ਬਿਉਰੋ ਰਿਪੋਰਟ: ਜਲੰਧਰ ਵੈਸਟ ਵਿੱਚ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਨੇ ਆਪਣੇ ਉਮੀਦਵਾਰ ਮੋਹਿੰਦਰ ਭਗਤ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਰੋਡ ਸ਼ੋਅ ਕੱਢਿਆ। ਇਸ ਦੌਰਾਨ ਉਨ੍ਹਾਂ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਆਪਣੇ ਸਾਬਕਾ ਵਿਧਾਇਤ ਸ਼ੀਤਲ ਅੰਗੁਰਾਲ ਨੂੰ ਖੂਬ ਘੇਰਿਆ। ਉਨ੍ਹਾਂ ਸ਼ੀਤਲ ਨੂੰ ਚੈਲੰਜ ਵੀ ਕੀਤਾ ਕਿ ਜੋ 5 ਤਰੀਕ ਨੂੰ ਕਰਨਾ ਹੈ ਉਹ ਕੱਲ੍ਹ ਕਰਨ, ਬਲਕਿ ਅੱਜ ਸ਼ਾਮ ਨੂੰ ਹੀ ਕਰਨ। ਉਨ੍ਹਾਂ ਕਿਹਾ ਕਿ ਸ਼ੀਤਲ ਨੇ ਜੋ ਇਲਜ਼ਾਮ ਲਾਉਣੇ ਹਨ ਲਾ ਲੈਣ, ਤੇ ਸਬੂਤ ਵੀ ਦਿਖਾ ਲੈ, ਉਹ ਡਰਦੇ ਨਹੀਂ।
ਸੀਐਮ ਮਾਨ ਨੇ ਸ਼ੀਤਲ ਅੰਗੁਰਾਲ ’ਤੇ ਤੰਜ ਕੱਸਦਿਆਂ ਦੱਸਿਆ ਕਿ ਜਦੋਂ ਅਸੀਂ ਸੁਸ਼ੀਲ ਕੁਮਾਰ ਰਿੰਕੂ ਨੂੰ ਐਮਪੀ ਟਿਕਟ ਦੇਣ ਲੱਗੇ ਤਾਂ ਸ਼ੀਤਲ ਨੇ ਜ਼ਹਿਰ ਦੀ ਗੋਲੀ ਖਾਣ ਦੀ ਧਮਕੀ ਦਿੱਤੀ, ਤਾਂ ਅਸੀਂ ਕਿਹਾ ਖਾ ਲਉ। ਪਹਿਲਾਂ ਸ਼ੀਤਲ ਦੀ ਰਿੰਕੂ ਨਾਲ ਬਣਦੀ ਨਹੀਂ ਸੀ, ਪਰ ਹੁਣ ਦੋਵੇਂ ਇੱਕੋ ਮੋਟਰਸਾਈਕਲ ‘ਤੇ ਬੈਠ ਕੇ ਘੁੰਮਦੇ ਹਨ।
ਸ਼ੀਤਲ ਅੰਗੁਰਾਲ ਤੇ ਤੰਜ ਕੱਸਦਿਆਂ ਕਿਹਾ ਕਿ ਕੋਈ ਕਿਸੇ ਦਾ ਦਿਲ ਕਿਵੇਂ ਪਰਖੇ, ਕਿਸੇ ਬੰਦੇ ਦੇ ਮਨ ਅੰਦਰ ਲਾਲਚ ਜਾਗ ਗਿਆ ਤੇ ਉਹ ਇੱਧਰ-ਉੱਧਰ ਚਲਾ ਗਿਆ। ਜੇ ਉਹ ਬੰਦਾ ਇਮਾਨਦਾਰ ਹੁੰਦਾ ਤਾਂ ਇਹ ਵੋਟਾਂ ਦੁਬਾਰਾ ਪਾਉਣ ਦੀ ਕੀ ਲੋੜ ਸੀ। ਉਨ੍ਹਾਂ ਕਿਹਾ ਕਿ ਸ਼ੀਤਲ ਇੱਧਰ ਵੀ ਵਿਧਾਇਕ ਸੀ, ਜੋ ਉਨ੍ਹਾਂ ਨੇ ਅਹੁਦਾ ਛੱਡ ਦਿੱਤਾ, ਪਰ ਉੱਧਰ ਬੀਜੇਪੀ ਵੱਲ ਵੀ ਵਿਧਾਇਕੀ ਲਈ ਹੀ ਖੜੇ ਹਨ, ਫਿਰ ਫ਼ਰਕ ਕੀ ਹੈ? ਉਨ੍ਹਾਂ ਕਿਹਾ ਕਿ ਫ਼ਰਕ ਇਹ ਹੈ ਕਿ ਇੱਧਰ ਪੈਸੇ ਨਹੀਂ ਬਣ ਰਹੇ ਸੀ ਤੇ ਉਹ ਉੱਧਰ ਪੈਸੇ ਬਣਾਉਣ ਗਏ ਹਨ।
ਸੀਐਮ ਮਾਨ ਨੇ ਇਹਵੀ ਕਿਹਾ ਕਿ ਉਨ੍ਹਾਂ ਨੂੰ ਸ਼ੀਤਲ ਅੰਗੁਰਾਲ ਦੀਆਂ ਬਹੁਤ ਸ਼ਿਕਾਇਤਾਂ ਮਿਲਦੀਆਂ ਸਨ, ਜਿਸ ਕਰਕੇ ਉਨ੍ਹਾਂ ਸ਼ੀਤਲ ਨੂੰ ਚੇਤਾਵਨੀ ਨੀ ਦਿੱਤੀ, ਪਰ ਸ਼ੀਤਲ ਨੇ ਅੱਗੋਂ ਸੀਐਮ ਮਾਨ ਨੂੰ ਕਿਹਾ ਕਿ ਉਨ੍ਹਾਂ ਨੂੰ ਰਾਜਨੀਤੀ ਦਾ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵੋਟਾਂ ਵਿੱਚ ਹਾਰਨ ਦਾ ਡਰ ਨਹੀਂ, ਨਹੀਂ ਤਾਂ ਅਸੀਂ ਸ਼ੀਤਲ ਦਾ ਅਸਤੀਫ਼ਾ ਕਿਉਂ ਪ੍ਰਵਾਨ ਕਰਦੇ?
ਉਨ੍ਹਾਂ ਅੱਗੇ ਫਿਰ ਸ਼ੀਤਲ ਬਾਰੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਅਸਤੀਫ਼ਾ ਦੇਣ ਤੋਂ ਬਾਅਦ ਵੀ ਪਲ਼ਟ ਗਏ ਕਿ ਹੁਣ ਮੇਰਾ ਮਨ ਬਦਲ ਗਿਆ ਹੈ ਤੇ ਹੁਣ ਮੈਂ ਸੇਵਾ ਕਰੂੰਗਾ। ਇਸ ’ਤੇ ਉਨ੍ਹਾਂ ਕਿਹਾ ਕਿ ਹੁਣ ਮਨ ਨਹੀਂ, ਬਲਕਿ ਮਾਨ ਬਦਲ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਜੋ ਦੁਬਾਰਾ ਵੋਟਾਂ ਹੋ ਰਹੀਆਂ ਹਨ ਤਾਂ ਇਸ ਦਾ ਪੂਰਾ ਖ਼ਰਚਾ ਸ਼ੀਤਲ ਕੋਲੋਂ ਵਸੂਲਣਾ ਚਾਹੀਦਾ ਹੈ।
ਰੋਡ ਸ਼ੋਅ ਦੌਰਾਨ ਉਨ੍ਹਾਂ ਜਲੰਧਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਲ ਬਦਲੂਆਂ ਨੂੰ ਐਸਾ ਸਬਕ ਸਿਖਾਉਣ ਕਿ ਦੁਬਾਰਾ ਪੰਜਾਬ ਵਿੱਚ ਕੋਈ ਅਸਤੀਫ਼ਾ ਦੇਣ ਦੀ ਹਿਮਾਕਤ ਨਾ ਕਰੇ। ਲੋਕਤੰਤਰ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਖੂੰਝੇ ਲਾਓ। ਇਨ੍ਹਾਂ ਦੀ ਜ਼ਮਾਨਤ ਜ਼ਬਤ ਕਰਵਾਓ।
ਸੀਐਮ ਮਾਨ ਨੇ ਖ਼ੁਦ ਵੀ ਦਾਅਵਾ ਕੀਤਾ ਕਿ ਸ਼ੀਤਲ ਦੀ ਜ਼ਮਾਨਤ ਜ਼ਬਤ ਹੋ ਜਾਏਗੀ। ਉਨ੍ਹਾਂ ਇਸ ਦਾ ਵੀ ਜ਼ਿਕਰ ਕੀਤਾ ਕਿ ਇੱਕ ਐਸਾ ਕਾਨੂੰਨ ਲਿਆਈਏ ਕਿ ਜੋ ਬੰਦਾ ਇੱਕ ਵਾਰ ਪਾਰਟੀ ਨੂੰ ਧੋਖਾ ਦੇਵੇ ਉਹ ਦੁਬਾਰਾ ਵੋਟਾਂ ਵਿੱਚ ਖੜਾ ਨਾ ਹੋ ਸਕੇ।