India

ਹਿਮਾਚਲ ’ਚ ਫਟਿਆ ਬੱਦਲ! 45 ਲੋਕ ਰੁੜ੍ਹੇ, 13 ਦੀ ਮੌਤ; ਅੱਜ 19 ਸੂਬਿਆਂ ’ਚ ਭਾਰੀ ਮੀਂਹ ਦਾ ਅਲਰਟ

ਬਿਉਰੋ ਰਿਪੋਰਟ: ਹਿਮਾਚਲ ਪ੍ਰਦੇਸ਼ ਦੇ ਸਮੇਜ-ਬਾਗੀ ਪੁਲ ਨੇੜੇ ਬੁੱਧਵਾਰ (7 ਅਗਸਤ) ਰਾਤ ਨੂੰ ਬੱਦਲ ਫਟਣ ਕਾਰਨ 45 ਲੋਕ ਰੁੜ੍ਹ ਗਏ। NDRF ਨੇ ਦੱਸਿਆ ਕਿ ਵੀਰਵਾਰ (8 ਅਗਸਤ) ਸਵੇਰ ਤੱਕ 13 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇੱਕ ਵਿਅਕਤੀ ਅਜੇ ਵੀ ਲਾਪਤਾ ਹੈ। ਬਚਾਅ ਕਾਰਜ ਜਾਰੀ ਹੈ।

ਇਸ ਦੇ ਨਾਲ ਹੀ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ’ਤੇ ਮੰਡੀ ਦੇ 9ਵੇਂ ਮੀਲ ਨੇੜੇ ਤੜਕੇ 3 ਵਜੇ ਜ਼ਮੀਨ ਖਿਸਕਣ (Landslide) ਦੀ ਘਟਨਾ ਵਾਪਰੀ। ਇੱਕ ਟਰੱਕ ਅਤੇ ਇੱਕ ਪਿਕਅੱਪ ਮਲਬੇ ਵਿੱਚ ਫਸ ਗਏ। ਦੋਵਾਂ ਵਾਹਨਾਂ ਦੇ ਚਾਲਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਹੋਈ ਭਾਰੀ ਬਾਰਿਸ਼ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ਸਮੇਤ 214 ਸੜਕਾਂ ਬੰਦ ਹਨ।

1 ਅਗਸਤ ਦੀ ਰਾਤ ਨੂੰ ਵੀ ਹਿਮਾਚਲ ਦੇ ਸਮੇਜ ਵਿੱਚ ਬੱਦਲ ਫਟਿਆ ਸੀ। ਇਸ ਵਿੱਚ 36 ਲੋਕ ਲਾਪਤਾ ਹੋ ਗਏ ਸਨ। ਸੁੰਨੀ ਡੈਮ ਤੋਂ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। 33 ਲੋਕ ਅਜੇ ਵੀ ਲਾਪਤਾ ਹਨ।

19 ਰਾਜਾਂ ਵਿੱਚ ਭਾਰੀ ਮੀਂਹ ਦਾ ਯੈਲੋ ਅਲਰਟ

ਮੌਸਮ ਵਿਭਾਗ (IMD) ਨੇ ਵੀਰਵਾਰ (8 ਅਗਸਤ) ਨੂੰ 19 ਰਾਜਾਂ ਵਿੱਚ ਭਾਰੀ ਮੀਂਹ ਪੈਣ ਦੀ ਗੱਲ ਕਹੀ ਹੈ। ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਮਹਾਰਾਸ਼ਟਰ, ਉੜੀਸਾ, ਗੋਆ, ਕਰਨਾਟਕ, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਮਿਜ਼ੋਰਮ ਅਤੇ ਨਾਗਾਲੈਂਡ ਵਿੱਚ ਯੈਲੋ ਅਲਰਟ ਹੈ।

ਬਿਹਾਰ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ 8 ਲੋਕਾਂ ਦੀ ਮੌਤ

ਉੱਧਰ ਬਿਹਾਰ ’ਚ ਗੰਗਾ, ਗੰਡਕ, ਬਾਗਮਤੀ ਅਤੇ ਕੋਸੀ ਨਦੀਆਂ ਲਾਲ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਅਰਾਹ ’ਚ ਗੰਗਾ ਦਾ ਪਾਣੀ ਸੜਕ ’ਤੇ ਆ ਗਿਆ ਹੈ। ਸੂਬੇ ’ਚ ਬੁੱਧਵਾਰ (7 ਅਗਸਤ) ਨੂੰ ਮੀਂਹ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ – ਪੰਜਾਬ ਸਰਕਾਰ ਦਿੱਲੀ ਏਅਰਪੋਰਟ ‘ਤੇ ਖੋਲ੍ਹੇਗੀ ਸੈਂਟਰ, ਪੰਜਾਬੀ ਤੇ NRI ਲੋਕਾਂ ਨੂੰ ਮਿਲੇਗੀ ਮਦਦ