Punjab

‘CM ਭਗਵੰਤ ਮਾਨ ਦੇ ਆਪਣੇ ਖੇਤਾਂ ‘ਚ ਸੜੀ ਪਰਾਲੀ’!ਹੁਣ ਕਰੋ ਰੈੱਡ ਐਂਟਰੀ ?

Cm own field burn stubble burning

ਬਿਊਰੋ ਰਿਪੋਰਟ : ਪਰਾਲੀ ਨਾ ਸਾੜਨ ਦੇ ਲਈ ਪੰਜਾਬ ਸਰਕਾਰ ਨੇ ਇਸ਼ਤਿਆਰਾਂ ‘ਤੇ ਕਰੋੜਾਂ ਰੁਪਏ ਖਰਚ ਕੀਤੇ । ਕਿਸਾਨਾਂ ਨੂੰ ਮਸ਼ੀਨਾਂ ਦੇਣ ਦਾ ਦਾਅਵਾ ਕੀਤਾ । ਸਿਰਫ਼ ਇੰਨਾਂ ਹੀ ਨਹੀਂ ਇੰਨਾਂ ਸਾਰੀਆਂ ਕੋਸ਼ਿਸ਼ਾਂ ‘ਤੇ ਫੁੱਲ ਚਲਾਉਂਦੇ ਹੋਏ ਇਹ ਦੱਸਿਆ ਗਿਆ ਕਿ ਇਸ ਵਾਰ ਪਰਾਲੀ 30 ਫੀਸਦੀ ਘੱਟ ਸੜੀ ਹੈ। ਪਰ ਦਿੱਲੀ ਦੇ LG ਨੇ ਰਾਜਧਾਨੀ ਵਿੱਚ ਪ੍ਰਦੂਸ਼ਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਦਾਅਵਿਆਂ ਦੀ ਪੋਲ ਖੋਲ ਦਿੱਤੀ । ਹੁਣ ਇੱਕ ਹੋਰ ਖੁਲਾਸੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿੱਜੀ ਤੌਰ ‘ਤੇ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ । ਕਾਂਗਰਸ ਦੇ ਆਗੂ ਸੁਖਪਾਲ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਭਗਵੰਤ ਮਾਨ ਦੀ ਆਪਣੀ ਜ਼ਮੀਨ ‘ਤੇ ਇਸ ਵਾਰ ਪਰਾਲੀ ਸਾੜੀ ਗਈ ਹੈ । ਉਨ੍ਹਾਂ ਸਬੂਤ ਦੇ ਤੌਰ ਤੇ ਵੀਡੀਓ ਵੀ ਪੇਸ਼ ਕੀਤਾ ਹੈ। ਹਾਲਾਂਕਿ ਭਗਵੰਤ ਮਾਨ ਦੀ ਜਿਸ ਜ਼ਮੀਨ ‘ਤੇ ਪਰਾਲੀ ਸਾੜੀ ਗਈ ਹੈ ਉਹ ਠੇਕੇ ‘ਤੇ ਦਿੱਤੀ ਗਈ ਸੀ । ਪਰ ਖਹਿਰਾ ਸਵਾਲ ਪੁੱਛ ਰਹੇ ਹਨ ਕਿ ਠੇਕੇ ‘ਤੇ ਦੇਣ ਤੋਂ ਪਹਿਲਾਂ ਕਿ ਮੁੱਖ ਮੰਤਰੀ ਪਰਾਲੀ ਨਾ ਸਾੜਨ ਦੀ ਸ਼ਰਤ ਨਹੀਂ ਰੱਖ ਸਕਦੇ ਸਨ ? ਕਾਂਗਰਸੀ ਵਿਧਾਇਕ ਨੇ ਕਿਹਾ ਭਗਵੰਤ ਮਾਨ ਸਰਕਾਰ ਨੇ ਜਿੰਨਾਂ ਕਿਸਾਨਾਂ ‘ਤੇ ਪਰਾਲੀ ਸਾੜਨ ਦੇ ਲਈ ਰੈੱਡ ਐਂਟਰੀ ਦੇ ਨਾਲ ਕੇਸ ਦਰਜ ਕੀਤੇ ਹਨ ਉਨ੍ਹਾਂ ਨੂੰ ਫੌਰਨ ਵਾਪਸ ਲੈਣ । ਉਧਰ ਪੰਜਾਬ ਵਿੱਚ ਪਰਾਲੀ ਸਾੜਨ ਨੂੰ ਲੈਕੇ 24 ਘੰਟਿਆਂ ਦੇ ਅੰਦਰ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ ਜੋ ਸਾਬਿਤ ਕਰਦੇ ਹਨ ਪਰਾਲੀ ਸਾੜਨ ਨੂੰ ਰੋਕਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਫੇਲ੍ਹ ਸਾਬਿਤ ਹੋਈ ਹੈ ।

ਸ੍ਰੀ ਗੁਰੂ ਨਾਨਕ ਦੇ ਵੀ ਜੀ ਪ੍ਰਕਾਸ਼ ਦਿਹਾੜੇ ‘ਤੇ ਪਰਾਲੀ ਸਾੜਨ ਦੇ ਮਾਮਲੇ ਪੰਜਾਬ ਵਿੱਚ ਘੱਟ ਹੋਏ ਸਨ । ਪਰ ਹੁਣ ਫਿਰ ਤੋਂ ਤੇਜੀ ਆ ਗਈ ਹੈ । ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰਿਮੋਟ ਸੈਂਸਿੰਗ ਦੇ ਜ਼ਰੀਏ ਦੱਸਿਆ ਹੈ ਕਿ 24 ਘੰਟਿਆਂ ਦੇ ਅੰਦਰ 3911 ਥਾਵਾਂ ‘ਤੇ ਪਰਾਲੀ ਸਾੜਨ ਦੇ ਮਾਮਲੇ ਦਰਜ ਹੋਏ ਹਨ । ਇਸੇ ਦੇ ਨਾਲ ਹੀ ਪੰਜਾਬ ਵਿੱਚ ਪਰਾਲੀ ਸਾੜਨ ਦੇ ਹੁਣ ਤੱਕ ਕੁੱਲ 40,677 ਮਾਮਲੇ ਆ ਚੁੱਕੇ ਹਨ । ਸੂਬੇ ਵਿੱਚ ਬੀਤੇ ਦਿਨ 3911 ਪਰਾਲੀ ਸਾੜਨ ਦੇ ਮਾਮਲਿਆਂ ਵਿੱਚੋਂ 3711 ਮਾਮਲੇ ਸਿਰਫ਼ ਮਾਲਵੇ ਤੋਂ ਸਾਹਮਣੇ ਆਏ ਹਨ । ਜਦਕਿ ਦੋਆਬਾ ਵਿੱਚ 134 ਅਤੇ ਮਾਝਾ ਵਿੱਚ ਸਿਰਫ਼ 74 ਥਾਵਾਂ ‘ਤੇ ਹੀ ਪਰਾਲੀ ਸਾੜੀ ਗਈ ।

ਮਾਲਵਾ ਵਿੱਚ ਸਭ ਤੋਂ ਵੱਧ ਪਰਾਲੀ ਬਠਿੰਡਾ ਵਿੱਚ ਸੜੀ ਹੈ ਇੱਥੇ 523 ਖੇਤਾਂ ਵਿੱਚ ਪਰਾਲੀ ਸਾੜੀ ਗਈ ਹੈ । ਇਸ ਤੋਂ ਬਾਅਦ ਮੋਗਾ ਵਿੱਚ 446, ਮੁਕਤਸਰ 434, ਫਾਜ਼ਿਲਕਾ 385,ਫਿਰੋਜ਼ਪੁਰ ਵਿੱਚ 305,ਮਾਨਸਾ 306, ਲੁਧਿਆਣਾ 296, ਬਰਨਾਲਾ 296, ਫਰੀਦਕੋਟ 280 ਅਤੇ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਸੰਗਰੂਰ ਵਿੱਚ 233 ਥਾਵਾਂ ‘ਤੇ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ ।

ਮਾਝਾ ਵਿੱਚ ਗੁਰਦਾਸਪੁਰ ਵਿੱਚ ਪਰਾਲੀ ਬਿਲਕੁਲ ਵੀ ਨਹੀਂ ਸਾੜੀ ਗਈ । ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ 29 ਅਤੇ ਤਰਨਤਾਰ ਵਿੱਚ 45 ਥਾਵਾਂ ‘ਤੇ 2 ਘੰਟਿਆਂ ਦੇ ਅੰਦਰ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ । ਦੋਆਬਾ ਵਿੱਚ 134 ਥਾਵਾਂ ‘ਤੇ ਪਰਾਲੀ ਸਾੜੀ ਗਈ ਹੈ। ਸਭ ਤੋਂ ਵੱਧ ਜਲੰਧਰ 67,ਕਪੂਰਥਲਾ 27,ਸ਼ਹੀਦ ਭਗਤ ਸਿੰਘ ਨਗਰ 16 ਅਤੇ ਹੁਸ਼ਿਆਰਪੁਰ ਵਿੱਚ 4 ਥਾਵਾਂ ‘ਤੇ ਪਰਾਲੀ ਸਾੜਨ ਦੇ ਮਾਮਲੇ ਨਸ਼ਰ ਹੋਏ ਹਨ । ਉਧਰ ਰੂਪਨਗਰ ਵਿੱਚ 17 ਥਾਵਾਂ ‘ਤੇ 24 ਘੰਟਿਆਂ ਦੇ ਅੰਦਰ ਪਰਾਲੀ ਸਾੜੀ ਗਈ ਹੈ ।