ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕ ਸਭਾ ਚੋਣਾਂ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਨਾਲ ਮੀਟਿੰਗ ਕੀਤੀ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੁਲਿਸ ਪ੍ਰਸਾਸ਼ਨ ਵਿੱਚ ਵੱਡਾ ਸੁਧਾਰ ਲਿਆਂਦਾ ਹੈ। ਕਿਉਂ ਕਿ ਪਹਿਲਾਂ ਪੁਲਿਸ ਦੇ ਕਈ ਮੁਲਾਜ਼ਮ ਕਈ-ਕਈ ਸਾਲਾਂ ਤੋਂ ਇਕੋੋ ਹੀ ਪੁਲਿਸ ਥਾਣੇ ਵਿੱਚ ਤਾਇਨਾਤ ਸਨ। ਇਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਮਾੜੇ ਅਨਸਰਾਂ ਨਾਲ ਗੰਢਤੁੱਪ ਸੀ। ਲੋਕਾਂ ਵੱਲੋਂ ਫੜਾਏ ਤਸਕਰ ਜਲਦੀ ਛੁੱਟ ਜਾਂਦੇ ਸਨ।
ਡੀਜੀਪੀ ਨੂੰ ਬਦਲੀਆਂ ਦੇ ਦਿੱਤੇ ਨਿਰਦੇਸ਼
ਮੁੱਖ ਮੰਤਰੀ ਨੇ ਕਿਹਾ ਕਿ ਇਸ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਨੇ ਡੀਜੀਪੀ ਨੂੰ ਨਿਰਦੇਸ਼ ਦਿੱਤੇ ਕਿ ਪੁਲਿਸ ਪ੍ਰਸਾਸ਼ਨ ਵਿੱਚ ਹੇਠਲੇ ਪੱਧਰ ਤੋਂ ਬਦਲੀਆਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਉਨ੍ਹਾਂ ਡੀਜੀਪੀ ਨੂੰ ਸਾਫ ਕਿਹਾ ਸੀ ਕਿ ਬਦਲੀਆਂ ਡਵੀਜ਼ਨ ਕਰਾਸ ਕਰਕੇ ਕੀਤੀਆਂ ਜਾਣ।
10 ਹਜ਼ਾਰ ਤੋਂ ਵੱਧ ਕੀਤੀਆਂ ਬਦਲੀਆਂ
ਇਸ ਮੌਕੇ ਡੀਜੀਪੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਹੁਕਮਾਂ ‘ਤੇ 10 ਹਜ਼ਾਰ ਤੋਂ ਵੱਧ ਬਦਲੀਆਂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਟਰਾਸਫਰ ਪਾਲਸੀ ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਰੂਲਾਂ ਦੀ ਰੋਟੇਸ਼ਨ ਪਾਲਸੀ ਰਾਹੀਂ ਵੱਡੇ ਪੱਧਰ ਤੇ (Massive administration reshuffle ) ਦੇ ਤਹਿਤ ਕਟਿੰਗ ਐਜ (cutting edge) ਦੇ ਮੁਲਾਜ਼ਮਾਂ ਨੂੰ ਵੱਖ-ਵੱਖ ਥਾਵਾਂ ਉੱਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਇਹ ਬਦਲੀਆਂ ਪਿਛਲੇ ਤਿੰਨ ਦਿਨਾਂ ਤੋਂ ਕੀਤੀ ਜਾ ਰਹੀਆਂ ਹਨ ਜੋ ਅਜੇ ਵੀ ਜਾਰੀ ਹਨ।
ਨਸ਼ੇ ਵਿੱਚ ਸ਼ਾਮਲ ਮੁਲਾਜ਼ਮ ਤੇ ਤਸਕਰ ਦੀ ਜਾਇਦਾਦ ਜਬਤ ਹੋਵੇਗੀ
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਪੁਲਿਸ ਮੁਲਾਜ਼ਮ ਨਸ਼ੇ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਉਤੇ ਸਖਤ ਕਾਰਵਾਈ ਕਰਦਿਆਂ ਉਸ ਨੂੰ ਸਿੱਧਾ ਡਿਸਮਿਸ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਜੇਕਰ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਦੀ ਇਕ ਹਫਤੇ ਦੇ ਵਿੱਚ -ਵਿੱਚ ਸਾਰੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ। ਜੇਕਰ ਨਸ਼ੇ ਸਬੰਧੀ ਕਨੂੰਨ ਬਦਲਣਾ ਵੀ ਪਿਆ ਤਾਂ ਇਸ ਨੂੰ ਕੈਬਨਿਟ ਵਿੱਚ ਲਿਆ ਕੇ ਬਦਲਣ ਤੋਂ ਵੀ ਗੁਰੇਜ ਨਹੀਂ ਕੀਤਾ ਜਾਵੇਗਾ।
ਪੁਲਿਸ ਨਫਰੀ ਨੂੰ ਵਧਾਇਆ ਜਾਵੇਗਾ
ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਪੰਜਾਬ ਪੁਲਿਸ ਦੀ ਨਫਰੀ ਨੂੰ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 2001-2 ਵਿੱਚ ਵੀ ਪੁਲਿਸ ਦੀ ਨਫਰੀ ਵੀ 80 ਹਜ਼ਾਰ ਦੇ ਕਰੀਬ ਸੀ, ਜੋ ਹੁਣ ਵੀ 80ਹਜ਼ਾਰ ਦੇ ਨੇੜੇ ਤੇੜੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਨਫਰੀ ਵਧਾਉਣ ਨੂੰ ਲੈ ਕਿ ਸਿਫਾਰਿਸ ਕੀਤੀ ਗਈ ਹੈ, ਜਿਸ ਨੂੰ ਦੇਖਦਿਆਂ ਹੋਇਆਂ 10 ਹਜ਼ਾਰ ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ।
ਐਸਐਸਐਫ ਦੀ ਕੀਤੀ ਤਾਰੀਫ
ਮੁੱਖ ਮੰਤਰੀ ਨੇ ਕਿਹਾ ਪੂਰੇ ਦੇਸ਼ ਵਿੱਚੋਂ ਸਭ ਤੋਂ ਵਧੀਆਂ ਗੱਡੀਆਂ ਪੰਜਾਬ ਪੁਲਿਸ ਕੋਲ ਹਨ। ਫਿਲੌਰ ਵਿਖੇ ਪੰਜਾਬ ਸਰਕਾਰ ਵੱਲੋਂ 315 SHO,s ਨੂੰ ਐਸਐਸਐਫ ਗੱਡੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਐਸਐਸਐਫ ਗੱਡੀਆਂ ਰਾਹੀਂ 2 ਹਜ਼ਾਰ ਲੋਕਾਂ ਦੀ ਜਾਨ ਬਚਾਈ ਜਾ ਚੁੱਕੀ ਹੈ। ਇਨ੍ਹਾਂ ਗੱਡੀਆਂ ਦੀਆਂ ਧੁੰਮਾਂ ਦੂਜੇ ਰਾਜਾਂ ਵਿੱਚ ਪੈ ਰਹੀਆਂ ਹਨ। 1 ਫਰਵਰੀ ਤੋਂ 30 ਜੂਨ ਦੇ ਵਿੱਚ-ਵਿੱਚ 2 ਹਜ਼ਾਰ ਲੋਕਾਂ ਦੀ ਜਾਨ ਬਚਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨਸ਼ੇ ਨੂੰ ਖਤਮ ਕਰਨ ਲਈ ਇਕ ਮਿਸ਼ਨ ਬਣਾ ਕੇ ਕੰਮ ਕਰੇ। ਨਸ਼ੇ ਦੀ ਅੱਗ ਕਿਸੇ ਘਰੇ ਵੀ ਦਾਖਲ ਹੋ ਸਕਦੀ ਹੈ, ਇਸ ਨੂੰ ਸਖਤੀ ਨਾਲ ਲਿਆ ਜਾਵੇ।
ਇਹ ਵੀ ਪੜ੍ਹੋ – ਲੁਧਿਆਣਾ ‘ਚ ਵਾਪਰਿਆ ਸੜਕੀ ਹਾਦਸਾ, ਕਈ ਹਸਪਤਾਲ ਦਾਖ਼ਲ