‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੀਨ ਨੇ ਅਰੁਣਾਚਲ ਪ੍ਰਦੇਸ਼ ਦੀਆਂ ਕੁੱਝ ਜਗ੍ਹਾਵਾਂ ਦਾ ਨਵਾਂ ਨਾਮ ਰੱਖ ਦਿੱਤਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਚੀਨ ਦੇ ਇਸ ਕਦਮ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਅਰੁਣਾਚਲ ਪ੍ਰਦੇਸ਼ ਹਮੇਸ਼ਾ ਭਾਰਤ ਦਾ ਅਟੁੱਟ ਅੰਗ ਰਿਹਾ ਹੈ ਅਤੇ ਅੱਗੇ ਵੀ ਰਹੇਗਾ। ਵਿਦੇਸ਼ ਮੰਤਰਾਲੇ ਨੇ ਇਸ ਬਾਰੇ ਆਈਆਂ ਰਿਪੋਰਟਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਚੀਨ ਇਸ ਤਰ੍ਹਾਂ ਪਹਿਲਾਂ ਵੀ ਕਰ ਚੁੱਕਿਆ ਹੈ ਪਰ ਇਸ ਵਾਲ ਤੱਥ ਨਹੀਂ ਬਦਲ ਜਾਂਦੇ।
ਜਾਣਕਾਰੀ ਮੁਤਾਬਕ ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ 15 ਸਥਾਨਾਂ ਦੇ ਲਈ ਚੀਨੀ, ਤਿੱਬਤੀ ਅਤੇ ਰੋਮਨ ਵਿੱਚ ਨਵੇਂ ਨਾਮਾਂ ਦੀ ਲਿਸਟ ਜਾਰੀ ਕੀਤੀ ਹੈ। ਜਾਣਕਾਰੀ ਮੁਤਾਬਕ ਚੀਨ ਦੇ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਉਸਨੇ ਜਾਂਗਨਾਨ (ਅਰੁਣਾਚਲ ਪ੍ਰਦੇਸ਼ ਦਾ ਚੀਨੀ ਨਾਮ) ਦੇ 15 ਸਥਾਨਾਂ ਦੇ ਨਾਮਾਂ ਨੂੰ ਚੀਨੀ, ਤਿੱਬਤੀ ਅਤੇ ਰੋਮਨ ਵਿੱਚ ਜਾਰੀ ਕੀਤਾ ਗਿਆ ਹੈ। ਰਿਪੋਰਟ ਦੇ ਅਨੁਸਾਰ ਚੀਨ ਸਰਕਾਰ ਨੇ 15 ਸਥਾਨਾਂ ਦਾ ਨਾਮ ਬਦਲਿਆ ਹੈ ਅਤੇ ਉਨ੍ਹਾਂ ਦਾ ਨਿਸ਼ਚਿਤ ਅਕਸ਼ਾਂਸ਼ ਅਤੇ ਦੇਸ਼ਾਂਤਰ ਦੱਸਿਆ ਹੈ। ਇਨ੍ਹਾਂ ਵਿੱਚ ਅੱਠ ਰਿਹਾਇਸ਼ੀ ਸਥਾਨ ਹਨ, ਚਾਰ ਪਹਾੜ, ਦੋ ਨਦੀਆਂ ਅਤੇ ਇੱਕ ਪਾਸਾ ਹੈ।
ਰਿਪੋਰਟ ਮੁਤਾਬਕ ਇਹ ਐਲਾਨ ਇਨ੍ਹਾਂ ਸਥਾਨਾਂ ਦੇ ਨਾਂਵਾਂ ਬਾਰੇ ਇੱਕ ਰਾਸ਼ਟਰੀ ਸਰਵੇਖਣ ਤੋਂ ਬਾਅਦ ਐਲਾਨ ਕੀਤਾ ਗਿਆ ਹੈ ਅਤੇ ਇਹ ਨਾਮ ਸੈਂਕੜੇ ਸਾਲਾਂ ਤੋਂ ਚੱਲੇ ਆ ਰਹੇ ਹਨ। ਮਾਹਿਰ ਨੇ ਇਹ ਵੀ ਕਿਹਾ ਕਿ ਇਨ੍ਹਾਂ ਸਥਾਨਾਂ ਦੇ ਮਿਆਰੀ ਨਾਮ ਰੱਖਣਾ ਇੱਕ ਜਾਇਜ਼ ਕਦਮ ਹੈ ਅਤੇ ਭਵਿੱਖ ਵਿੱਚ ਇਸ ਖੇਤਰ ਵਿੱਚ ਹੋਰ ਥਾਂਵਾਂ ਦੇ ਨਾਮ ਵੀ ਰੱਖੇ ਜਾਣਗੇ। ਇਸ ਰਿਪੋਰਟ ‘ਤੇ ਪ੍ਰਤੀਕਿਰਿਆ ਦਿੰਦਿਆਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕੀਤਾ। ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਸ ਬਿਆਨ ‘ਚ ਕਿਹਾ ਹੈ, ”ਅਸੀਂ ਇਸ ਨੂੰ ਦੇਖਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਚੀਨ ਨੇ ਅਰੁਣਾਚਲ ਪ੍ਰਦੇਸ਼ ਦਾ ਨਾਂ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਚੀਨ ਅਪ੍ਰੈਲ 2017 ਵਿੱਚ ਵੀ ਅਜਿਹੇ ਨਾਂ ਰੱਖਣਾ ਚਾਹੁੰਦਾ ਸੀ।
ਉਨ੍ਹਾਂ ਕਿਹਾ, “ਅਰੁਣਾਚਲ ਪ੍ਰਦੇਸ਼ ਹਮੇਸ਼ਾ ਤੋਂ ਭਾਰਤ ਦਾ ਅਨਿੱਖੜਵਾਂ ਅੰਗ ਰਿਹਾ ਹੈ ਅਤੇ ਹਮੇਸ਼ਾ ਰਹੇਗਾ। ਅਰੁਣਾਚਲ ਪ੍ਰਦੇਸ਼ ਦੇ ਨਾਮ ਰੱਖਣ ਨਾਲ ਇਹ ਤੱਥ ਨਹੀਂ ਬਦਲਦਾ ਹੈ।” ਚੀਨ ਪਿਛਲੇ ਦਿਨੀਂ ਅਰੁਣਾਚਲ ਪ੍ਰਦੇਸ਼ ਨੂੰ ਲੈ ਕੇ ਲਗਾਤਾਰ ਦਾਅਵੇ ਕਰਦਾ ਰਿਹਾ ਹੈ ਅਤੇ ਭਾਰਤ ਹਰ ਵਾਰ ਇਸ ਦਾ ਜ਼ੋਰਦਾਰ ਖੰਡਨ ਕਰਦਾ ਰਿਹਾ ਹੈ। ਚੀਨ ਅਰੁਣਾਚਲ ਪ੍ਰਦੇਸ਼ ਨੂੰ ਆਪਣੀ ਜ਼ਮੀਨ ਦੱਸ ਰਿਹਾ ਹੈ ਅਤੇ ਇਸਨੂੰ ਦੱਖਣੀ ਤਿੱਬਤ ਕਹਿੰਦਾ ਹੈ।