ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਲੋਕ ਸਭਾ ਚੋਣ ਜਿੱਤਣ ਵਾਲੀ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਤਾਇਨਾਤ ਇੱਕ ਮਹਿਲਾ CISF ਸਿਪਾਹੀ ਵੱਲੋਂ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੰਗਨਾ ਰਣੌਤ ਨੇ ਇਸ ਮਾਮਲੇ ਦੀ ਸ਼ਿਕਾਇਤ ਕਰਦੇ ਹੋਏ ਮਹਿਲਾ ਜਵਾਨ ਨੂੰ ਨੌਕਰੀ ਤੋਂ ਹਟਾਉਣ ਤੇ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਕੰਗਨਾ ਨੂੰ ਚਪੇੜ ਮਾਰਨ ਵਾਲੀ ਮਹਿਲਾ ਸਿਪਾਹੀ ਦਾ ਨਾਂ ਕੁਲਵਿੰਦਰ ਕੌਰ ਦੱਸਿਆ ਜਾ ਰਿਹਾ ਹੈ। ਚੋਣ ਜਿੱਤਣ ਤੋਂ ਬਾਅਦ ਕੰਗਨਾ ਰਣੌਤ ਭਾਜਪਾ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਵਿਸਤਾਰਾ ਏਅਰਲਾਈਨਜ਼ ਦੀ ਫਲਾਈਟ Uk707 ਰਾਹੀਂ ਦਿੱਲੀ ਲਈ ਰਵਾਨਾ ਹੋਣ ਲਈ ਹਵਾਈ ਅੱਡੇ ਪਹੁੰਚੀ ਸੀ।
ਇਹ ਘਟਨਾ ਅੱਜ ਵੀਰਵਾਰ 6 ਜੂਨ ਨੂੰ ਦੁਪਹਿਰ 3.30 ਵਜੇ ਵਾਪਰੀ। ਕੰਗਨਾ ਰਣੌਤ ਏਅਰਪੋਰਟ ਸਕਿਉਰਟੀ ਚੈੱਕ ਤੋਂ ਬਾਹਰ ਨਿਕਲ ਰਹੀ ਸੀ ਜਦੋਂ ਮਹਿਲਾ ਸਿਪਾਹੀ ਨੇ ਉਸ ‘ਤੇ ਆਪਣਾ ਹੱਥ ਚੁੱਕਿਆ। ਕੰਗਨਾ ਨੇ ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਰਿਪੋਰਟਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਜਵਾਨ ਕੁਲਵਿੰਦਰ ਕੌਰ ਕੰਗਨਾ ਵੱਲੋਂ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ’ਤੇ ਕੀਤੀਆਂ ਟਿੱਪਣੀਆਂ ਤੋਂ ਨਾਰਾਜ਼ ਸੀ। ਫਿਲਹਾਲ ਏਅਰਪੋਰਟ ‘ਤੇ ਮੌਜੂਦ ਸਕਿਓਰਿਟੀ ਨੇ ਕੁਲਵਿੰਦਰ ਨੂੰ ਕਮਾਂਡੈਂਟ ਦੇ ਕਮਰੇ ‘ਚ ਬਿਠਾ ਕੇ ਰੱਖਿਆ ਹੈ। ਕੰਗਨਾ ਦਿੱਲੀ ਲਈ ਰਵਾਨਾ ਹੋ ਗਈ ਹੈ।