ਖੰਨਾ ਪੁਲਿਸ ਜ਼ਿਲ੍ਹੇ ਦੀ ਰੌਣੀ ਚੌਕੀ ‘ਚ ਇੱਕ ਲੜਕੀ ਨਾਲ ਛੇੜਛਾੜ ਦੇ ਮਾਮਲੇ ਦੇ ਦੋਸ਼ ਹੇਠ ਇਸੇ ਚੌਕੀ ਦੇ ਇੰਚਾਰਜ ਬਲਵੀਰ ਸਿੰਘ (ਏਐਸਆਈ) ਅਤੇ ਉਸਦੇ ਸਾਥੀ ਏਐਸਆਈ ਹਰਮੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਵਾਂ ਖ਼ਿਲਾਫ਼ ਪਾਇਲ ਥਾਣੇ ‘ਚ ਕੇਸ ਦਰਜ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਇਕ ਲੜਕੀ ਦਾ ਆਪਣੇ ਪ੍ਰੇਮੀ ਨਾਲ ਝਗੜਾ ਚੱਲ ਰਿਹਾ ਸੀ। ਜਿਸ ਸਬੰਧੀ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਇਸ ਸ਼ਿਕਾਇਤ ਦੀ ਜਾਂਚ ਪੁਲਿਸ ਚੌਕੀ ਰੌਣੀ ਦੇ ਇੰਚਾਰਜ ਬਲਵੀਰ ਸਿੰਘ ਕਰ ਰਹੇ ਸਨ। ਸ਼ਿਕਾਇਤਕਰਤਾ ਲੜਕੀ ਆਪਣੀ ਸ਼ਿਕਾਇਤ ਦੇ ਸਿਲਸਿਲੇ ‘ਚ ਪੁਲਿਸ ਚੌਕੀ ‘ਚ ਆਉਂਦੀ ਜਾਂਦੀ ਸੀ। ਇਸ ਦੌਰਾਨ ਲੜਕੀ ਦਾ ਆਪਣੇ ਪ੍ਰੇਮੀ ਨਾਲ ਰਾਜੀਨਾਮਾ ਹੋ ਗਿਆ।
ਇਸ ਤੋਂ ਬਾਅਦ ਲੜਕੀ ਨੇ SSP ਖੰਨਾ ਨੂੰ ਸ਼ਿਕਾਇਤ ਕੀਤੀ। ਜਿਸ ਵਿੱਚ ਦੋਸ਼ ਲਾਇਆ ਗਿਆ ਕਿ ਜਦੋਂ ਉਸਨੂੰ ਚੌਕੀ ਬੁਲਾਇਆ ਜਾਂਦਾ ਸੀ ਤਾਂ ਚੌਕੀ ਇੰਚਾਰਜ ਬਲਵੀਰ ਸਿੰਘ ਅਤੇ ASI ਹਰਮੀਤ ਸਿੰਘ ਉਸ ਨਾਲ ਛੇੜਛਾੜ ਕਰਦੇ ਅਤੇ ਅਸ਼ਲੀਲ ਟਿੱਪਣੀਆਂ ਕਰਦੇ ਸੀ। ਲੜਕੀ ਨੇ SSP ਨੂੰ ਸ਼ਿਕਾਇਤ ਕੀਤੀ ਤਾਂ ਸਖ਼ਤ ਕਾਰਵਾਈ ਕੀਤੀ ਗਈ। SSP ਨੇ ਆਪਣੇ ਪੱਧਰ ’ਤੇ ਜਾਂਚ ਕਰਵਾਈ। ਜਾਂਚ ਵਿੱਚ ਲੜਕੀ ਦੇ ਦੋਸ਼ ਸਹੀ ਪਾਏ ਗਏ।
ਇਸ ਸ਼ਿਕਾਇਤ ਦੀ ਜਾਂਚ ਤੋਂ ਬਾਅਦ 6 ਅਕਤੂਬਰ ਨੂੰ ਚੌਕੀ ਇੰਚਾਰਜ ਬਲਵੀਰ ਸਿੰਘ ਅਤੇ ASI ਹਰਮੀਤ ਸਿੰਘ ਖ਼ਿਲਾਫ਼ ਪਾਇਲ ਥਾਣੇ ਵਿੱਚ IPC ਦੀ ਧਾਰਾ 354ਏ, 166ਏ,294,506,34 ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਦੋਵਾਂ ਨੂੰ ਇਕੱਠਿਆਂ ਗ੍ਰਿਫ਼ਤਾਰ ਕਰ ਲਿਆ ਗਿਆ। SSP ਕੌਂਡਲ ਨੇ ਕਿਹਾ ਕਿ ਅਜਿਹੇ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਭਾਵੇ ਕੋਈ ਵੀ ਹੋਵੇ, ਕਾਨੂੰਨ ਸਭ ਲਈ ਬਰਾਬਰ ਹੈ।