ਚੰਡੀਗੜ੍ਹ : ਬੀਐਮਡਬਲਿਊ ਮਾਮਲੇ ਵਿੱਚ ਆਪ ਸਰਕਾਰ ਦੇ ਘਿਰ ਜਾਣ ਤੋਂ ਬਾਅਦ ਆਪ ਦੇ ਬੁਲਾਰੇ ਮਾਲਵਿੰਦਰ ਕੰਗ ਦਾ ਬਿਆਨ ਸਾਹਮਣੇ ਆਇਆ ਹੈ।ਆਪਣੇ ਵੀਡੀਓ ਸੰਦੇਸ਼ ਵਿੱਚ ਉਹਨਾਂ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਐਮਡਬਲਿਊ ਦੇ ਹੈਡ ਆਫਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ।ਇਸ ਦੌਰਾਨ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ,ਜਿਸ ਤੋਂ ਬਾਅਦ ਉਹਨਾਂ ਪੰਜਾਬ ਵਿੱਚ ਯੂਨਿਟ ਲਾਉਣ ਦੀ ਹਾਮੀ ਭਰੀ ਹੈ।

ਕੰਗ ਨੇ ਸਪੱਸ਼ਟ ਕੀਤਾ ਕਿ ਹਰ ਕੰਮ ਨੂੰ ਸਮਾਂ ਲੱਗਦਾ ਹੈ ,ਇੱਕ ਪ੍ਰਕ੍ਰਿਆ ਹੁੰਦੀ ਹੈ। ਉਹਨਾਂ ਐਲਾਨ ਕੀਤਾ ਕਿ ਆਉਣ ਵਾਲੀ 23-24 ਫਰਵਰੀ ਨੂੰ ਪੰਜਾਬ ਵਿੱਚ ਇਨਵੈਸਟਮੈਂਟ ਮੀਟ ਹੋਣ ਜਾ ਰਹੀ ਹੈ ਤੇ ਇਸ ਵਿੱਚ ਬੀਐਮਡਬਲਿਊ ਦੇ ਅਧਿਕਾਰੀ ਵੀ ਆਉਣ ਲਈ ਤਿਆਰ ਹਨ ਤੇ ਉਹਨਾਂ ਹਾਮੀ ਵੀ ਭਰੀ ਹੈ।
ਕੰਗ ਨੇ ਪਿਛਲੀ ਸਰਕਾਰਾਂ ‘ਤੇ ਵਰਦਿਆਂ ਕਿਹਾ ਕਿ ਇਹਨਾਂ ਸਰਕਾਰਾਂ ਦੇ ਵਕਤ ਵੀ ਐਮਓਯੂ ਸਾਈਨ ਕੀਤੇ ਜਾਂਦੇ ਸੀ ਪਰ ਉਹ ਰੱਦੀ ਦੀ ਟੋਕਰੀ ਵਿੱਚ ਚੱਲੇ ਜਾਂਦੇ ਸੀ। ਆਪਣੇ ਵਿਦੇਸ਼ੀ ਦੌਰਿਆਂ ਸਮੇਂ ਵਿੱਚ ਇਹ ਆਪਣੀ ਨਿੱਜ਼ੀ ਵਰਤੋਂ ਲਈ ਜਾਂ ਤੋਹਫੇ ਦੇ ਤੌਰ ਤੇ ਭੇਡੂ ਘੋੜੇ ਜਾਂ ਖਜੂਰਾਂ ਲਿਆਂਦੇ ਸੀ ਪਰ ਮਾਨ ਸਾਹਿਬ ਪਹਿਲੇ ਮੁੱਖ ਮੰਤਰੀ ਹਨ ,ਜਿਹਨਾਂ ਪੰਜਾਬ ਵਿੱਚ ਰੁਜ਼ਗਾਰ ਦੇ ਮੌਕੇ ਲਿਆ ਰਹੇ ਹਨ ਤੇ ਇਹਨਾਂ ਨੂੰ ਤਕਲੀਫ਼ ਹੋ ਰਹੀ ਹੈ।

ਦਸਣਯੋਗ ਹੈ ਕਿ ਜਰਮਨੀ ਦੌਰੇ ‘ਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਕਿ ਬੀਐਮਡਬਲਿਊ ਕੰਪਨੀ ਪੰਜਾਬ ਵਿੱਚ ਨਿਵੇਸ਼ ਕਰਨ ਵਿੱਚ ਦਿਲਚਸਪੀ ਦਿਖਾ ਰਹੀ ਹੈ ,ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਕੁੱਝ ਪੋਸਟਾਂ ਵੀ ਵਾਈਰਲ ਹੋ ਗਈਆਂ ਸਨ। ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਬੀਐਮਡਬਲਯੂ ਨੇ ਸਪੱਸ਼ਟ ਕੀਤਾ ਹੈ ਕਿ ਉਸ ਦੀ ਪੰਜਾਬ ਵਿੱਚ ਨਿਰਮਾਣ ਪਲਾਂਟ ਸਥਾਪਤ ਕਰਨ ਦੀ ਕੋਈ ਯੋਜਨਾ ਨਹੀਂ ਹੈ ਕਿਉਂਕਿ ਇਸਦਾ ਪਹਿਲਾਂ ਹੀ ਚੇਨਈ ਵਿੱਚ ਇੱਕ ਪਲਾਂਟ ਹੈ, ਪੁਣੇ ਵਿੱਚ ਇੱਕ ਵੇਅਰਹਾਊਸ ਅਤੇ ਗੁੜਗਾਉਂ ਵਿੱਚ ਸਿਖਲਾਈ ਕੇਂਦਰ ਹੈ। ਇਸ ਗੱਲ ਨੂੰ ਲੈ ਕੇ ਵਿਰੋਧੀ ਧਿਰ ਨੇ ਆਪ ਸਰਕਾਰ ਨੂੰ ਘੇਰਿਆ ਸੀ।