India

9ਵੀਂ ਕਲਾਸ ਦਾ ਵਿਦਿਆਰਥੀ ਫਾਹੇ ਨਾਲ ਲਟਕਦਾ ਮਿਲਿਆ, ਖ਼ੁਦਕੁਸ਼ੀ ਦੀ ਐਕਟਿੰਗ ਕਰਦਿਆਂ ਵਾਪਰਿਆ ਹਾਦਸਾ

ਬਿਊਰੋ ਰਿਪੋਰਟ (15 ਅਕਤੂਬਰ, 2025): ਉੱਤਰ-ਪੱਛਮੀ ਦਿੱਲੀ ਦੇ ਕੇਸ਼ਵਪੁਰਮ ਇਲਾਕੇ ਵਿੱਚ ਇੱਕ 14 ਸਾਲ ਦਾ ਵਿਦਿਆਰਥੀ ਆਪਣੇ ਘਰ ਵਿੱਚ ਪੱਖੇ ਨਾਲ ਲਟਕਦਾ ਮਿਲਿਆ। ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਵਿਦਿਆਰਥੀ ਦਾ ਮੋਬਾਈਲ ਫੋਨ ਵੀ ਕਮਰੇ ਵਿੱਚ ਮਿਲਿਆ, ਜਿਸ ਵਿੱਚ ਪੂਰੀ ਘਟਨਾ ਦਾ ਵੀਡੀਓ ਰਿਕਾਰਡ ਸੀ।

ਵੀਡੀਓ ਵਿਦਿਆਰਥੀ ਨੇ ਖੁਦ ਕੁਝ ਦੂਰੀ ’ਤੇ ਮੋਬਾਈਲ ਰੱਖ ਕੇ ਬਣਾਇਆ ਸੀ। ਵੀਡੀਓ ਦੇਖਣ ਤੋਂ ਬਾਅਦ ਪੁਲਿਸ ਨੂੰ ਲੱਗਿਆ ਕਿ ਇਹ ਮਾਮਲਾ ਖ਼ੁਦਕੁਸ਼ੀ ਨਾਲੋਂ ਵੱਧ ਇੱਕ ਹਾਦਸਾ ਹੋ ਸਕਦਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਲੜਕਾ ਖ਼ੁਦਕੁਸ਼ੀ ਦੀ ਐਕਟਿੰਗ ਕਰਦਿਆਂ ਵੀਡੀਓ ਰਿਕਾਰਡ ਕਰ ਰਿਹਾ ਸੀ।

ਪੁਲਿਸ ਦੇ ਅਨੁਸਾਰ, ਉਸਨੇ 2 ਤੋਂ 3 ਵਾਰੀ ਸੁਸਾਈਡ ਦਾ ਸੀਨ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਜਿਸ ਕੁਰਸੀ ’ਤੇ ਉਹ ਖੜਾ ਸੀ, ਉਹ ਅਚਾਨਕ ਡਿੱਗ ਗਈ ਤੇ ਹਾਦਸਾ ਹੋ ਗਿਆ। ਵੀਡੀਓ ਫੁਟੇਜ ਦੀ ਫੌਰੈਂਸਿਕ ਜਾਂਚ ਕੀਤੀ ਜਾ ਰਹੀ ਹੈ।

ਇਹ ਘਟਨਾ 12 ਅਕਤੂਬਰ ਦੀ ਹੈ। ਲੜਕਾ 9ਵੀਂ ਕਲਾਸ ਦਾ ਵਿਦਿਆਰਥੀ ਸੀ। ਉਸਦੇ ਪਿਤਾ ਇੱਕ ਪ੍ਰਾਪਰਟੀ ਡੀਲਰ ਫਰਮ ਵਿੱਚ ਕੰਮ ਕਰਦੇ ਹਨ ਅਤੇ ਮਾਤਾ ਗ੍ਰਿਹਣੀ ਹੈ। ਉਸਦੀ ਇੱਕ ਵੱਡੀ ਭੈਣ ਹੈ ਜੋ 12ਵੀਂ ਕਲਾਸ ਵਿੱਚ ਪੜ੍ਹਦੀ ਹੈ।

ਪੁਲਿਸ ਨੂੰ ਕਿਸੇ ਸਾਜ਼ਿਸ਼ ਦੇ ਸੰਕੇਤ ਨਹੀਂ ਮਿਲੇ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਕਿਸੇ ਸਾਜ਼ਿਸ਼ ਦੇ ਸਬੂਤ ਨਹੀਂ ਮਿਲੇ। ਕਰਾਈਮ ਟੀਮ ਨੇ ਮੌਕੇ ਦੀ ਜਾਂਚ ਕਰਕੇ ਸਬੂਤ ਇਕੱਠੇ ਕੀਤੇ। ਲਾਸ਼ ਨੂੰ ਬੀਜੇਆਰਐਮ ਹਸਪਤਾਲ ‘ਚ ਰੱਖਣ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ।

ਪੁਲਿਸ ਨੇ ਕਿਹਾ ਕਿ ਮੋਬਾਈਲ ਵਿੱਚ ਮਿਲੇ ਵੀਡੀਓ ਵਿੱਚ ਕੋਈ ਬੈਕਗ੍ਰਾਊਂਡ ਆਵਾਜ਼ ਨਹੀਂ ਹੈ, ਇਸ ਕਰਕੇ ਇਹ ਪਤਾ ਕਰਨਾ ਮੁਸ਼ਕਲ ਹੈ ਕਿ ਇਹ ਸੁਸਾਈਡ ਸੀ ਜਾਂ ਹਾਦਸਾ। ਫਿਲਹਾਲ, ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਪੁਲਿਸ ਘਟਨਾ ਦੀ ਪੂਰੀ ਜਾਂਚ ਕਰ ਰਹੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ।