Punjab

ਜਾਅਲੀ ਸਰਟੀਫਿਕੇਟਾਂ ਵਾਲੇ ਮੁਲਾਜ਼ਮ ਸਰਕਾਰ ਦੀਆਂ ਨਹੀਂ ਜੇਲ੍ਹ ਦੀਆਂ ਖਾਣਗੇ ਰੋਟੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਜਾਅਲੀ ਸਰਟੀਫਿਕੇਟਾਂ ਸਹਾਰੇ ਨੌਕਰੀਆਂ ਲੈਣ ਵਾਲੇ ਉਮੀਦਵਾਰਾਂ ਦੀ ਖੈਰ ਨਹੀਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਨੌਕਰੀਆਂ ਲੈਣ ਵਾਲਿਆਂ ਨੂੰ ਜੇਲ੍ਹਾਂ ਵਿੱਚ ਡੱਕਣ ਦਾ ਫੈਸਲਾ ਲੈ ਲਿਆ ਹੈ। ਮੁੱਖ ਮੰਤਰੀ ਦੇ ਨਿਸ਼ਾਨੇ ਉੱਤੇ ਪਹਿਲੇ ਪੜਾਅ ਵਜੋਂ ਸਿਆਸਤਦਾਨਾਂ ਅਤੇ ਰਸੂਖਦਾਨਾਂ ਦੇ ਰਿਸ਼ਤੇਦਾਰ ਅਤੇ ਚਹੇਤੇ ਟੰਗੇ ਜਾਣਗੇ।

ਮੁੱਖ ਮੰਤਰੀ ਨੇ ਇੱਕ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਬਹੁਤ ਕੇਸ ਆਏ ਹਨ ਕਿ ਬਹੁਤ ਹੀ ਰਸੂਖਦਾਰ ਅਤੇ ਰਾਜਨੀਤਕ ਲੋਕਾਂ ਦੇ ਰਿਸ਼ਤੇਦਾਰ ਜਾਅਲੀ ਡਿਗਰੀਆਂ ਨਾਲ ਸਰਕਾਰੀ ਨੌਕਰੀਆਂ ਲੈ ਕੇ ਬੈਠੇ ਹਨ। ਜਲਦੀ ਹੀ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਇੱਕ-ਇੱਕ ਪੈਸੇ ਦਾ ਹਿਸਾਬ ਲੋਕਾਂ ਸਾਹਮਣੇ ਰੱਖਿਆ ਜਾਵੇਗਾ।

ਪੰਜਾਬ ਵਿਧਾਨ ਸਭਾ ਵਿੱਚ ਭਰਤੀ ਦਾ ਮਾਮਲਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉੱਠਿਆ ਹੈ। ਉਂਝ ਇਹ ਭਰਤੀ ਕਾਂਗਰਸ ਸਰਕਾਰ ਵੇਲੇ ਹੋਈ ਸੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਪਹਿਲਾਂ ਹੀ ਭਰਤੀ ਦੀ ਜਾਂਚ ਦੇ ਹੁਕਮ ਦੇ ਚੁੱਕੇ ਹਨ । ਇਹ ਮਾਮਲਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਚੁੱਕਿਆ ਗਿਆ ਸੀ। ਪੰਜਾਬ ਵਿੱਚ ਜਾਅਲੀ ਸਰਟੀਫਿਕੇਟਾਂ ਸਹਾਰੇ ਨੌਕਰੀਆਂ ਲੈਣ ਦਾ ਮਾਮਲਾ ਨਵਾਂ ਨਹੀਂ ਹੈ। ਪੰਜਾਬ ਵਿੱਚ ਹਜ਼ਾਰਾਂ ਅਜਿਹੇ ਅਧਿਆਪਕ ਨੌਕਰੀ ਕਰ ਰਹੇ ਹਨ ਜਿਨ੍ਹਾਂ ਦੀਆਂ ਡਿਗਰੀਆਂ ਸ਼ੱਕ ਦੇ ਘੇਰੇ ਵਿੱਚ ਆ ਚੁੱਕੀਆਂ ਹਨ। ਇਸੇ ਕਰਕੇ ਕਈ ਅਧਿਆਪਕਾਂ ਨੂੰ ਨੌਕਰੀ ਤੋਂ ਹੱਥ ਵੀ ਧੌਣੇ ਪੈ ਚੁੱਕੇ ਹਨ। ਅੱਜ ਅਖ਼ਬਾਰਾਂ ਵਿੱਚ ਇੱਕ ਵੱਖਰੀ ਕਿਸਮ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਕਹਾਣੀ ਦੱਸੀ ਗਈ ਹੈ ਜਿਹੜਾ ਇੱਕੋ ਵੇਲੇ ਪੰਜਾਬ ਸਰਕਾਰ ਦੇ ਦੋ ਸਹਿਕਾਰੀ ਬੈਂਕਾਂ ਵਿੱਚ ਨੌਕਰੀ ਕਰਦਾ ਰਿਹਾ ਹੈ। ਇਹ ਮਾਮਲਾ ਤਾਂ 2001 ਵਿੱਚ ਸਾਹਮਣੇ ਆ ਗਿਆ ਸੀ ਪਰ ਦੋਵੇਂ ਤਤਕਾਲੀ ਸਰਕਾਰਾਂ ਚੁੱਪ ਰਹੀਆਂ ਅਤੇ ਹੁਣ ਆਮ ਆਦਮੀ ਪਾਰਟੀ ਨੇ ਐਕਸ਼ਨ ਲੈ ਲਿਆ ਹੈ।