ਬਿਊਰੋ ਰਿਪੋਰਟ (ਅੰਮ੍ਰਿਤਸਰ, 25 ਸਤੰਬਰ 2025): ਅੰਮ੍ਰਿਤਸਰ ਜ਼ਿਲ੍ਹੇ ਦੇ ਮੁਜੱਫ਼ਰਪੁਰਾ ਪਿੰਡ ਵਿੱਚ ਕੁਝ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾ ਦਿੱਤੀ। ਸੂਚਨਾ ਮਿਲਣ ’ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਕਿਸਾਨਾਂ ਨੂੰ ਰੋਕਣ ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ।
ਅਧਿਕਾਰੀਆਂ ਦੇ ਪਹੁੰਚਦੇ ਹੀ ਮੌਕੇ ’ਤੇ ਤਣਾਅ ਪੈਦਾ ਹੋ ਗਿਆ ਅਤੇ ਕਿਸਾਨਾਂ ਤੇ ਪ੍ਰਸ਼ਾਸਨਿਕ ਟੀਮ ਵਿਚਾਲੇ ਤਿੱਖੀ ਬਹਿਸ ਹੋਈ। ਐਸ.ਡੀ.ਐਮ. ਸੰਜੀਵ ਕੁਮਾਰ ਨੇ ਦੱਸਿਆ ਕਿ ਕੁਝ ਕਿਸਾਨਾਂ ਵੱਲੋਂ ਅਧਿਕਾਰੀਆਂ ਨਾਲ ਅਪਮਾਨਜਨਕ ਵਿਵਹਾਰ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸਰਕਾਰੀ ਡਿਊਟੀ ਵਿੱਚ ਰੁਕਾਵਟ ਪੈਦਾ ਕਰਨ ਦੇ ਗੰਭੀਰ ਇਲਜ਼ਾਮ ਵੀ ਸਾਹਮਣੇ ਆਏ ਹਨ।
ਸਥਿਤੀ ਵਿਗੜਦੀ ਵੇਖ ਅਧਿਕਾਰੀਆਂ ਨੇ ਤੁਰੰਤ ਪੁਲਿਸ ਨੂੰ ਲਿਖਤੀ ਸ਼ਿਕਾਇਤ ਸੌਂਪੀ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਕਿਸਾਨਾਂ ਦੀ ਪਛਾਣ ਦੀ ਕਾਰਵਾਈ ਜਾਰੀ ਹੈ।
ਯਾਦ ਰਹੇ ਕਿ ਪੰਜਾਬ ਸਰਕਾਰ ਪਹਿਲਾਂ ਹੀ ਪਰਾਲੀ ਸਾੜਨ ਨੂੰ ਲੈ ਕੇ ਸਖ਼ਤ ਰੁਖ ਅਪਣਾ ਚੁੱਕੀ ਹੈ। ਸਰਕਾਰ ਦਾ ਕਹਿਣਾ ਹੈ ਕਿ ਕਿਸਾਨਾਂ ਲਈ ਪਰਾਲੀ ਪ੍ਰਬੰਧਨ ਦੇ ਵੱਖ-ਵੱਖ ਵਿਕਲਪਿਕ ਸਾਧਨ ਉਪਲੱਬਧ ਕਰਵਾਏ ਗਏ ਹਨ। ਫਿਰ ਵੀ ਕਈ ਕਿਸਾਨ ਇਨ੍ਹਾਂ ਨੂੰ ਅਪਣਾਉਣ ਦੀ ਬਜਾਏ ਪਰਾਲੀ ਸਾੜਨ ਨੂੰ ਆਪਣੀ ਮਜਬੂਰੀ ਦੱਸ ਰਹੇ ਹਨ ਕਿਉਂਕਿ ਵਿਕਲਪਕ ਤਰੀਕੇ ਮਹਿੰਗੇ ਅਤੇ ਸਮੇਂ-ਖ਼ਰਚੀਲੇ ਹਨ।