ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਅੱਜ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ, ਡਾਇਰੈਕਟਰਾਂ ਤੇ ਪੰਜਾਬ ਦੀਆਂ ਸੰਸਥਾਵਾਂ ਦੀ ਕਾਨਫਰੰਸ ਹੋਈ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸ਼ਿਰਕਤ ਕੀਤੀ। ਕਾਨਫਰੰਸ ਦੇ ਦੌਰਾਨ ਸੂਬੇ ਅੰਦਰ ਸਿੱਖਿਆ ਦੇ ਪ੍ਰਚਾਰ ਅਤੇ ਪ੍ਰਸਾਰ, ਨਵੀਆਂ ਤਕਨੀਕਾਂ ਅਤੇ ਭਵਿੱਖ ਸਬੰਧੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ। ਇਸ ਮੌਕੇ ਸੀਐਮ ਮਾਨ ਨੇ ਯੂਨੀਵਰਸਿਟੀਆਂ ਦੇ ਮੁਖੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹਨ। ਉਨ੍ਹਾਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਵੀ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਰਾਜਪਾਲ ਨਾਲ ਮਿਲ ਕੇ ਕੰਮ ਕਰੇਗੀ। ਇਸ ਸਮਾਗਮ ਦੀ ਖ਼ਾਸ ਗੱਲ ਰਹੀ ਕਿ ਮੁੱਖ ਮੰਤਰੀ ਨੇ ਸਾਰਾ ਭਾਸ਼ਣ ਹਿੰਦੀ ਵਿੱਚ ਦਿੱਤਾ।
ਜਿਸ ਦਿਨ ਰਾਜਪਾਲ ਸਾਬ੍ਹ ਨੇ ਆਹੁਦਾ ਸਾਂਭਿਆ ਸੀ ਤਾਂ ਅਸੀਂ ਇਹੀ ਕਿਹਾ ਸੀ ਕਿ ਪੰਜਾਬ ਸਰਕਾਰ ਅਤੇ ਰਾਜਪਾਲ ਮਿਲ਼ ਕੇ ਪੰਜਾਬ ਦੀ ਬੇਹਤਰੀ ਲਈ ਕੰਮ ਕਰਾਂਗੇ… ਰਾਜਪਾਲ ਸੂਬੇ ਅਤੇ ਕੇਂਦਰ ਵਿਚਾਲ਼ੇ ਇੱਕ ਪੁਲ਼ ਦਾ ਕੰਮ ਕਰਦੇ ਨੇ… pic.twitter.com/EOlL0aGsE3
— Bhagwant Mann (@BhagwantMann) October 11, 2024
ਮੁੱਖ ਮੰਤਰੀ ਨੇ ਯੂਨੀਵਰਸਿਟੀਆਂ ਦੇ ਮੁਖੀਆਂ ਅੱਗੇ ਪੰਜਾਬ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਬਿਓਰਾ ਦਿੱਤਾ। ਉਨ੍ਹਾਂ ਨੂੰ ਸਕੂਲ ਆਫ ਐਮੀਨੈਂਸ, ਸਰਕਾਰੀ ਸਕੂਲਾਂ ਵਿੱਚ ਪਹਿਲੀ ਵਾਰ ਅਧਿਆਪਕ-ਮਾਪੇ ਮਿਲਣੀਆਂ, ਸਰਕਾਰ ਨੂੰ PAU ਵੱਲੋਂ ਦਿੱਤੀ ਜਾਣ ਵਾਲੀ ਕਰੋੜਾਂ ਦੀ ਗਰਾਂਟ, ਪੰਜਾਬ ਦੇ 43 ਸਰਕਾਰੀ ਕਾਲਜਾਂ ਨੂੰ NAAC ਐਕਰੀਡੇਸ਼ਨ ਨਾਲ ਜੋੜਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਵਿੱਦਿਆ ਕਰਜ਼ੇ ਵਿੱਚ ਰਹੇ ਇਸ ਲਈ ਅਸੀਂ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੀ ਮਦਦ ਲਈ ਤਿਆਰ ਹਾਂ।
ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਉਨ੍ਹਾਂ ਦੇ ਨੰਬਰਾਂ ਨਾਲ ਨਹੀਂ, ਬਲਕਿ ਉਨ੍ਹਾਂ ਦੀ ਯੋਗਤਾ ਨਾਲ ਜੱਜ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਬੱਚਿਆਂ ਨੂੰ ਮੌਕੇ ਦੇਣੇ ਬੇਹੱਦ ਜ਼ਰੂਰੀ ਹਨ। ਪੰਜਾਬੀਆਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪੰਜਾਬੀਆਂ ਦਾ ਕੋਈ ਸਾਨੀ ਨਹੀਂ ਹੈ। ਪੰਜਾਬੀ ਜਿੱਥੇ ਜਾਂਦੇ ਹਨ ਉੱਥੇ ਹੀ ਕਾਮਯਾਬੀ ਦੇ ਝੰਡੇ ਗੱਡ ਦਿੰਦੇ ਹਨ। ਪਰ ਇਸ ਵੇਲੇ ਸਾਨੂੰ ਪੰਜਾਬ ਤੋਂ ਯੂਥ ਦੇ ਹੋ ਰਹੇ ਪਲਾਇਨ ਬਾਰੇ ਸੋਚਣਾ ਪਵੇਗਾ। ਰਿਵਰਸ ਮਾਈਗਰੇਸ਼ਨ ਵੱਲ ਧਿਆਨ ਦੇਣਾ ਪਵੇਗਾ। ਪੰਜਾਬ ਦਾ ਹੁਨਰ ਬਾਹਰ ਜਾਂਦਾਂ ਹੈ, ਪੈਸਾ ਵੀ ਜਾਂਦਾ ਹੈ, ਫਿਰ ਪਰਿਵਾਰ ਜਾਂਦਾ ਹੈ ਤੇ ਪੰਜਾਬ ਵਿੱਚ ਘਰਾਂ ਦੇ ਘਰ ਖ਼ਾਲੀ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਪਰਦੇਸ ਜਾਣਾ ਹੈ ਤਾਂ ਤਰੱਕੀ ਲਈ ਜਾਓ, ਪਰ ਜੇ ਲੋਕ ਮਜਬੂਰੀ ਵਿੱਚ ਬਾਹਰ ਜਾ ਰਹੇ ਹਨ ਤਾਂ ਇਹ ਸਿਸਟਮ ਦਾ ਕਸੂਰ ਹੈ, ਸਾਨੂੰ ਆਪਣੀ ਜ਼ਿੰਮੇਵਾਰੀ ਲੈਣੀ ਪਵੇਗੀ। ਉਨ੍ਹਾਂ IIT ਦੀ ਮਿਸਾਲ ਦਿੰਦਿਆਂ ਕਿਹਾ ਕਿ ਸਾਨੂੰ ਬੇਰੁਜ਼ਗਾਰਾਂ ਦੀਆਂ ਫੈਕਟਰੀਆਂ ਨਾ ਬਣ ਕੇ ਸਕਿਲ ਡਵੈਲਪਮੈਂਟ ਵੱਲ ਧਿਾਨ ਦੇਣਾ ਪਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਟੇਲੈਂਟ ਹੈ, ਪਰ ਉਨ੍ਹਾਂ ਨੂੰ ਇੱਕ ਮੌਕਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਧਰਤੀ ‘ਤੇ ਸਭ ਤੋਂ ਜਵਾਨ ਦੇਸ਼ ਹੈ ਅਤੇ ਪੰਜਾਬ ਦਾ ਯੂਥ ਵੀ ਬਹੁਤ ਹੋਣਹਾਰ ਹੈ। ਉਨ੍ਹਾਂ ਯੂਨੀਵਰਸਿਟੀਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਸਹੀ ਰਾਸਤਾ ਦਿਖਾਉਣ ਵਿੱਚ ਮਦਦ ਕੀਤੀ ਜਾਵੇ। ਸਾਡੇ ਬੱਚੇ ਬਹੁਤ ਲਾਇਕ ਹਨ, ਬੱਸ ਉਨ੍ਹਾਂ ਨੂੰ ਤਰਾਸ਼ਣ ਦੀ ਲੋੜ ਹੈ ਤੇ ਇਹ ਕੰਮ ਯੂਨੀਵਰਸਿਟੀਆਂ ਨੇ ਕਰਨਾ ਹੈ।
ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹਾਂ… ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ, ਡਾਇਰੈਕਟਰਾਂ ਤੇ ਪੰਜਾਬ ਦੀਆਂ ਸੰਸਥਾਵਾਂ ਦੀ ਕਾਨਫਰੰਸ ਮੌਕੇ ਪੰਜਾਬ ਰਾਜ ਭਵਨ, ਚੰਡੀਗੜ੍ਹ ਤੋਂ Live… https://t.co/hybMzCRI6K
— Bhagwant Mann (@BhagwantMann) October 11, 2024