ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ’ਤੇ ਆਪਣੇ ਦਾਅਵੇ ਦੀ ਕੋਸ਼ਿਸ਼ ਤਹਿਤ ਇਸ ਭਾਰਤੀ ਰਾਜ ਵਿੱਚ ਵੱਖ-ਵੱਖ ਥਾਵਾਂ ਦੇ 30 ਨਵੇਂ ਨਾਵਾਂ ਦੀ ਚੌਥੀ ਸੂਚੀ ਜਾਰੀ ਕੀਤੀ ਹੈ। ਭਾਰਤ ਅਰੁਣਾਚਲ ਪ੍ਰਦੇਸ਼ ਵਿੱਚ ਸਥਾਨਾਂ ਦੇ ਨਾਮ ਬਦਲਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨੂੰ ਰੱਦ ਕਰਦਾ ਰਿਹਾ ਹੈ।
ਉਸ ਦਾ ਕਹਿਣਾ ਹੈ ਕਿ ਇਹ ਸੂਬਾ ਦੇਸ਼ ਦਾ ਅਨਿੱਖੜਵਾਂ ਅੰਗ ਹੈ ਅਤੇ ਇਸ ਨੂੰ ‘ਕਾਲਪਨਿਕ’ ਨਾਂ ਰੱਖਣ ਨਾਲ ਇਹ ਹਕੀਕਤ ਨਹੀਂ ਬਦਲੇਗੀ। ਚੀਨੀ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਨੇ ‘ਜੰਗਨਾਨ’ ਵਿੱਚ ਭੂਗੋਲਿਕ ਨਾਵਾਂ ਦੀ ਚੌਥੀ ਸੂਚੀ ਜਾਰੀ ਕੀਤੀ। ਚੀਨ ਅਰੁਣਾਚਲ ਪ੍ਰਦੇਸ਼ ਨੂੰ ‘ਜੰਗਨਾਨ’ ਕਹਿੰਦਾ ਹੈ ਅਤੇ ਰਾਜ ਨੂੰ ਦੱਖਣੀ ਤਿੱਬਤ ਦਾ ਹਿੱਸਾ ਹੋਣ ਦਾ ਦਾਅਵਾ ਕਰਦਾ ਹੈ। ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ ‘ਤੇ ਖੇਤਰ ਲਈ 30 ਹੋਰ ਨਾਂ ਪੋਸਟ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਅਰੁਣਾਚਲ ਪ੍ਰਦੇਸ਼ ‘ਤੇ ਆਪਣਾ ਦਾਅਵਾ ਮਜ਼ਬੂਤ ਕਰਨ ਲਈ ਚੀਨ ਇੱਥੋਂ ਦੀਆਂ ਥਾਵਾਂ ਦੇ ਨਵੇਂ-ਨਵੇਂ ਨਾਂ ਜਾਰੀ ਕਰ ਰਿਹਾ ਹੈ। ਹਾਲਾਂਕਿ ਭਾਰਤ ਉਨ੍ਹਾਂ ਨੂੰ ਨਕਾਰਦਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਚੀਨ ਦੇ ਨਵੇਂ ਨਾਂ ਸੱਚਾਈ ਨੂੰ ਨਹੀਂ ਬਦਲਣਗੇ ਅਤੇ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਹੈ।
ਚੀਨ ਦੇ ਸਰਕਾਰੀ ਅਖਬਾਰ ‘ਗਲੋਬਲ ਟਾਈਮਜ਼’ ਨੇ ਖਬਰ ਦਿੱਤੀ ਹੈ ਕਿ ਚੀਨ ਦੇ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਨੇ ਜ਼ਾਂਗਨ (ਚੀਨ ਦਾ ਅਰੁਣਾਚਲ ਪ੍ਰਦੇਸ਼ ਦਾ ਨਵਾਂ ਨਾਂ) ‘ਚ 30 ਥਾਵਾਂ ਦੇ ਨਵੇਂ ਨਾਂ ਜਾਰੀ ਕੀਤੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2017 ਵਿੱਚ ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਨਵੇਂ ਨਾਵਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ।
ਇਸ ਵਿੱਚ ਛੇ ਨਵੇਂ ਨਾਂ ਸ਼ਾਮਲ ਕੀਤੇ ਗਏ ਸਨ। 2021 ਵਿੱਚ 15 ਥਾਵਾਂ ਦੇ ਨਵੇਂ ਨਾਮ ਦਿੱਤੇ ਗਏ ਸਨ। ਜਦੋਂ ਕਿ 2023 ਵਿੱਚ 11 ਨਵੇਂ ਨਾਵਾਂ ਦੀ ਸੂਚੀ ਜਾਰੀ ਕੀਤੀ ਗਈ ਸੀ। ਹਾਲ ਹੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਰੁਣਾਚਲ ਪ੍ਰਦੇਸ਼ ਦੌਰੇ ‘ਤੇ ਚੀਨ ਨੇ ਇਤਰਾਜ਼ ਜਤਾਇਆ ਸੀ।
ਪੀਐਮ ਨੇ ਉੱਥੇ ਸੈਨਾ ਨਾਲ ਸਬੰਧਤ ਕੁਝ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਸੀ। ਇਸ ‘ਤੇ ਚੀਨ ਵੱਲੋਂ ਇਤਰਾਜ਼ ਜਤਾਉਣ ਤੋਂ ਬਾਅਦ ਭਾਰਤ ਨੇ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਹੈ।