ਸਿੱਧੂ ਅਤੇ ਮਜੀਠੀਆ ਦੀ ਜੱਫ਼ੀ ‘ਤੇ ਵੀ ਤੰਜ ਕੱਸਿਆ, ਉਨ੍ਹਾਂ ਕਿਹਾ ‘ਪਹਿਲਾਂ ਕਹਿੰਦੇ ਸੀ ਲੰਬੂ ਹੁਣ ਕਹਿੰਦੇ ਹਨ ਆ ਉੱਠ ਜੱਫ਼ੀ ਪਾ ਲੈ,ਮਜੀਠੀਆ ਵੀ ਬੇਸ਼ਰਮ ਹੈ ਉਹ ਵੀ ਕੱਪੜੇ ਝਾੜ ਕੇ ਜੱਫ਼ੀ ਪਾਉਣ ਲਈ ਪਹੁੰਚ ਗਿਆ,ਹੁਣ ਕੰਨ ਵਿੱਚ ਕਹਿੰਦੇ ਹਨ ਹਾਰ ਗਏ ਹੁਣ ਜੱਫ਼ੀ ਪਾ ਲਈਏ।’ਸਿੱਧੂ ਤੋਂ ਬਾਅਦ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਘੇਰਿਆ, ਉਨ੍ਹਾਂ ਕਿਹਾ ਬਾਜਵਾ ਸਾਹਿਬ ਮੁੱਖ ਮੰਤਰੀ ਬਣਨ ਦੇ ਲਈ ਕਈ ਵਾਰ ਕੁਰਸੀ ਦੇ ਨਜ਼ਦੀਕ ਪਹੁੰਚੇ ਪਰ ਫਿਰ ਦੂਰ ਹੋ ਗਏ, ਉਨ੍ਹਾਂ ਨੂੰ ਮੇਰਾ ਅਤੇ ਗ਼ਰੀਬ ਘਰਾਂ ਦੇ ਲੋਕਾਂ ਦਾ ਮੁੱਖ ਮੰਤਰੀ ਬਣਨਾ ਅਤੇ ਵਿਧਾਇਕ ਬਣਨਾ ਹਜ਼ਮ ਨਹੀਂ ਹੁੰਦਾ ਹੈ, ਇਸੇ ਲਈ ਉਹ ਕਹਿੰਦੇ ਹਨ ਮੋਬਾਈਲ ਚਾਰਜਰ ਵੇਚਣ ਵਾਲਾ ਵਿਧਾਇਕ ਬਣ ਗਿਆ। ਮਾਨ ਨੇ ਅੱਗੇ ਤੰਜ ਕੱਸਦਿਆਂ ਕਿਹਾ ‘ਬਾਜਵਾ ਸਾਹਿਬ ਤੁਸੀਂ ਚੰਨੀ ਨੂੰ ਪੁੱਛ ਲੈਣਾ ਕਿ ਮੋਬਾਈਲ ਚਾਰਜਰ ਵਾਲਾ ਕਿੰਨਾ ਮਹਿੰਗਾ ਪੈਂਦਾ ਹੈ, ਇਹ ਦਿਮਾਗ਼ ਵੀ ਠੀਕ ਕਰ ਦਿੰਦਾ ਹੈ।’

ਸਾਡੇ ਹਰ ਮਹੀਨੇ ਵਿਆਹ ਹੁੰਦੇ ਹਨ ਤਾਂ ਤੁਹਾਡੇ ਭੋਗ’

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਵਿਰੋਧੀਆਂ ਵੱਲੋਂ ਆਪ ਦੇ ਵਿਧਾਇਕਾਂ ਦੇ ਵਿਆਹ ਨੂੰ ਲੈ ਕੇ ਚੁੱਕੇ ਸਵਾਲਾਂ ਦਾ ਵੀ ਜਵਾਬ ਦਿੱਤਾ, ਉਨ੍ਹਾਂ ਨੇ ਕਿਹਾ ‘ਤੁਸੀਂ ਕਹਿੰਦੇ ਹੋ ਸਾਡੇ ਵਿਧਾਇਕਾਂ ਦੇ ਵਿਆਹ ਹਰ ਮਹੀਨੇ ਹੁੰਦੇ ਹਨ,ਉਨ੍ਹਾਂ ਦੀ ਉਮਰ ਹੈ, ਜੇਕਰ ਅਸੀਂ ਕਹੀਏ ਕਿ ਤੁਹਾਡੇ ਆਗੂਆਂ ਦੇ ਭੋਗ ਹਰ ਮਹੀਨੇ ਪੈਂਦੇ ਹਨ, ਇਹ ਠੀਕ ਹੋਵੇਗਾ, ਉਮਰ ਦਾ ਤਕਾਜ਼ਾ ਹੈ ਇਸ ‘ਤੇ ਸਿਆਸਤ ਕਿਉਂ ਕਰਦੇ ਹੋ। ਮੁੱਖ ਮੰਤਰੀ ਮਾਨ ਨੇ ਕਿਹਾ ਲੋਕ ਨੌਕਰੀ ਮਿਲਣ ,ਵਪਾਰ ਕਿਵੇਂ ਵਧੇ, ਵਿਕਾਸ ਕਿਵੇਂ ਹੋਵੇ ਇਸ ਬਾਰੇ ਜਾਣਨਾ ਚਾਹੁੰਦੇ ਹਨ। ਸੀਂ ਐੱਮ ਮਾਨ ਨੇ ਅਕਾਲੀ ਦਲ ਦੇ ਰਾਜ ਦੇ ਤੰਜ ਕੱਸਿਆ ਉਨ੍ਹਾਂ ਕਿਹਾ ਪਹਿਲਾਂ ਗੋਲ ਗੱਪੇ ਵਾਲਿਆਂ ਤੋਂ ਵੀ ਪਾਰਟੀਆਂ ਹਿੱਸਾ ਲੈਂਦੀਆਂ ਸਨ, ਪਰ ਹੁਣ ਅਜਿਹਾ ਨਹੀਂ ਹੁੰਦਾ ਹੈ।

‘ਸਵਾ ਸਾਲ ਵਿੱਚ 1 ਰੁਪਏ ਭ੍ਰਿਸ਼ਟਾਚਾਰ ਦਾ ਇਲਜ਼ਾਮ ਨਹੀਂ’

ਮੁੱਖ ਮੰਤਰੀ ਭਗਵੰਤ ਮਾਨ ਨੇ ਚੁਨੌਤੀ ਦਿੱਤੀ ਕਿ ਸਵਾ ਸਾਲ ਦੇ ਮੇਰੇ ਕਾਰਜਕਾਲ ਦੌਰਾਨ ਮੇਰੇ ਖ਼ਿਲਾਫ਼ 1 ਰੁਪਏ ਦੀ ਰਿਸ਼ਵਤ ਦਾ ਇਲਜ਼ਾਮ ਨਹੀਂ ਹੈ, ਜੇਕਰ ਹੈ ਤਾਂ ਸਾਬਤ ਕਰ ਕੇ ਵਿਖਾਓ,ਉਨ੍ਹਾਂ ਕਿਹਾ ਜਦੋਂ ਬਾਂਦਰ, ਲੂੰਬੜ, ਗਿੱਦੜ ਇਕੱਠੇ ਹੋ ਜਾਣ ਤਾਂ ਸਮਝੋ ਦੂਜੇ ਪਾਸੇ ਸ਼ੇਰ ਖੜਾ ਹੈ, ਸ਼ੇਰ ਕੌਣ ਹੈ ਸਾਢੇ ਤਿੰਨ ਕਰੋੜ ਪੰਜਾਬ ਦੀ ਜਨਤਾ। ਉਨ੍ਹਾਂ ਕਿਹਾ ਕਿ ਜੇਕਰ ਮੈਂ ਕੋਈ ਕੰਮ ਨਹੀਂ ਕੀਤਾ ਤਾਂ 2024 ਵਿੱਚ ਨਤੀਜਾ ਤੁਹਾਡੇ ਸਾਹਮਣੇ ਆ ਜਾਵੇਗਾ, ਲੋਕ ਸਾਨੂੰ ਵੋਟ ਨਹੀਂ ਪਾਉਣਗੇ।