ਬਿਊਰੋ ਰਿਪੋਰਟ (ਗੁਰਪ੍ਰੀਤ ਕੌਰ, 17 ਜਨਵਰੀ, 2026): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦਿੱਲੀ ਦੌਰੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅਹਿਮ ਮੁਲਾਕਾਤ ਕੀਤੀ। ਇਸ ਬੈਠਕ ਵਿੱਚ ਪੰਜਾਬ ਦੇ ਖੇਤੀਬਾੜੀ, ਪਾਣੀ, ਸਟੋਰੇਜ ਅਤੇ ਫੰਡਾਂ ਨਾਲ ਜੁੜੇ ਕਈ ਗੰਭੀਰ ਮੁੱਦਿਆਂ ‘ਤੇ ਚਰਚਾ ਹੋਈ। ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦਾ ਪੱਖ ਬੜੀ ਮਜ਼ਬੂਤੀ ਨਾਲ ਕੇਂਦਰ ਅੱਗੇ ਰੱਖਿਆ ਹੈ ਅਤੇ ਗ੍ਰਹਿ ਮੰਤਰੀ ਨੇ ਕਈ ਮੁੱਦਿਆਂ ‘ਤੇ ਹੱਲ ਦਾ ਭਰੋਸਾ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦੀਆਂ ਮੁੱਖ ਗੱਲਾਂ (Highlights):
- ਖੇਤੀਬਾੜੀ ਅਤੇ ਸੀਡ ਐਕਟ (Seed Act): CM ਮਾਨ ਨੇ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਕਿਸੇ ਵੀ ਫ਼ਸਲ ਦਾ ਕੇਂਦਰੀਕਰਨ ਪੰਜਾਬ ਨੂੰ ਪੁੱਛੇ ਬਿਨਾਂ ਨਹੀਂ ਹੋਣਾ ਚਾਹੀਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ‘ਸੀਡ ਐਕਟ’ ਵਰਗੇ ਕਾਨੂੰਨ ਪੰਜਾਬ ਦੀ ਸਹਿਮਤੀ ਤੋਂ ਬਿਨਾਂ ਪਾਰਲੀਮੈਂਟ ਵਿੱਚ ਨਹੀਂ ਆਉਣੇ ਚਾਹੀਦੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕੰਪਨੀ ਸਾਨੂੰ ਕਹੇਗੀ ਕਿ ਬੀਜ ਸਿਰਫ਼ ਸਾਡੇ ਕੋਲੋਂ ਹੀ ਲੈਣਾ ਹੈ, ਤਾਂ ਇਹ ਗਲਤ ਹੈ।
- SYL ਅਤੇ ਪਾਣੀ ਦਾ ਮੁੱਦਾ: ਮੁੱਖ ਮੰਤਰੀ ਨੇ ਕਿਹਾ ਕਿ ਐਸ.ਵਾਈ.ਐਲ ਦਾ ਮੁੱਦਾ ਅਦਾਲਤ ਵਿੱਚ ਹੈ, ਪਰ ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਸਾਫ਼ ਕਹਿ ਦਿੱਤਾ ਹੈ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮੁੱਦੇ ਨੂੰ ਬੈਠ ਕੇ ਹੱਲ ਕੀਤਾ ਜਾਵੇ।
- ਆੜ੍ਹਤੀਆਂ ਦੀ ਕਮਿਸ਼ਨ: CM ਨੇ ਆੜ੍ਹਤੀਆਂ ਦਾ ਪੱਖ ਲੈਂਦਿਆਂ ਕਿਹਾ ਕਿ ਉਹ ਸਿਰਫ਼ ਏਜੰਟ ਨਹੀਂ ਸਗੋਂ ਸਰਵਿਸ ਪ੍ਰੋਵਾਈਡਰ ਹਨ ਅਤੇ ਉਨ੍ਹਾਂ ਦੀ ਸੇਵਾ ਦਾ ਬਣਦਾ ਹਿੱਸਾ (ਕਮਿਸ਼ਨ) ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਉਨ੍ਹਾਂ ਗ੍ਰਹਿ ਮੰਤਰੀ ਨੂੰ ਆੜ੍ਹਤੀ ਐਸੋਸੀਏਸ਼ਨ ਨਾਲ ਮੀਟਿੰਗ ਕਰਨ ਦੀ ਸਲਾਹ ਦਿੱਤੀ।
- ਕਣਕ ਦੀ ਸਟੋਰੇਜ ਅਤੇ ਚੌਲਾਂ ਦੀ ਨਿਕਾਸੀ: ਪੰਜਾਬ ਦੇ ਗੋਦਾਮ ਚੌਲਾਂ ਨਾਲ ਭਰੇ ਹੋਏ ਹਨ। ਮੁੱਖ ਮੰਤਰੀ ਨੇ ਮੰਗ ਕੀਤੀ ਕਿ ਸਪੈਸ਼ਲ ਟ੍ਰੇਨਾਂ ਲਗਾ ਕੇ ਇਸ ਸਟਾਕ ਨੂੰ ਖਾਲੀ ਕੀਤਾ ਜਾਵੇ ਤਾਂ ਜੋ ਆਉਣ ਵਾਲੀ 125 ਲੱਖ ਮੀਟ੍ਰਿਕ ਟਨ ਕਣਕ ਦੀ ਫ਼ਸਲ ਨੂੰ ਸਹੀ ਢੰਗ ਨਾਲ ਸਟੋਰ ਕੀਤਾ ਜਾ ਸਕੇ।
- ਚੰਡੀਗੜ੍ਹ ਵਿੱਚ ਪੰਜਾਬ ਦਾ ਕੋਟਾ: CM ਮਾਨ ਨੇ ਚੰਡੀਗੜ੍ਹ ਵਿੱਚ 60% ਪੰਜਾਬ ਅਤੇ 40% ਹਰਿਆਣਾ ਦੇ ਅਫ਼ਸਰਾਂ ਦੇ ਕੋਟੇ ਨੂੰ ਬਰਕਰਾਰ ਰੱਖਣ ਦੀ ਮੰਗ ਕੀਤੀ। ਗ੍ਰਹਿ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਇਸ ਕੋਟੇ ਨੂੰ ਮੇਨਟੇਨ ਕੀਤਾ ਜਾਵੇਗਾ।
- FCI ਵਿੱਚ ਪੰਜਾਬੀ ਅਫ਼ਸਰ: ਮੁੱਖ ਮੰਤਰੀ ਨੇ ਇਤਰਾਜ਼ ਜਤਾਇਆ ਕਿ FCI ਦੇ ਜੀ.ਐਮ (GM) ਵਜੋਂ UT ਕਾਡਰ ਦਾ ਅਫ਼ਸਰ ਲਗਾਇਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇੱਥੇ ਪੰਜਾਬ ਦਾ ਅਫ਼ਸਰ ਹੋਣਾ ਚਾਹੀਦਾ ਹੈ ਜਿਸ ਨੂੰ ਪੰਜਾਬ ਦੇ ਸੱਭਿਆਚਾਰ ਦੀ ਸਮਝ ਹੋਵੇ। ਗ੍ਰਹਿ ਮੰਤਰੀ ਨੇ ਅਫ਼ਸਰਾਂ ਦਾ ਪੈਨਲ ਮੰਗਿਆ ਹੈ।
- RDF ਫੰਡ (8500 ਕਰੋੜ ਰੁਪਏ): ਕੇਂਦਰ ਵੱਲ ਪੰਜਾਬ ਦਾ 8500 ਕਰੋੜ ਰੁਪਏ ਦਾ ਰੂਰਲ ਡਿਵੈਲਪਮੈਂਟ ਫੰਡ (RDF) ਬਕਾਇਆ ਹੈ। CM ਨੇ ਕਿਹਾ ਕਿ ਮੰਡੀਆਂ ਦੀਆਂ ਸੜਕਾਂ ਬਣਾਉਣ ਲਈ ਇਹ ਪੈਸਾ ਜ਼ਰੂਰੀ ਹੈ। ਅਮਿਤ ਸ਼ਾਹ ਨੇ ਭਰੋਸਾ ਦਿੱਤਾ ਹੈ ਕਿ ਉਹ ਵਿਭਾਗ ਨਾਲ ਮੀਟਿੰਗ ਕਰਕੇ ਜਲਦੀ ਹੀ ਪਹਿਲੀ ਕਿਸ਼ਤ ਜਾਰੀ ਕਰਨ ਬਾਰੇ ਗੱਲ ਕਰਨਗੇ।

