‘ਦ ਖ਼ਾਲਸ ਬਿਊਰੋ (ਇਸ਼ਵਿੰਦਰ ਸਿੰਘ ਦਾਖ਼ਾ) : ਕਿਵੇਂ ਭੁੱਲਿਆ ਜਾ ਸਕਦੈ 20, ਮਾਰਚ ਸੰਨ 2000, ਹੋਲੀ ਦਾ ਉਹ ਦਿਨ, ਜਦੋਂ ਚਿੱਠੀਸਿੰਘਪੁਰਾ ਵਿੱਚ 35 ਬੇਦੋਸ਼ੇ ਸਿਖਾਂ ਦੇ ਖ਼ੂਨ ਦੀ ਹੋਲੀ ਖੇਡੀ ਗਈ ਸੀ। ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਭਾਰਤ ਫ਼ੇਰੀ ਦੌਰਾਨ ਵਾਪਰੇ ਇਸ ਖੂਨੀਕਾਂਡ ਨੇ ਹਰ ਵੇਖਣ ਸੁਣਨ ਵਾਲੇ ਦੇ ਦਿਲਾਂ ਨੂੰ ਝੰਜੋੜ ਦਿੱਤਾ ਸੀ, ਏਥੋਂ ਤੱਕ ਕਿ ਖੁਦ ਬਿਲ ਕਲਿੰਟਨ ਨੂੰ ਵੀ ਮਜ਼ਬੂਰ ਹੋ ਕੇ ਇਸ ਕਤਲੇਆਮ ਬਾਰੇ ਲਿਖਣਾ ਪੈ ਗਿਆ ਸੀ। ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਮੈਡਲੀਨ ਅਲਬ੍ਰਾਈਟ ਦੀ ਇੱਕ ਕਿਤਾਬ “ਦਿ ਮਾਈਟੀ ਐਂਡ ਦ ਅਲਮਾਈਟੀ” ਦੇ ਮੁੱਖ ਬੰਦ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਚਿੱਠੀਸਿੰਘਪੁਰਾ ਹਮਲੇ ‘ਤੇ ਗਹਿਰੀ ਚਿੰਤਾ ਪ੍ਰਗਟਾਈ ਸੀ। ਉਨ੍ਹਾਂ ਕਿਹਾ ਸੀ ਕਿ:
“ਜੇ ਮੈਂ ਉਹ ਦੌਰਾ ਨਾ ਕੀਤਾ ਹੁੰਦਾ, ਤਾਂ ਸੰਭਵ ਹੈ ਕਿ ਜੁਲਮ ਦਾ ਸ਼ਿਕਾਰ ਹੋਣ ਵਾਲੇ ਉਹ ਸਿੱਖ ਅੱਜ ਜਿਉਂਦੇ ਹੁੰਦੇ।”
ਉਨ੍ਹਾਂ ਦੀ ਇਹ ਟਿੱਪਣੀ ਇਹ ਸੰਕੇਤ ਦਿੰਦੀ ਹੈ ਕਿ ਇਹ ਕਤਲੇਆਮ ਉਨ੍ਹਾਂ ਦੀ ਯਾਤਰਾ ਨੂੰ ਪ੍ਰਭਾਵਿਤ ਕਰਨ ਲਈ ਹੀ ਕੀਤਾ ਗਿਆ ਸੀ। ਭਾਰਤ ਸਰਕਾਰ ਇਸ ਪਿੱਛੇ ਪਾਕਿਸਤਾਨੀ ਦਹਿਸਤਗਰਦਾਂ ਦਾ ਹੱਥ ਹੋਣ ਦੀ ਗੱਲ ਕਰਦੀ ਹੈ ਅਤੇ ਦਹਿਸਤਗਰਦ ਭਾਰਤੀ ਖੁਫ਼ੀਆ ਏਜੰਸੀਆਂ ਉੱਪਰ ਇਲਜ਼ਾਮ ਲਗਾਉਂਦੇ ਹਨ।
ਚਿੱਠੀਸਿੰਘਪੁਰਾ, ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦਾ ਵੱਡੀ ਸਿੱਖ ਵਸੋਂ ਵਾਲਾ ਪਿੰਡ ਹੈ ਜਿੱਥੇ ਸਿੱਖ, ਹਿੰਦੂ, ਮੁਸਲਮਾਨ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਬੜੇ ਪ੍ਰੇਮ ਅਤੇ ਭਰਾਤਰੀ ਭਾਵ ਨਾਲ ਰਹਿੰਦੇ ਹਨ। ਦੱਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਸ ਇਲਾਕੇ ਵਿੱਚ ਸਿੱਖਾਂ ਨੂੰ ਵਸਾਇਆ ਸੀ ਅਤੇ ਉਨ੍ਹਾਂ ਨੂੰ ਜ਼ਮੀਨਾਂ ਅਤੇ ਬਾਗ਼ ਦਿੱਤੇ ਸਨ। ਅਜਿਹੇ ਖੁਸ਼ਗਵਾਰ ਮਹੌਲ ਵਿੱਚ ਇੱਕ ਦਿਨ ਏਨਾ ਭਿਆਨਕ ਕਤਲੇਆਮ ਵਾਪਰਨ ਦੀ ਕਿਸੇ ਨੇ ਉਮੀਦ ਵੀ ਨਹੀਂ ਸੀ ਕੀਤੀ। ਕੁਝ ਪਲਾਂ ‘ਚ ਹੀ ਹੱਸਦੇ-ਵੱਸਦੇ 17 ਸਿੱਖਾਂ ਦੇ ਪਰਿਵਾਰ ਉੱਜੜ ਗਏ।
ਭਾਵੇਂ ਚਿੱਠੀਸਿੰਘਪੁਰਾ ਕਤਲੇਆਮ ਨੂੰ 25 ਸਾਲ ਬੀਤ ਚੁੱਕੇ ਹਨ ਪਰ ਪੀੜਤਾਂ ਦੇ ਜ਼ਖਮ ਅੱਜ ਵੀ ਅਲੇ ਹਨ। ਇਸ ਕਤਲੇਆਮ ਚੋਂ ਜ਼ਿੰਦਾ ਬਚੇ ਸ. ਨਾਨਕ ਸਿੰਘ ਬੇਦੀ ਨੂੰ ਇਹ ਸਾਰੀ ਘਟਨਾ ਅੱਜ ਵੀ ਇੰਨ-ਬਿੰਨ ਯਾਦ ਹੈ, ਜਿਵੇਂ ਕੱਲ੍ਹ ਦੀ ਗੱਲ ਹੋਵੇ।
“ਉਹ ਦੱਸਦੇ ਹਨ ਕਿ 20 ਮਾਰਚ, 2000 ਦੀ ਰਾਤ ਨੂੰ ਕਰੀਬ ਪੌਣੇ ਅੱਠ ਵੱਜੇ ਸਨ, ਕੁਝ ਲੋਕ ਗੁਰਦੁਆਰਾ ਸਾਹਿਬ ਤੋਂ ਵਾਪਿਸ ਆ ਰਹੇ ਸਨ, ਔਰਤਾਂ ਘਰਾਂ ‘ਚ ਪ੍ਰਸ਼ਾਦਾ ਤਿਆਰ ਕਰ ਰਹੀਆਂ ਸਨ, ਕਿਸੇ ਘਰ ਵਿੱਚ ਟੀ.ਵੀ.-ਰੇਡੀਓ ਤੇ ਖ਼ਬਰਾਂ ਚੱਲ ਰਹੀਆਂ ਸਨ। ਉਸ ਸਮੇਂ ਭਾਰਤੀ ਫ਼ੌਜ ਦੀ ਵਰਦੀ ‘ਚ 10-12 ਨਕਾਬਪੋਸ਼, ਹਥਿਆਰਬੰਦ ਵਿਅਕਤੀਆਂ ਨੇ ਸ਼ਨਾਖ਼ਤ ਕਰਨ ਦੇ ਬਹਾਨੇ ਪਿੰਡ ਦੇ ਸਿੱਖ ਪਰਿਵਾਰਾਂ ਦੇ ਮਰਦਾਂ ਨੂੰ ਘਰੋਂ ਬਾਹਰ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਇਹ ਕਤਲੇਆਮ ਪਿੰਡ ਵਿੱਚ ਦੋ ਵੱਖ-ਵੱਖ ਥਾਵਾਂ ਤੇ ਇੱਕੋ ਸਮੇਂ ਵਾਪਰਿਆ। ਗੁਰਦੁਆਰਾ ਸਿੰਘ ਸਭਾ ਸਮੁੰਦਰੀ ਹਾਲ ਦੇ ਬਾਹਰ 19 ਜਦਕਿ ਗੁਰਦੁਆਰਾ ਸਾਹਿਬ ਸ਼ੌਕੀਨ ਮੁਹੱਲਾ ਦੇ ਬਾਹਰ 17 ਮਰਦਾਂ ਨੂੰ ਇੱਕ ਕੰਧ ਦੇ ਸਾਹਮਣੇ ਖੜ੍ਹਾ ਕਰ ਲਿਆ ਗਿਆ। ਇਨ੍ਹਾਂ ‘ਚ 16-17 ਸਾਲਾਂ ਦੇ ਨੌਜੁਆਨਾਂ ਤੋਂ ਲੈ ਕੇ 60-70 ਸਾਲ ਦੇ ਬਜ਼ੁਰਗ ਵੀ ਸ਼ਾਮਿਲ ਸਨ”।
ਹਥਿਆਰਬੰਦ ਵਿਅਕਤੀਆਂ ਚੋਂ ਇੱਕ ਨੇ ਹਵਾ ‘ਚ ਫ਼ਾਇਰ ਕੀਤਾ, ਜਿਸ ਤੋਂ ਬਾਅਦ ਕਤਾਰਾਂ ‘ਚ ਖੜ੍ਹੇ ਸਿੱਖਾਂ ਉੱਪਰ ਅੰਨ੍ਹੇਵਾਹ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਸ. ਨਾਨਕ ਸਿੰਘ ਜੀ ਦੇ ਦੱਸਣ ਮੁਤਾਬਕ:-
“ਜਦੋਂ ਗੋਲੀ ਛੱਲੀ ਤਾਂ ਮੈ ਵੀ ਬਾਕੀਆਂ ਨਾਲ ਹੇਠਾਂ ਹੇਠਾਂ ਡਿੱਗ ਪਿਆ ਪਰ ਮੈਨੂੰ ਕੋਈ ਗੋਲੀ ਨਹੀਂ ਲੱਗੀ। ਮੈਂ ਹੇਠਾਂ ਪਿਆ, ਮਰੇ ਹੋਣ ਦਾ ਨਾਟਕ ਕਰ ਰਿਹਾ ਸੀ ਅਤੇ ਚਿੱਤ ਵਿੱਚ ਵਾਹਿਗੁਰੂ-ਵਾਹਿਗੁਰੂ ਕਰ ਰਿਹਾ ਸੀ। ਹਮਲਾਵਰਾਂ ਨੇ ਹੇਠਾਂ ਡਿੱਗੇ ਵਿਅਕਤੀਆਂ ਦੀ ਮੌਤ ਸੁਨਿਸ਼ਚਿਤ ਕਰਨ ਲਈ ਸਾਰਿਆਂ ਉੱਪਰ ਟੋਰਚ ਮਾਰ ਕੇ ਵੇਖਿਆ ਅਤੇ ਦੁਬਾਰਾ ਫਿਰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਹੁਣ ਮੈਨੂੰ ਲੱਗਿਆ ਸੀ ਕਿ ਮੇਰੀ ਮੌਤ ਵੀ ਤੈਅ ਹੈ। ਜਦੋਂ ਦੁਬਾਰਾ ਗੋਲੀਆਂ ਚੱਲੀਆਂ ਤਾਂ ਮੇਰੀ ਲੱਤ ‘ਚ ਗੋਲੀ ਲੱਗੀ ਜੋ ਕਿ, ਚੂਲੇ ‘ਚ ਜਾ ਕੇ ਫਸ ਗਈ। ਪਰ ਮੈਂ ਜ਼ਰਾ ਜਿੰਨੀ ਵੀ ਅਵਾਜ਼ ਨਹੀਂ ਕੱਢੀ। ਮੈਨੂੰ ਵੀ ਉਨ੍ਹਾਂ ਨੇ ਮਰਿਆ ਹੋਇਆ ਸਮਝ ਲਿਆ। ਸਰਿਆਂ ਨੂੰ ਮਾਰਨ ਤੋਂ ਬਾਅਦ ਹਮਲਾਵਰਾਂ ਨੇ ਜੈ ਹਿੰਦ, ‘ਜੈ ਮਾਤਾ ਦੀ’ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾਏ ਅਤੇ ਚਲੇ ਗਏ। ਮੈਂ ਉੱਠ ਕੇ ਵੇਖਿਆ, ਤਾਂ ਕਿਸੇ ਨੇ ਮੈਨੂੰ ਆਪਣੀ ਬਾਂਹ ਨਾਲ ਫ਼ੜਿਆ ਹੋਇਆ ਸੀ, ਜਦੋਂ ਮੈਂ ਬਾਂਹ ਚੁੱਕ ਕੇ ਧਿਆਨ ਨਾਲ ਵੇਖਿਆ ਤਾਂ ਇਹ ਮੇਰਾ ਪੁੱਤਰ ਗੁਰਮੀਤ ਸਿੰਘ ਸੀ। ਮੈਂ ਉਸਦੇ ਸਰੀਰ ਨੂੰ ਹਲੂਣ ਕੇ ਜਗਾਉਣ ਦੀ ਕੋਸਿਸ਼ ਕੀਤੀ, ਉਸਦੇ ਸਿਰ ਤੇ ਹੱਥ ਰੱਖਿਆ ਜੋ ਕਿ ਖੂਨ ਨਾਲ ਲੱਥਪਥ ਸੀ। ਮੇਰੇ ਚਿਹਰੇ ‘ਤੇ ਹੰਝੂ ਵਹਿ ਤੁਰੇ। ਮੈਂ ਖੜ੍ਹਾ ਨਹੀਂ ਹੋ ਸਕਿਆ। ਮੈਨੂੰ ਪਾਣੀ ਦਾ ਇੱਕ ਘੱਟ ਚਾਹੀਦਾ ਸੀ। ਮੇਰੇ ਸਾਹਮਣੇ ਖੂਨ ਨਾਲ ਲੱਥਪੱਥ ਲਾਸ਼ਾਂ ਦਾ ਢੇਰ ਪਿਆ ਸੀ, ਕੁਝ ਅਜੇ ਵੀ ਸਹਿਕ ਰਹੇ ਸਨ। ਹਰ ਕਿਸੇ ਨੂੰ 10 ਤੋਂ 12 ਗੋਲੀਆਂ ਲੱਗੀਆਂ ਸਨ। ਉਹ ਭਿਆਨਕ ਦ੍ਰਿਸ਼ ਮੇਰੇ ਦਿਮਾਗ ‘ਤੇ ਅੱਜ ਵੀ ਛਪਿਆ ਹੋਇਆ ਹੈ”।
ਇਨ੍ਹਾਂ 35 ਸ਼ਹੀਦਾਂ ‘ਚ ਸ. ਨਾਨਕ ਸਿੰਘ ਦੇ ਛੋਟੇ ਪੁੱਤਰ ਸਮੇਤ ਪਰਿਵਾਰ ਦੇ ਕੁੱਲ੍ਹ 7 ਜੀਅ ਸਨ। ਸ. ਨਾਨਕ ਸਿੰਘ ਅਨੁਸਾਰ ਹਮਲਾਵਰ ਇੱਕ ਦੂਸਰੇ ਨੂੰ ਪਵਨ, ਬੰਸੀ ਅਤੇ ਬਹਾਦਰ ਕਹਿ ਕੇ ਬੁਲਾ ਰਹੇ ਸਨ।
ਅਮਰੀਕੀ ਰਾਸ਼ਰਪਤੀ ਬਿਲ ਕਲਿੰਟਨ ਦੇ ਭਾਰਤ ਦੌਰੇ ਤੇ ਹੋਣ ਕਾਰਨ ਇਸ ਕਤਲੇਆਮ ਨੇ ਅੰਤਰਰਾਸ਼ਟਰੀ ਪ੍ਰੈੱਸ ਦਾ ਧਿਆਨ ਆਪਣੇ ਵੱਲ ਖਿੱਚਿਆ। BBC, New York Times, The Guardian, The Independent ਸਮੇਤ ਕਈ ਅੰਤਰਰਾਸ਼ਟਰੀ ਅਖ਼ਬਾਰਾਂ ਨੇ ਇਸ ਖੂਨੀਕਾਂਡ ਨੂੰ ਪ੍ਰਮੁੱਖਤਾ ਨਾਲ ਛਾਪਿਆ ਸੀ। ਜੰਮੂ-ਕਸ਼ਮੀਰ ‘ਚ ਉਸ ਸਮੇਂ ਫ਼ਾਰੂਖ਼ ਅਬਦੁੱਲਾ ਦੀ ਸਰਕਾਰ ਸੀ।
ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਬਿਲ ਕਲਿੰਟਨ ਨੇ ਇਸ ਘਟਨਾ ਨੂੰ ਇੱਕ “ਬੇਰਹਿਮ ਹਮਲਾ” ਦੱਸਿਆ ਸੀ। ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇਸ ਹਮਲੇ ਨੂੰ ਨਸਲੀ ਹਿੰਸਾ ਦੀ ਕਾਰਵਾਈ ਦੱਸਦਿਆਂ ਕਿਹਾ ਸੀ ਕਿ “ਸਾਡੇ ਕੋਲ ਇਸ ਖ਼ਤਰੇ ਨੂੰ ਖ਼ਤਮ ਕਰਨ ਦੇ ਸਾਧਨ ਅਤੇ ਇੱਛਾ ਸ਼ਕਤੀ ਹੈ।”
ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ, ਬ੍ਰਜੇਸ਼ ਮਿਸ਼ਰਾ ਨੇ ਕਿਹਾ ਸੀ ਕਿ ਭਾਰਤ ਕੋਲ ਸਬੂਤ ਹਨ ਕਿ ਇਹ ਕਤਲੇਆਮ ਦੋ ਪਾਕਿਸਤਾਨ ਦੇ ਸਮਰਥਨ ਵਾਲੇ ਅੱਤਵਾਦੀ ਸਮੂਹਾਂ, ਲਸ਼ਕਰ-ਏ-ਤੋਇਬਾ ਅਤੇ ਹਿਜਬੁਲ ਮੁਜਾਹਿਦੀਨ ਵੱਲੋਂ ਕੀਤੇ ਗਏ ਹਨ।
ਇਸਦੇ ਜੁਆਬ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸਈਦ ਸਲਾਹੂਦੀਨ ਨੇ ਕਿਹਾ ਸੀ ਕਿ ਕਲਿੰਟਨ ਦੀ ਫੇਰੀ ਤੋਂ ਪਹਿਲਾਂ “ਬੇਰਹਿਮੀ ਨਾਲ ਕੀਤਾ ਗਿਆ ਸਮੂਹਿਕ ਕਤਲੇਆਮ” “ਕਸ਼ਮੀਰ ਦੇ ਆਜ਼ਾਦੀ ਸੰਘਰਸ਼ ਨੂੰ ਬਦਨਾਮ ਕਰਨ ਲਈ ਭਾਰਤੀ ਖੂਫ਼ੀਆ ਏਜੰਸੀਆਂ ਦਾ ਇੱਕ ਯੋਜਨਾਬੱਧ ਕਾਰਾ ਸੀ”। “ਮੁਜਾਹਿਦੀਨਾਂ ਦਾ ਸਿੱਖ ਭਾਈਚਾਰੇ ਵਿਰੁੱਧ ਕੁਝ ਵੀ ਨਹੀਂ ਹੈ, ਉਹ ਤਾਂ ਸਾਡੇ ਸੰਘਰਸ਼ ਨਾਲ ਹਮਦਰਦੀ ਰੱਖਦੇ ਹਨ। ਅਸੀਂ ਉਨ੍ਹਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਕਸ਼ਮੀਰੀ ਆਜ਼ਾਦੀ ਘੁਲਾਟੀਆਂ ਤੋਂ ਸਿੱਖਾਂ ਨੂੰ ਕਦੇ ਕੋਈ ਖ਼ਤਰਾ ਨਾ ਪਹਿਲਾਂ ਸੀ ਅਤੇ ਨਾ ਹੀ ਕਦੇ ਹੋਵੇਗਾ।”
ਪਾਕਿਸਤਾਨ ਦੇ ਵਿਦੇਸ਼ ਮੰਤਰੀ ਅਬਦੁਲ ਸੱਤਾਰ ਨੇ ਵੀ ਭਾਰਤ ਵੱਲੋਂ ਲਗਾਏ ਦੋਸ਼ਾਂ ਦਾ ਖੰਡਨ ਕਰਦਿਆਂ ਇਸ ਕਤਲੇਆਮ ਦੀ ਪੂਰੀ ਜਾਂਚ ਦੀ ਮੰਗ ਕੀਤੀ ਸੀ। ਕਤਲੇਆਮ ਤੋਂ ਪੰਜ ਦਿਨ ਬਾਅਦ 25 ਮਾਰਚ 2000 ਨੂੰ ਭਾਰਤੀ ਫ਼ੌਜ ਨੇ ਪਥਰੀਬਲ ਇਲਾਕੇ ਵਿੱਚ 5 ਕਸ਼ਮੀਰੀ ਨੌਜੁਆਨਾਂ ਨੂੰ ਇਹ ਕਹਿ ਕੇ ਖ਼ਤਮ ਕਰ ਦਿੱਤਾ ਸੀ ਕਿ ਇਹ ਉਹ ਦਹਿਸ਼ਤਗਰਦ ਸਨ ਜਿੰਨ੍ਹਾਂ ਨੇ ਚਿੱਠੀਸਿੰਘਪੁਰਾ ਕਤਲੇਆਮ ਨੂੰ ਅੰਜਾਮ ਦਿੱਤਾ ਸੀ। ਪਰ ਸੀਬੀਆਈ ਨੇ ਜਾਂਚ ਤੋਂ ਬਾਅਦ ਇਸ ਨੂੰ ਝੂਠਾ ਪੁਲਿਸ ਮੁਕਾਬਲਾ ਦੱਸਿਆ ਸੀ।
ਮਈ 2006 ‘ਚ ਸੀਬੀਆਈ ਨੇ 7-ਰਾਸਟਰੀ ਰਾਈਫ਼ਲਸ ਦੇ 5 ਅਧਿਕਾਰੀਆਂ: ਬ੍ਰਿਗੇਡੀਅਰ ਅਜੈ ਸਕਸੈਨਾ, ਲੈਫਟੀਨੈਂਟ ਕਰਨਲ ਬ੍ਰਜੇਂਦਰ ਪ੍ਰਤਾਪ ਸਿੰਘ, ਮੇਜਰ ਸੌਰਭ ਸ਼ਰਮਾ, ਮੇਜਰ ਅਮਿਤ ਸਕਸੈਨਾ ਅਤੇ ਸੂਬੇਦਾਰ ਇਦਰੀਸ ਖਾਨ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ ਸੀ, ਜਿਸ ਵਿੱਚ ਕਤਲ ਕਰਨ, ਕਤਲ ਦੇ ਇਰਾਦੇ ਨਾਲ ਅਗਵਾਹ ਕਰਨ, ਗਲਤ ਢੰਗ ਨਾਲ ਕੈਦ ਕਰਨ, ਅਪਰਾਧਿਕ ਸਾਜਿਸ਼ ਅਤੇ ਭਾਰਤੀ ਦੰਡ ਵਿਧਾਨ (IPC) ਤਹਿਤ ਸਬੂਤਾਂ ਨੂੰ ਨਸ਼ਟ ਕਰਨ ਦੇ ਦੋਸ਼ ਸ਼ਾਮਲ ਸਨ। ਸੀਬੀਆਈ ਦੀ ਜਾਂਚ ਨੇ ਡੀਐਨਏ ਵਿਸ਼ਲੇਸਣ ਰਾਹੀਂ ਇਹ ਸਾਬਤ ਕਰ ਦਿੱਤਾ ਸੀ ਕਿ ਮਾਰੇ ਗਏ ਵਿਅਕਤੀ ਅਗਵਾਹ ਕੀਤੇ ਗਏ ਪਿੰਡ ਵਾਸੀ ਸਨ, ਨਾ ਕਿ ਕੋਈ ਵਿਦੇਸ਼ੀ ਅੱਤਵਾਦੀ।
ਮਈ, 2012 ਨੂੰ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਇਆ ਸੀ ਕਿ ਕੋਈ ਵੀ ਅਦਾਲਤ AFSPA ਕਨੂੰਨ ਲੱਗੇ ਹੋਣ ‘ਤੇ ਫ਼ੌਜ ਵੱਲੋਂ ਸਰਕਾਰੀ ਡਿਊਟੀ ਦੌਰਾਨ ਕੀਤੇ ਗਏ, ਅਪਰਾਧਾਂ ਦਾ ਨੋਟਿਸ ਸਰਕਾਰੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਲੈ ਸਕਦੀ।
ਅਦਾਲਤ ਨੇ ਫ਼ੌਜ ਨੂੰ ਇਹ ਫ਼ੈਸਲਾ ਲੈਣ ਲਈ ਅੱਠ ਹਫ਼ਤਿਆਂ ਦਾ ਸਮਾਂ ਦਿੱਤਾ ਸੀ ਕਿ ਜਾਂ ਤਾਂ ਫ਼ੌਜ ਦੋਸ਼ੀਆਂ ਖ਼ਿਲਾਫ਼ ਜਨਰਲ ਕੋਰਟ ਮਾਰਸ਼ਲ ਰਾਹੀਂ ਮੁਕੱਦਮਾ ਚਲਾਵੇ ਜਾਂ ਫ਼ਿਰ ਸਿਵਲੀਅਨ ਕੋਰਟ ਨੂੰ ਟ੍ਰਾਇਲ ਦੀ ਆਗਿਆ ਦਿੱਤੀ ਜਾਵੇ। ਜਿਸ ਤੇ ਫ਼ੌਜ ਨੇ ਕੋਰਟ ਮਾਰਸ਼ਲ ਦਾ ਰਾਹ ਚੁਣਿਆ ਸੀ।
ਜਨਵਰੀ 2014 ਵਿੱਚ ਫ਼ੌਜ ਨੇ ਦੋਸ਼ੀ ਐਨਾਲੇ ਗਏ ਵਿਅਕਤੀਆਂ ਖ਼ਿਲਾਫ਼ ਸਬੂਤਾਂ ਦੀ ਘਾਟ ਦੱਸਦਿਆਂ ਕੇਸ ਬੰਦ ਕਰ ਦਿੱਤਾ ਸੀ।
2017 ਵਿੱਚ, ਸੇਵਾਮੁਕਤ ਲੈਫਟੀਨੈਂਟ ਜਨਰਲ ਕੇ.ਐਸ. ਗਿੱਲ, ਜੋ ਇੱਕ ਜਾਂਚ ਟੀਮ ਦਾ ਹਿੱਸਾ ਸਨ, ਨੇ ‘ਸਿੱਖ ਨਿਊਜ਼ ਐਕਸਪ੍ਰੈਸ’ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਭਾਰਤੀ ਫ਼ੌਜ ਚਿੱਠੀਸਿੰਘਪੁਰਾ ਕਤਲੇਆਮ ਵਿੱਚ ਸ਼ਾਮਲ ਸੀ, ਜਿਸਦੀ ਰਿਪੋਰਟ ਉਨ੍ਹਾਂ ਨੇ ਤਤਕਾਲੀ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਵੀ ਸੌਂਪੀ ਸੀ।
ਉਨ੍ਹਾਂ ਅਨੁਸਾਰ ਇਸ ਕਤਲੇਆਮ ਨੂੰ ਅੰਜਾਮ, ਆਤਮ ਸਮਰਪਣ ਕਰ ਚੁੱਕੇ ਅੱਤਵਾਦੀਆਂ ਨੇ ਦਿੱਤਾ ਸੀ, ਜਿੰਨ੍ਹਾਂ ਨੂੰ ਭਾਰਤੀ ਫ਼ੌਜ ਦਾ ਪੂਰਾ ਸਹਿਯੋਗ ਹਾਸਲ ਸੀ, ਕਿਉਂਕਿ ਫ਼ੌਜ ਆਪ ਅਜਿਹਾ ਕਰਨ ਦੀ ਬਜਾਇ ਇਨ੍ਹਾਂ ਅੱਤਵਾਦੀਆਂ ਨੂੰ ਮੁਹਰੇ ਲਾ ਕੇ ਵਰਤ ਰਹੀ ਸੀ।
ਉਸ ਸਮੇਂ ਅਮਰੀਕਾ ਪਾਕਿਸਤਾਨ ਨੂੰ ਹਥਿਆਰ ਮੁਹੱਈਆ ਕਰਵਾ ਰਿਹਾ ਸੀ ਅਤੇ ਭਾਰਤ ਨੂੰ ਕੋਈ ਮਦਦ ਨਹੀਂ ਮਿਲ ਰਹੀ ਸੀ। ਜਰਲਨ ਗਿੱਲ ਅਨੁਸਾਰ ਇਸ ਕਤਲੇਆਮ ਨੂੰ ਕਰਵਾਉਣ ਦਾ ਸਿਰਫ਼ ਇਹੀ ਕਾਰਨ ਸੀ ਕਿ ਭਾਜਪਾ ਸਰਕਾਰ ਕਲਿੰਟਨ ਨੂੰ ਦੱਸਣਾ ਚਾਹੁੰਦੀ ਸੀ ਕਿ ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਲੋਕਾਂ ਨੂੰ ਮਾਰ ਰਿਹਾ ਹੈ, ਤਾਂ ਜੋ ਪਾਕਿਸਤਾਨ ਨੂੰ ਅਮਰੀਕਾ ਵੱਲੋਂ ਦਿੱਤੀ ਜਾਂਦੀ ਮਦਦ ਨੂੰ ਰੋਕਿਆ ਜਾ ਸਕੇ।
ਭਾਵੇਂ ਪਥਰੀਬਲ ਐਨਕਾਉਂਟਰ ਦੀ ਜਾਂਚ ਵਿੱਚ ਭਾਰਤੀ ਫ਼ੌਜ ਦੀ ਸਮੂਲੀਅਤ ਜੱਗ ਜਾਹਰ ਹੋਣ ਤੇ ਵੀ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਹੋਈ। ਪਰ ਚਿੱਠੀਸਿੰਘਪੁਰਾ ਕਤਲੇਆਮ ਦੇ 25 ਸਾਲ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਤਾਂ ਕੋਈ ਜਾਂਚ ਨਹੀਂ ਕੀਤੀ ਗਈ। ਸਜ਼ਾ ਮਿਲਣੀ ਤਾਂ ਬਹੁਤ ਦੂਰ ਦੀ ਗੱਲ ਹੈ।
ਪਿੱਛੇ ਜਿਹੇ ਭਾਰਤ ਵਿੱਚ ਪਬੰਦੀਸ਼ੁਦਾ ਜਥੇਬੰਦੀ ਸਿੱਖਸ ਫ਼ਾਰ ਜਸਟਿਸ ਦੇ ਕਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਆਪਣੇ ਟਵਿੱਟਰ ‘ਤੇ ਇੱਕ ਵੀਡੀਓ ਸਾਂਝੀ ਕਰਕੇ ਚਿੱਠੀਸਿੰਘਪੁਰਾ ਕਤਲੇਆਮ ਕਰਵਾਉਣ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਹੋਣ ਦਾ ਦਾਅਵਾ ਕੀਤਾ ਸੀ। ਵੀਡੀਓ ਵਿੱਚ ਇੱਕ ਫ਼ੌਜ ਦਾ ਸੇਵਾਮੁਕਤ ਕੈਪਟਨ ਰਾਠੌਰ ਦੱਸਦਾ ਹੈ ਕਿ ਇਸ ਕਤਲੇਆਮ ਦੀ ਯੋਜਨਾ ਰਾਸ਼ਟਰੀ ਰਾਈਫ਼ਲਸ ਦੇ ਹੈੱਡਕੁਆਟਰ ਵਿਖੇ ਉਲੀਕੀ ਗਈ ਸੀ ਅਤੇ ਉਹ ਕਤਲੇਆਮ ਕਰਨ ਵਾਲੀ ਇੱਕ ਹਥਿਆਰਬੰਦ ਟੁਕੜੀ ਦੀ ਅਗਵਾਈ ਕਰ ਰਿਹਾ ਸੀ।
ਉਸਦੇ ਮੁਤਾਬਕ ਉਨ੍ਹਾਂ ਨੂੰ ਇਹ ਹੁਕਮ ਦਿੱਤੇ ਗਏ ਸਨ ਕਿ ਸਾਰੀ ਘਟਨਾ ਨੂੰ ਇਸ ਤਰ੍ਹਾਂ ਅੰਜਾਮ ਦੇਣਾ ਹੈ ਕਿ ਜਿਸ ਤੋਂ ਇਹ ਲੱਗੇ ਕਿ ਇਹ ਪਾਕਿਸਤਾਨੀ ਦਹਿਸ਼ਤਗਰਦਾਂ ਦਾ ਕੰਮ ਹੈ, ਜਿਸ ਲਈ ਬਤੌਰ ਉਨ੍ਹਾਂ ਨੂੰ ਟਰੇਨਿੰਗ ਵੀ ਦਿੱਤੀ ਗਈ ਸੀ। ਕੈਪਟਨ ਰਾਠੌਰ ਅੱਗੇ ਦੱਸਦਾ ਹੈ ਕਿ ਇਸ ਕਤਲੇਆਮ ਵਿੱਚ ਸ਼ਾਮਲ ਉਸਦੇ ਸਾਰੇ ਸਾਥੀਆਂ ਨੂੰ ਭਾਰਤੀ ਏਜੰਸੀਆਂ ਨੇ ਇੱਕ-ਇੱਕ ਕਰਕੇ ਖ਼ਤਮ ਕਰ ਦਿੱਤਾ ਹੈ ਅਤੇ ਭਾਰਤੀ ਏਜੰਸੀਆਂ ਉਸਦਾ ਵੀ ਪਿੱਛਾ ਕਰ ਰਹੀਆਂ ਹਨ, ਜਿਸ ਕਰਕੇ ਉਹ ਆਪਣੀ ਜਾਨ ਬਚਾਉਣ ਲਈ ਲੁਕਦਾ-ਛਿਪਦਾ ਯੂਰੋਪ ਤੋਂ ਅਮਰੀਕਾ ਪਹੁੰਚਿਆ ਹੈ। ਪਰ ਅਸੀਂ ‘ਦ ਖਾਲਸਾ ਟੀਵੀ ਵੱਲੋਂ ਪੰਨੂ ਜਾਂ ਕੈਪਟਨ ਰਾਠੌਰ ਦੱਸੇ ਜਾਂਦੇ ਵਿਅਕਤੀ ਵੱਲੋਂ ਵੀਡੀਓ ‘ਚ ਦਰਸਾਏ ਗਏ ਤੱਥਾਂ ਦੀ ਪੁਸ਼ਟੀ ਨਹੀਂ ਕਰਦੇ।
ਕਤਲੇਆਮ ਤੋਂ 25 ਸਾਲ ਬਾਅਦ ਵੀ ਨਾ ਤਾਂ ਅਸਲ ਦੋਸ਼ੀਆਂ ਨੂੰ ਕਦੇ ਫ਼ੜਿਆ ਗਿਆ ਅਤੇ ਨਾ ਹੀ ਪਰਿਵਾਰਾਂ ਨੂੰ ਇਨਸਾਫ਼ ਮਿਲਿਆ। ਬਸ ਮੁਆਵਜ਼ੇ ਵਜੋਂ ਹਰੇਕ ਪਰਿਵਾਰ ਨੂੰ 1-1 ਲੱਖ ਰੁਪਏ ਅਤੇ ਇੱਕ ਸਰਕਾਰੀ ਨੌਕਰੀ ਦਿੱਤੀ ਗਈ। ਹਰ ਸਾਲ ਪਿੰਡ ਵਾਸੀਆਂ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ ਅਤੇ ਕਸ਼ਮੀਰ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾਂਦੀ ਹੈ। ਅੱਜ ਵੀ ਪਿੰਡ ਵਾਸੀਆਂ ਨੇ ਉਹ ਕੰਧਾਂ ਜਿੱਥੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀ ਅਤੇ ਉਨ੍ਹਾਂ ਤੇ ਲੱਗੇ ਗੋਲੀਆਂ ਦੇ ਨਿਸ਼ਾਨ ਜਿਉਂ ਦੇ ਤਿਉਂ ਸਾਂਭ ਕੇ ਰੱਖੇ ਹੋਏ ਹਨ।