‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਲੱਦਾਖ ਦੇ ਦੇਮਚੋਕ ਖੇਤਰ ਵਿਚ ਸਿੰਧੂ ਦਰਿਆ ਦੇ ਦੂਜੇ ਪਾਸੇ ਕੁੱਝ ਚੀਨੀ ਸੈਨਿਕ ਤੇ ਹੋਰ ਨਾਗਰਿਕ ਦੇਖੇ ਗਏ ਹਨ। ਇਨ੍ਹਾਂ ਨੇ ਹੱਥਾਂ ਵਿੱਚ ਚੀਨੀ ਝੰਡੇ ਤੇ ਬੈਨਰ ਫੜ੍ਹੇ ਹੋਏ ਸਨ ਤੇ ਇਹ ਦਲਾਈ ਲਾਮਾ ਦਾ ਜਨਮ ਦਿਨ ਮਨਾਂ ਰਹੇ ਭਾਰਤੀਆਂ ਦਾ ਵਿਰੋਧ ਕਰ ਰਹੇ ਸਨ। ਇੰਡੀਆ ਟੁਡੇ ਦੀ ਖਬਰ ਮੁਤਾਬਿਕ ਇਹ ਘਟਨਾ 6 ਜੁਲਾਈ ਦੀ ਹੈ।
ਖਬਰ ਅਨੁਸਾਰ ਇਹ ਪੰਜ ਗੱਡੀਆਂ ਵਿਚ ਆਏ ਸਨ।ਇੱਥੇ ਇਹ ਵੀ ਜਿਕਰਯੋਗ ਹੈ ਕਿ ਪਿੱਛਲੇ ਹਫਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦਲਾਈ ਲਾਮਾ ਨੂੰ ਉਨ੍ਹਾਂ ਦੇ 86ਵੇਂ ਜਨਮਦਿਨ ਉੱਤੇ ਵਧਾਈ ਵੀ ਦਿੱਤੀ ਸੀ। ਇਹ ਪਹਿਲੀ ਵਾਰ ਹੈ ਕਿ ਨਰਿੰਦਰ ਮੋਦੀ ਨੇ 2014 ਵਿਚ ਪ੍ਰਧਾਨ ਮੰਤਰੀ ਦੇ ਤੌਰ ਉੱਤੇ ਅਹੁਦਾ ਸੰਭਾਲਣ ਤੋਂ ਬਾਅਦ ਜਨਤਕ ਤੌਰ ਉੱਤੇ ਦਲਾਈ ਲਾਮਾ ਨਾਲ ਗੱਲਬਾਤ ਦੀ ਪੁਸ਼ਟੀ ਕੀਤੀ ਹੈ।
ਮੰਗਲਵਾਰ ਨੂੰ ਕੀਤੇ ਟਵੀਟ ਵਿੱਚ ਮੋਦੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਫੋਨ ਉੱਤੇ ਦਲਾਈਲਾਮਾ ਨਾਲ ਜਨਮਦਿਨ ਦੀਆਂ ਮੁਬਾਰਕਾਂ ਸਾਝੀਆਂ ਕੀਤੀਆਂ ਹਨ। ਅਸੀਂ ਉਨ੍ਹਾਂ ਦੀ ਲੰਬੀ ਤੇ ਸਿਹਮੰਦ ਜਿੰਦਗੀ ਦੀ ਕਾਮਨਾ ਕਰਦੇ ਹਾਂ। ਇੱਥੇ ਇਹ ਵੀ ਦੱਸਣਯੋਗ ਹੈ ਕਿ ਭਾਰਤ ਸਰਕਾਰ ਨੇ ਚੀਨ ਨੂੰ ਚੀਨੀ ਕੰਮਿਊਨਿਲਟ ਪਾਰਟੀ ਦੇ ਸੌ ਸਾਲ ਪੂਰੇ ਹੋਣ ਉੱਤੇ ਕੋਈ ਸ਼ੁੱਭਕਾਮਨਾ ਨਹੀਂ ਭੇਜੀ ਹੈ।