‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਪੰਜਾਬ ਵਿੱਚ ਕਥਿਤ ਨਕਲੀ ਪਾਸਟਰਾਂ ਦੇ ਮੁੱਦੇ ਦਰਮਿਆਨ ਸਿੱਖ ਤੇ ਇਸਾਈ ਭਾਈਚਾਰੇ ਦਰਮਿਆਨ ਮੁੜ ਤੋਂ ਟਕਰਾਅ ਦੇ ਆਸਾਰ ਬਣ ਗਏ ਹਨ। ਅੰਮ੍ਰਿਤ ਦੀ ਦਾਤ ਲੈਣ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨੌਜਵਾਨ ਲੀਡਰ ਅੰਮ੍ਰਿਤਪਾਲ ਸਿੰਘ ਨੇ ਬਿਆਨ ਦਿੱਤਾ ਸੀ ਕਿ 27 ਸਤੰਬਰ ਯਾਨਿ ਮੰਗਲਵਾਰ ਨੂੰ ਨਕਲੀ ਪਾਸਟਰਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਪਰ ਅਸੀਂ ਇਸਨੂੰ ਕਾਮਯਾਬ ਨਹੀਂ ਹੋਣ ਦੇਣਾ। ਪਰ ਹੁਣ ਇੱਕ ਕਥਿਤ ਇਸਾਈ ਪਾਸਟਰ ਜੈਪੌਲ ਨੇ 27 ਵਾਲਾ ਬੰਦ ਕਰਨ ਦਾ ਚੈਲੰਜ ਕਰ ਦਿੱਤਾ ਹੈ। ਸੋਸ਼ਲ ਮੀਡੀਆ ਉੱਤੇ ਪਾਸਟਰ ਜੈਪੌਲ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜੋ ਅੰਮ੍ਰਿਤਪਾਲ ਸਿੰਘ ਨੂੰ ਕੱਲ੍ਹ ਪੰਜਾਬ ਬੰਦ ਕਰਨ ਦੀ ਖੁੱਲ੍ਹੀ ਚਿਤਾਵਨੀ ਦੇ ਰਿਹਾ ਹੈ। ਜੈਪੌਲ ਸਾਰੇ ਲੋਕਾਂ ਨੂੰ ਕੱਲ੍ਹ ਪੰਜਾਬ ਬੰਦ ਦਾ ਸਮਰਥਨ ਕਰਨ ਲਈ ਕਹਿ ਰਿਹਾ ਹੈ। ਸੂਤਰਾਂ ਮੁਤਾਬਕ ਇਹ ਪਾਸਟਰ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ।

ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਕਿ 27 ਸਤੰਬਰ ਨੂੰ ਬੰਦ ਨੂੰ ਨਾਕਮਯਾਬ ਕਰਦਿਆਂ ਸੱਦਾ ਦਿੱਤਾ ਸੀ ਕਿ ਕੁਝ ਪਾਖੰਡੀ ਈਸਾਈ ਪਾਸਟਰਾਂ ਨੇ ਸਾਰਾ ਪੰਜਾਬ ਬੰਦ ਕਰਨ ਦੇ ਲਈ ਸੱਦਾ ਦਿੱਤਾ ਹੋਇਆ ਹੈ ਪਰ ਅਸੀਂ ਪੰਜਾਬ ਦੀ ਧਰਤੀ ਉੱਤੇ ਇਹ ਕਦੀ ਨਹੀਂ ਹੋਣ ਦੇਣਾ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਅਪੀਲ ਵੀ ਕੀਤੀ ਸੀ ਕਿ ਉਹ ਆਪਣੇ ਪਿੰਡਾਂ ਦੇ ਬਾਹਰ ਪਾਖੰਡੀ ਈਸਾਈ ਪਾਸਟਰਾਂ ਨੂੰ ਨਾ ਵੜਨ ਦੇਣ ਦੇ ਬੋਰਡ ਲਗਾ ਦੇਣ।

ਪਾਸਟਰ ਜੈਪੌਲ ਦੇ ਬੋਲ ਬਹੁਤ ਭੜਕਾਊ ਜਾਪਦੇ ਹਨ ਤੇ ਇਸ ਟਕਰਾਅ ਵਾਲੇ ਮਾਹੌਲ ਦਰਮਿਆਨ ਪ੍ਰਸ਼ਾਸਨ ਨੂੰ ਜ਼ਰੂਰ ਸਾਵਧਾਨ ਰਹਿਣ ਦੀ ਲੋੜ ਹੈ ਤਾਂਜੋ ਫਿਰਕੂ ਅਸ਼ਾਂਤੀ ਤੋਂ ਬਚਿਆ ਜਾ ਸਕੇ। ਪਿਛਲੇ ਦਿਨੀਂ ਇਸਾਈ ਧਰਮ ਦੇ ਵੱਡੇ ਪਾਸਟਰ ਵੀ ਪਾਖੰਡੀ ਪਾਸਟਰਾਂ ਖਿਲਾਫ ਕਾਰਵਾਈ ਦੀ ਮੰਗ ਕਰ ਚੁੱਕੇ ਹਨ।