ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਤਿੱਖੀ ਬਹਿਸ ਛਿੜ ਗਈ, ਜਦੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ‘ਤੇ ਜ਼ਮੀਨ ਖਰੀਦਣ ਦੇ ਦੋਸ਼ ਲਗਾਏ। ਚੀਮਾ ਨੇ ਕਿਹਾ ਕਿ ਬਾਜਵਾ ਨੇ ਪਿੰਡ ਫੁਲੜਾ ਵਿੱਚ ਬਿਆਸ ਦਰਿਆ ਦੇ ਧੁੱਸੀ ਬੰਨ੍ਹ ਨੇੜੇ ਸਵਾ 2 ਏਕੜ (16.10 ਮਰਲੇ) ਅਤੇ ਪਿੰਡ ਪਸਵਾਲ ਵਿੱਚ 10 ਏਕੜ ਜ਼ਮੀਨ ਖਰੀਦੀ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇੱਥੇ ਰੇਤ ਆਵੇਗੀ ਅਤੇ ਮਾਈਨਿੰਗ ਹੋਵੇਗੀ।
ਚੀਮਾ ਨੇ ਸਵਾਲ ਉਠਾਇਆ ਕਿ ਬਾਜਵਾ ਨੂੰ ਗਰੀਬ ਕਿਸਾਨਾਂ ਤੋਂ ਜ਼ਮੀਨ ਖਰੀਦਣ ਦੀ ਕੀ ਲੋੜ ਸੀ। ਉਨ੍ਹਾਂ ਨੇ ਬਾਜਵਾ ‘ਤੇ ਤੰਜ ਕੱਸਿਆ ਕਿ ਉਹ ਹਰ ਵੇਲੇ ਹਾਊਸ ਕਮੇਟੀ ਜਾਂ ਮੰਤਰੀ ਗੋਇਲ ਦੇ ਅਸਤੀਫੇ ਦੀ ਮੰਗ ਕਰਦੇ ਹਨ ਅਤੇ ਭਾਜਪਾ ਦੇ ਬੁਲਾਰੇ ਵਜੋਂ ਕੰਮ ਕਰਦੇ ਹਨ। ਚੀਮਾ ਨੇ ਕਿਹਾ ਕਿ ਬਾਜਵਾ ਚਾਹੁੰਦੇ ਹਨ ਕਿ ਸਰਕਾਰ ਕਿਸਾਨਾਂ ਦੀ ਮਦਦ ਦੀ ਬਜਾਏ ਉਨ੍ਹਾਂ ਦੀ ਜ਼ਮੀਨ ਬਚਾਏ। ਉਨ੍ਹਾਂ ਨੇ ਜ਼ਿਕਰ ਕੀਤਾ ਕਿ 2017 ਅਤੇ 2019 ਵਿੱਚ ਬਾਜਵਾ ਦੀ ਜ਼ਮੀਨ ਦੀ ਸੁਰੱਖਿਆ ਲਈ ਪੱਥਰ ਦੇ ਸਟੱਡ ਲਗਾਏ ਗਏ, ਜਿਸ ‘ਤੇ 25 ਲੱਖ ਦੀ ਜਾਇਦਾਦ ਲਈ 1 ਕਰੋੜ ਰੁਪਏ ਖਰਚ ਕੀਤੇ ਗਏ।
ਇਸ ‘ਤੇ ਬਾਜਵਾ ਭੜਕ ਗਏ ਅਤੇ ਸਦਨ ਵਿੱਚ ਰੌਲਾ ਪੈ ਗਿਆ। ਬਾਜਵਾ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੇ ਜ਼ਮੀਨ ‘ਆਪ’ ਸਰਕਾਰ ਦੇ ਸਮੇਂ ਖਰੀਦੀ ਅਤੇ ਸਰਕਾਰ ਕੋਲੋਂ ਹੀ ਰਜਿਸਟਰੀ ਕਰਵਾਈ, ਨਾ ਕਿ ਕਿਸੇ “ਚੋਰ” ਕੋਲੋਂ। ਉਨ੍ਹਾਂ ਨੇ ਚੀਮਾ ‘ਤੇ ਪਲਟਵਾਰ ਕਰਦਿਆਂ 12,000 ਕਰੋੜ ਰੁਪਏ ਦੇ ਫੰਡਾਂ ਦਾ ਹਿਸਾਬ ਮੰਗਿਆ ਅਤੇ ਦੋਸ਼ ਲਗਾਇਆ ਕਿ ਵਿੱਤ ਮੰਤਰੀ ਹਰ ਮਹੀਨੇ ਸ਼ਰਾਬ ਫੈਕਟਰੀਆਂ ਤੋਂ 35-40 ਕਰੋੜ ਅਤੇ ਇੱਕ ਡਿਸਟਿਲਰੀ ਤੋਂ 1.25 ਕਰੋੜ ਰੁਪਏ ਇਕੱਠੇ ਕਰਦੇ ਹਨ, ਨਾਲ ਹੀ ਸ਼ਰਾਬ ਨੀਤੀ ਵਿੱਚ 12,000 ਕਰੋੜ ਦਾ ਗਬਨ ਕੀਤਾ।
ਚੀਮਾ ਨੇ ਜਵਾਬ ਵਿੱਚ ਕਿਹਾ ਕਿ ਜਦੋਂ ਸੱਚ ਸਾਹਮਣੇ ਆਉਂਦਾ ਹੈ, ਤਾਂ ਬਾਜਵਾ ਚਿੜ ਜਾਂਦੇ ਹਨ। ਇਸ ਬਹਿਸ ਕਾਰਨ ਸਦਨ ਵਿੱਚ ਹੰਗਾਮਾ ਹੋ ਗਿਆ, ਜਿਸ ਕਾਰਨ ਸਪੀਕਰ ਨੇ ਕਾਰਵਾਈ 10 ਮਿੰਟਾਂ ਲਈ ਮੁਲਤਵੀ ਕਰ ਦਿੱਤੀ।