Punjab

CM ਭਗਵੰਤ ਮਾਨ ਨੂੰ ਖਾਣ ਲੱਗਾ ਘੱਟ ਵੋਟਿੰਗ ਦਾ ਝੋਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) >:- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਮਾਨ ਨੇ ਝੋਨੇ ਦੇ ਸੀਜ਼ਨ ਦਾ ਹਵਾਲਾ ਦਿੰਦਿਆਂ ਵੋਟਾਂ ਪਾਉਣ ਦਾ ਸਮਾਂ ਸ਼ਾਮ ਛੇ ਵਜੇ ਤੋਂ ਵਧਾ ਕੇ ਸੱਤ ਵਜੇ ਤੱਕ ਕਰਨ ਦੀ ਅਪੀਲ ਕੀਤੀ ਹੈ। ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਝੋਨੇ ਦੇ ਸੀਜਨ ਦਾ ਸਮਾਂ ਹੈ। ਬਹੁਤ ਲੋਕ ਦਿਹਾੜੀ ਜਾਂ ਹੋਰ ਕੰਮ ਉੱਤੇ ਗਏ ਹੋਏ ਹਨ। ਇਸ ਕਰਕੇ ਵੋਟਾਂ ਪਾਉਣ ਦਾ ਸਮਾਂ ਵਧਾਇਆ ਜਾਵੇ ਤਾਂ ਜੋ ਕੰਮ ਉੱਤੇ ਗਏ ਲੋਕ ਵੀ ਬਾਬਾ ਭੀਮ ਰਾਓ ਅੰਬੇਦਕਰ ਦੁਆਰਾ ਰਚਿਤ ਸਵਿੰਧਾਨ ਅਨੁਸਾਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ।

ਦਰਅਸਲ, ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਰੁਝਾਨ ਹਾਲੇ ਤੱਕ ਮੱਠਾ ਹੈ। ਵੋਟਿੰਗ ਦਾ ਕੰਮ ਅੱਜ ਸਵੇਰੇ 8 ਵਜੇ ਸ਼ੁਰੂ ਹੋਇਆ ਸੀ ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਸੰਗਰੂਰ ਚੋਣ ‘ਚ ਇਸ ਵਾਰ ਪੰਜਕੋਣੀ ਟੱਕਰ ਹੈ। ਚੋਣ ਮੈਦਾਨ ਵਿੱਚ ਕੁੱਲ 18 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਜਦਕਿ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਘਰਾਚੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ, ਭਾਜਪਾ ਦੇ ਕੇਵਲ ਸਿੰਘ ਢਿੱਲੋਂ, ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬੀਬੀ ਕਮਲਦੀਪ ਕੌਰ ਦਰਮਿਆਨ ਹੈ। ਅੱਜ 15 ਲੱਖ 69 ਹਜ਼ਾਰ ਤੋਂ ਵੱਧ ਵੋਟਰ ਆਪਣੇ ਮੌਲਿਕ ਅਧਿਕਾਰ ਦੀ ਵਰਤੋਂ ਕਰਨਗੇ। 26 ਜੂਨ ਨੂੰ ਨਤੀਜਿਆਂ ਦਾ ਐਲਾਨ ਹੋਵੇਗਾ। ਵੋਟਰਾਂ ਲਈ 1 ਹਜ਼ਾਰ 766 ਪੋਲਿੰਗ ਬੂਥ ਬਣਾਏ ਗਏ ਹਨ।