India Lok Sabha Election 2024 Punjab

‘ਕਈ ਵਾਰ ਲੋਕ ਨਾ ਹਰਾਉਂਦੇ ਹਨ ਨਾ ਜਿਤਾਉਂਦੇ ਹਨ, ਸਿਰਫ਼ ਚਿਤਾਉਂਦੇ ਹਨ!’ – CM ਮਾਨ

ਬਿਊਰੋ ਰਿਪੋਰਟ (ਗੁਰਪ੍ਰੀਤ ਕੌਰ) – ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁਹਾਲੀ ਦੇ ਗੁਰਦੁਆਰਾ ਸੋਹਾਣਾ ਸਾਹਿਬ ਨਤਮਸਤਕ ਹੋਏ। ਸੀਐਮ ਨੇ ਕਿਹਾ ਕਿ ਸਿੱਖ ਕੌਮ ਨੂੰ ਸ਼ਬਦ ਗੁਰੂ ਦੇ ਰੂਪ ਵਿੱਚ ਬਹੁਤ ਵੱਡਾ ਖ਼ਜ਼ਾਨਾ ਮਿਲਿਆ ਹੋਇਆ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਨਤੀਜਿਆਂ ਨੂੰ ਲੈ ਕੇ ਅਹਿਮ ਬਿਆਨ ਦਿੱਤਾ ।

ਲੋਕ ਸਭਾ ਵਿੱਚ ਹਾਰ ਬਾਰੇ ਕੀ ਬੋਲੇ ਮੁੱਖ ਮੰਤਰੀ?

ਲੋਕਸਭਾ ਚੋਣਾਂ ਵਿੱਚ 13-0 ਨਾਲ ਹੁੰਝਾਫੇਰ ਜਿੱਤ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਤੀਜਿਆਂ ਤੋਂ ਬਾਅਦ ਪਹਿਲਾਂ ਵੱਡਾ ਬਿਆਨ ਸਾਹਮਣੇ ਅਇਆ ਹੈ। ਉਨ੍ਹਾਂ ਨੇ ਮੰਨਿਆ ਕਿ ਹੋ ਸਕਦਾ ਹੈ ਕਿ ਸਾਡੇ ਕੰਮਾਂ ਵਿੱਚ ਕਮੀ ਰਹੀ ਹੋਵੇ। ਕਈ ਵਾਰ ਲੋਕ ਨਾ ਹਰਾਉਂਦੇ ਹਨ ਨਾ ਜਿਤਾਉਂਦੇ ਹਨ, ਬਲਕਿ ਚਿਤਾਉਂਦੇ ਹਨ। ਅਸੀਂ ਆਪਣੇ ਵਿੱਚ ਸੁਧਾਰ ਲਿਆਉਣ ਦੀ ਕੋਸ਼ਸ਼ ਕਰਾਂਗੇ। ਹਾਲਾਂਕਿ ਇਸ ਦੌਰਾਨ ਮੁੱਖ ਮੰਤਰੀ ਨੇ 2019 ਦੇ ਵੋਟ ਸ਼ੇਅਰ ਅਤੇ ਸੀਟਾਂ ਦੀ ਤੁਲਨਾ ਮੌਜੂਦਾ ਲੋਕਸਭਾ ਦੇ ਨਾਲ ਕਰਕੇ ਆਪਣੇ ਦਿਲ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ।

ਉਨ੍ਹਾਂ ਕਿਹਾ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਮੈਂ ਇਕੱਲਾ ਸੀ ਤੇ 7.5% ਵੋਟ ਫੀਸਦ ਸੀ, ਇਸ ਵਾਰ ਸਾਡੇ 3 MP ਹਨ। ਸੰਗਰੂਰ ਵਿੱਚ ਅਸੀਂ ਦੋ ਵੱਡੇ ਦਿੱਗਜਾਂ ਨੂੰ ਹਰਾਇਆ। ਇਸ ਵਾਰ ਸਾਡਾ ਵੋਟ ਫੀਸਦ 26.3% ਹੋ ਗਿਆ ਹੈ। ਜਦਕਿ ਕਾਂਗਰਸ 40 ਤੋਂ 26 ਵੋਟ ਫ਼ੀਸਦ ‘ਤੇ ਆ ਗਈ ਹੈ। ਬੀਜੇਪੀ ਤਾਂ ਖ਼ਤਮ ਹੀ ਹੋ ਗਈ ਹੈ। ਬਲਕਿ ਬੀਜੇਪੀ ਦਾ ਗੜ੍ਹ ਹੁਸ਼ਿਆਰਪੁਰ ਸੀਟ ਸਾਡੇ ਹਿੱਸੇ ਆਈ।

ਉਨ੍ਹਾਂ ਕਿਹਾ ਕਿ ਪਾਰਟੀ ਲੋਕ ਸਭਾ ਨਤੀਜਿਆਂ ਦੀ ਸਮੀਖਿਆ ਕਰ ਰਹੀ। ਅਸੀਂ ਮਿਹਨਤ ਪੱਖੋਂ ਕੋਈ ਕਮੀ ਨਹੀਂ ਛੱਡੀ ਤੇ ਅੱਗੇ ਵੀ ਮਿਹਨਤ ਕਰਦੇ ਰਹਾਂਗੇ। ਆਪਣੀ ਸਰਕਾਰ ਦੇ ਕੰਮ ਗਿਣਵਾਉਂਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਖ਼ਤਮ ਹੁੰਦਿਆਂ ਹੀ ਅਸੀਂ ਸਰਕਾਰ ਦੇ ਰੁਕੇ ਹੋਏ ਕੰਮ ਮੁਕੰਮਲ ਕਰਵਾਏ। ਇਨ੍ਹਾਂ ਵਿੱਚ ਬੱਚਿਆਂ ਦੀ ਪੋਸਟ ਮੈਟਰਿਕ ਸਕਾਰਸਸ਼ਿਪ ਸਕੀਮ ਦੇ ਪੈਸੇ ਜਾਰੀ ਕੀਤੇ ਗਏ ਤਾਂ ਕਿ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਵਿਘਨ ਨਾ ਆਵੇ।

ਰਵਨੀਤ ਬਿੱਟੂ ਨੂੰ ਮੋਦੀ ਸਰਕਾਰ ਵਿੱਚ ਮੰਤਰੀ ਬਣਾਏ ਜਾਣ ’ਤੇ ਉਨ੍ਹਾਂ ਕਿਹਾ ਕਿ ਅਸੀਂ ਤਾਂ ਚਾਹੁੰਦੇ ਹਾਂ ਕਿ ਜੇ ਵਧੀਆ ਬੰਦੇ ਮੰਤਰਾਲਿਆਂ ਵਿੱਚ ਮੰਤਰੀ ਬਣਦੇ ਹਨ ਤਾਂ ਪੰਜਾਬ ਦਾ RDF ਤੇ NHM ਦਾ ਫਸਿਆ ਪੈਸਾ ਕਢਵਾਇਆ ਜਾ ਸਕਦਾ ਹੈ।

ਕੰਗਨਾ ਰਣੌਤ ਦੇ ਮੁੱਦੇ ’ਤੇ ਸੀਐਮ ਮਾਨ ਦਾ ਪੱਖ

ਕੰਗਨਾ ਰਣੌਤ ਵੱਲੋਂ ਪੰਜਾਬ ਵਿੱਚ ਅੱਤਵਾਦ ਤੇ ਵੱਖਵਾਦ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਕੁਲਵਿੰਦਰ ਕੌਰ ਵੱਲੋਂ ਗੁੱਸੇ ਵਿੱਚ ਚੁੱਕਿਆ ਗਿਆ ਕਦਮ ਸੀ, ਕਿਉਂਕਿ ਕੰਗਨਾ ਨੇ ਪਹਿਲਾਂ ਮੰਦੇ ਸ਼ਬਦ ਬੋਲੇ ਸਨ। ਹਾਲਾਂਕਿ ਉਨ੍ਹਾਂ ਇਸ ਦੀ ਆਲੋਚਨਾ ਵੀ ਕੀਤੀ ਹੈ ਕਿ ਅਜਿਹਾ ਹੋਣਾ ਨਹੀਂ ਚਾਹੀਦਾ ਸੀ। ਪਰ ਉਸ ਘਟਨਾ ਦੇ ਜਵਾਬ ਵਿੱਚ ਇੱਕ ਪਬਲਿਕ ਫਿਗਰ ਹੋਣ ਦੇ ਨਾਤੇ ਇਹ ਕਹਿ ਦੇਣਾ ਕਿ ਸਾਰੇ ਪੰਜਾਬ ਵਿੱਚ ਹੀ ਅੱਤਵਾਦ ਵਧ ਰਿਹਾ ਹੈ ਤਾਂ ਇਹ ਸਰਾਸਰ ਗ਼ਲਤ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪੇਟ ਪਾਲ਼ਦਾ ਹੈ। ਇਸ ਵਾਰ ਪੰਜਾਬ ਦੇਸ਼ ਨੂੰ 130 ਲੱਖ ਮੀਟ੍ਰਿਕ ਕਣਕ ਦੇ ਰਿਹਾ ਹੈ। 220 ਲੱਖ ਮੀਟ੍ਰਿਕ ਟਨ ਚਾਵਲ ਦੇਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੀ ਰੱਖਿਆ ਕਰਨ ਵਾਲਾ ਤੇ ਦੇਸ਼ ਲਈ ਕੁਰਬਾਨੀਆਂ ਕਰਨ ਵਾਲਾ ਸੂਬਾ ਹੈ। ਪੰਜਾਬ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲਾ ਸੂਬਾ ਹੈ। ਪੰਜਾਬ ਦੇ ਦਾ ਧੁਰਾ ਹੈ, ਧੁਰਾ ਠੀਕ ਰਹੇਗਾ ਤੇ ਦੇਸ਼ ਠੀਕ ਰਹੇਗਾ।

ਪੰਜਾਬ ’ਚ ਕੈਨੇਡਾ ਦੀ 50% ਇਮੀਗਰੇਸ਼ਨ ਘਟੀ – ਸੀਐਮ ਮਾਨ

ਇਸ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ 50 ਫ਼ੀਸਦੀ ਕੈਨੇਡਾ ਜਾਣ ਦੀ ਇਮੀਗ੍ਰੇਸ਼ਨ ਘਟੀ ਹੈ। ਬਲਕਿ ਟੈਕਨੀਕਲ ਤੇ ਸਕਿਲ ਡਵੈਲਪਮੈਂਟ ਕਾਲਜਾਂ ਵਿੱਚ ਦਾਖ਼ਲਿਆਂ ਦੀ ਗਿਣਤੀ ਵਧੀ ਹੈ। ਆਉਣ ਵਾਲੇ ਸਮੇਂ ਵਿੱਚ ਇਸ ਬਾਰੇ ਅੰਕੜੇ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਪੱਧਰ ‘ਤੇ ਵਿਕਾਸ ਕਾਰਜ ਰੋਕੇ ਨਹੀਂ ਜਾਣਗੇ।