‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੀਨ ਨੇ ਕੱਲ੍ਹ ਬ੍ਰਿਟੇਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਕੋਲਡ ਵਾਰ ਪਲੇਬੁੱਕ ਦੀ ਪਾਲਣਾ ਨਾ ਕਰੇ ਕਿਉਂਕਿ ਅੱਗੇ ਚੱਲ ਕੇ ਇਸਦਾ ਕੋਈ ਨਤੀਜਾ ਨਹੀਂ ਨਿਕਲਣ ਵਾਲਾ ਹੈ। ਦਰਅਸਲ, ਇਸ ਤੋਂ ਪਹਿਲਾਂ ਬ੍ਰਿਟੇਨ ਦੇ ਉੱਚ ਅਧਿਕਾਰੀਆਂ ਅਤੇ ਰੱਖਿਆ ਮਾਮਲਿਆਂ ਦੇ ਮਾਹਿਰਾਂ ਨੇ ਆਪਣੇ ਅਸਟ੍ਰੇਲੀਆਈ ਹਮਰੁਤਬਾ ਦੇ ਨਾਲ ਗੱਲ ਕੀਤੀ ਸੀ ਅਤੇ ਰੂਸ-ਚੀਨ ਦਾ ਮੁਕਾਬਲਾ ਕਰਨ ਲਈ AUKUS ਅਤੇ ਇੱਕ ਵਿਚਾਰਧਾਰਕ ਸਮੂਹ ਦੇ ਸੁਮੇਲ ਨੂੰ ਅੱਗੇ ਵਧਾਉਣ ‘ਤੇ ਜ਼ੋਰ ਦਿੱਤਾ ਸੀ। ਬ੍ਰਿਟੇਨ ਦੇ ਇਸ ਕਦਮ ਤੋਂ ਬਾਅਦ ਚੀਨ ਨੇ ਪ੍ਰਤੀਕਿਰਿਆ ਦਿੰਦਿਆਂ ਚਿਤਾਵਨੀ ਦਿੱਤੀ ਹੈ।
AUKUS ਇੱਕ ਇਤਿਹਾਸਕ ਸੁਰੱਖਿਆ ਸਮਝੌਤਾ ਹੈ ਜਿਸ ਵਿੱਚ ਅਮਰੀਕਾ, ਬ੍ਰਿਟੇਨ ਅਤੇ ਅਸਟ੍ਰੇਲੀਆ ਸ਼ਾਮਿਲ ਹਨ। ਇਸ ਸਮਝੌਤੇ ਦੇ ਪਿੱਛੇ ਅਮਰੀਕਾ ਦਾ ਉਦੇਸ਼ ਚੀਨ ਦੇ ਇਸ ਖੇਤਰ ਵਿੱਚ ਵੱਧਦੇ ਦਬਦਬੇ ਨੂੰ ਘੱਟ ਕਰਨਾ ਦੱਸਿਆ ਜਾ ਰਿਹਾ ਹੈ। ਚੀਨ ਨੇ AUKUS ਦੇ ਗਠਨ ਤੋਂ ਬਾਅਦ ਇਸਦੀ ਨਿੰਦਾ ਕਰਦਿਆਂ ਕਿਹਾ ਸੀ ਕਿ ਇਹ ਬੇਹੱਦ ਗੈਰ-ਜ਼ਿੰਮੇਵਾਰਾਨਾ ਹੈ।