ਬਿਊਰੋ ਰਿਪੋਰਟ (ਸ਼ੰਘਾਈ, 24 ਨਵੰਬਰ 2025): ਬ੍ਰਿਟੇਨ ਵਿੱਚ ਰਹਿਣ ਵਾਲੀ ਭਾਰਤੀ ਮੂਲ ਦੀ ਔਰਤ ਪ੍ਰੇਮਾ ਵਾਂਗਜੌਮ ਨੇ ਇਲਜ਼ਾਮ ਲਾਇਆ ਹੈ ਕਿ ਚੀਨ ਦੇ ਸ਼ੰਘਾਈ ਹਵਾਈ ਅੱਡੇ ’ਤੇ ਚੀਨੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਘੰਟਿਆਂਬੱਧੀ ਰੋਕੀ ਰੱਖਿਆ ਅਤੇ ਬੁਰੀ ਤਰ੍ਹਾਂ ਪ੍ਰੇਸ਼ਾਨ ਕੀਤਾ।
ਇੰਡੀਆ ਟੂਡੇ ਨਾਲ ਗੱਲਬਾਤ ਕਰਦਿਆਂ ਪ੍ਰੇਮਾ ਨੇ ਦੱਸਿਆ ਕਿ ਚੀਨੀ ਅਧਿਕਾਰੀਆਂ ਨੇ ਉਸ ਦਾ ਭਾਰਤੀ ਪਾਸਪੋਰਟ ਮੰਨਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਸ ਵਿੱਚ ਜਨਮ ਸਥਾਨ ਵਜੋਂ ਅਰੁਣਾਚਲ ਪ੍ਰਦੇਸ਼ ਲਿਖਿਆ ਹੋਇਆ ਸੀ। ਉਹ 21 ਨਵੰਬਰ ਨੂੰ ਲੰਡਨ ਤੋਂ ਜਾਪਾਨ ਜਾ ਰਹੀ ਸੀ, ਅਤੇ ਸ਼ੰਘਾਈ ਪੁਡੋਂਗ ਏਅਰਪੋਰਟ ’ਤੇ ਉਸ ਦਾ 3 ਘੰਟੇ ਦਾ ਟਰਾਂਜ਼ਿਟ ਸੀ।
ਪ੍ਰੇਮਾ ਨੇ ਇਲਜ਼ਾਮ ਲਾਇਆ ਕਿ ਇਮੀਗ੍ਰੇਸ਼ਨ ਕਾਊਂਟਰ ’ਤੇ ਅਧਿਕਾਰੀਆਂ ਨੇ ਉਸ ਦੇ ਪਾਸਪੋਰਟ ਨੂੰ ‘ਗ਼ੈਰ-ਕਾਨੂੰਨੀ’ (Invalid) ਕਰਾਰ ਦੇ ਦਿੱਤਾ ਅਤੇ ਦਾਅਵਾ ਕੀਤਾ ਕਿ ਅਰੁਣਾਚਲ ਪ੍ਰਦੇਸ਼ ਚੀਨ ਦਾ ਹਿੱਸਾ ਹੈ। ਉਸ ਕੋਲੋਂ 18 ਘੰਟੇ ਪੁੱਛਗਿੱਛ ਕੀਤੀ ਗਈ ਅਤੇ ਉਸ ਦਾ ਮਜ਼ਾਕ ਉਡਾਇਆ ਗਿਆ।
ਪਾਸਪੋਰਟ ਜ਼ਬਤ, ਫਲਾਈਟ ’ਤੇ ਨਹੀਂ ਚੜ੍ਹਨ ਦਿੱਤਾ
ਪ੍ਰੇਮਾ ਨੇ ਦੱਸਿਆ ਕਿ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਅਤੇ ਕਾਨੂੰਨੀ ਵੀਜ਼ਾ ਹੋਣ ਦੇ ਬਾਵਜੂਦ ਉਸ ਨੂੰ ਜਾਪਾਨ ਜਾਣ ਵਾਲੀ ਅਗਲੀ ਫਲਾਈਟ ਵਿੱਚ ਸਵਾਰ ਨਹੀਂ ਹੋਣ ਦਿੱਤਾ ਗਿਆ। ਉਸ ਨੇ ਇਹ ਵੀ ਇਲਜ਼ਾਮ ਲਾਇਆ ਕਿ ਉੱਥੇ ਮੌਜੂਦ ਕਈ ਇਮੀਗ੍ਰੇਸ਼ਨ ਅਧਿਕਾਰੀਆਂ ਅਤੇ ਚਾਈਨਾ ਈਸਟਰਨ ਏਅਰਲਾਈਨਜ਼ ਦੇ ਕਰਮਚਾਰੀਆਂ ਨੇ ਉਸ ਦਾ ਮਜ਼ਾਕ ਉਡਾਇਆ, ਉਸ ’ਤੇ ਹੱਸੇ ਅਤੇ ਉਸ ਨੂੰ ਚੀਨੀ ਪਾਸਪੋਰਟ ਲਈ ਅਪਲਾਈ ਕਰਨ ਲਈ ਤਾਅਨੇ ਮਾਰੇ।
ਪ੍ਰੇਮਾ ਨੇ ਕਿਹਾ ਕਿ ਜਿਹੜਾ ਟਰਾਂਜ਼ਿਟ ਸਿਰਫ਼ 3 ਘੰਟੇ ਦਾ ਹੋਣਾ ਚਾਹੀਦਾ ਸੀ, ਉਹ ਉਸ ਲਈ 18 ਘੰਟੇ ਦਾ ਪ੍ਰੇਸ਼ਾਨੀ ਭਰਿਆ ਹਾਦਸਾ ਬਣ ਗਿਆ। ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਨੂੰ ਨਾ ਸਹੀ ਜਾਣਕਾਰੀ ਦਿੱਤੀ ਗਈ, ਨਾ ਠੀਕ ਤਰ੍ਹਾਂ ਖਾਣਾ ਮਿਲਿਆ ਅਤੇ ਨਾ ਹੀ ਏਅਰਪੋਰਟ ਦੀਆਂ ਸਹੂਲਤਾਂ ਦੀ ਵਰਤੋਂ ਕਰਨ ਦਿੱਤੀ ਗਈ।
ਪ੍ਰੇਮਾ ਨੇ ਇਸ ਸਾਰੇ ਵਰਤਾਓ ਨੂੰ ਭਾਰਤ ਦੀ ਪ੍ਰਭੂਸੱਤਾ ਅਤੇ ਅਰੁਣਾਚਲ ਪ੍ਰਦੇਸ਼ ਦੇ ਨਾਗਰਿਕਾਂ ਦਾ ਅਪਮਾਨ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਇਸ ਸਬੰਧੀ ਸ਼ਿਕਾਇਤੀ ਚਿੱਠੀ ਲਿਖੀ ਹੈ।

