ਬਿਉਰੋ ਰਿਪੋਰਟ – ਹਰਦੀਪ ਸਿੰਘ ਨਿੱਝਰ ਦੇ ਕਰੀਬੀ ਸਾਥੀ ’ਤੇ ਜਾਨਲੇਵਾ ਹਮਲਾ ਹੋਇਆ ਹੈ। ਜਾਣਕਾਰੀ ਮੁਤਾਬਕ ਸਿੱਖ ਫਾਰ ਜਸਟਿਸ ਦੇ ਸਤਿੰਦਰਪਾਲ ਸਿੰਘ ਰਾਜੂ ਨੂੰ ਸੈਨ ਫ੍ਰਾਂਸਿਸਕੋ ਵਿੱਚ ਨਿਸ਼ਾਨਾ ਬਣਾਇਆ ਗਿਆ ਹੈ। ਉਹ ਹਮਲੇ ਵਿੱਚ ਵਾਲ-ਵਾਲ ਬਚ ਗਏ ਹਨ। ਹਮਲਾ 11 ਅਗਸਤ ਦਾ ਦੱਸਿਆ ਜਾ ਰਿਹਾ ਹੈ ਪਰ ਖ਼ਬਰ ਹੁਣ ਸਾਹਮਣੇ ਆਈ ਹੈ।
ਦੱਸਿਆ ਜਾ ਰਿਹਾ ਹੈ ਕਿ ਸਤਿੰਦਰਪਾਲ ਸਿੰਘ ਰਾਜੂ ਟਰੱਕ ਵਿੱਚ ਜਾ ਰਿਹਾ ਸੀ, ਉਸ ਵੇਲੇ ਹਮਲਾਵਰਾਂ ਨੇ ਉਸ ’ਤੇ ਗੋਲ਼ੀਆਂ ਚਲਾ ਦਿੱਤੀਆਂ। ਹੁਣ ਤੱਕ ਅਮਰੀਕੀ ਪੁਲਿਸ ਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਨਹੀਂ ਕੀਤੀ ਹੈ। ਸਤਿੰਦਰਪਾਲ ਸਿੰਘ ਰਾਜੂ ਸਿੱਖ ਫਾਰ ਜਸਟਿਸ ਦੇ ਮੈਂਬਰ ਹਨ, SFJ ’ਤੇ ਭਾਰਤ ਸਰਕਾਰ ਨੇ ਅਤਿਵਾਦ ਵਿਰੋਧੀ ਕਾਨੂੰਨ (UAPA) ਤਹਿਤ ਪਾਬੰਦੀ ਲਗਾਈ ਹੋਈ ਹੈ। ਰਾਜੂ ਨਿੱਝਰ ਦਾ ਕਰੀਬੀ ਮੰਨਿਆ ਜਾਂਦਾ ਹੈ।
ਯਾਦ ਰਹੇ ਪਿਛਲੇ ਸਾਲ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਵਿੱਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਲਜ਼ਾਮ ਭਾਰਤ ਸਰਕਾਰ ਦੀ ਖੁਫ਼ੀਆ ਏਜੰਸੀ ’ਤੇ ਲੱਗੇ ਸਨ ਕਿ ਉਨ੍ਹਾਂ ਵੱਲੋਂ ਏਜੰਟ ਦੇ ਜ਼ਰੀਏ ਪੰਨੂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਦੀ ਜਾਂਚ ਹੁਣ ਅਮਰੀਕਾ ਦੀ ਪੁਲਿਸ ਕਰ ਰਹੀ ਹੈ।
ਇਸ ਮਾਮਲੇ ਵਿੱਚ ਅਮਰੀਕੀ ਸਰਕਾਰ ਨੇ ਭਾਰਤ ਨੂੰ ਵੀ ਜਾਂਚ ਵਿੱਚ ਸਹਿਯੋਗ ਕਰਨ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਸੀ। ਪੰਨੂ ਕਤਲ ਦੀ ਸਾਜਿਸ਼ ਦੇ ਮਾਮਲੇ ਦੀ ਜਾਂਚ ਲਈ ਅਮਰੀਕਾ ਦੇ ਕਈ ਅਧਿਕਾਰੀ ਵੀ ਭਾਰਤ ਆ ਚੁੱਕੇ ਹਨ।