‘ਦ ਖ਼ਾਲਸ ਬਿਊਰੋ :- ਚੀਨ ਨੇ ਬੀਬੀਸੀ ‘ਤੇ ਗਲਤ ਅਤੇ ਝੂਠੀ ਪੱਤਰਕਾਰੀ ਕਰਨ ਦਾ ਦਾਅਵਾ ਕਰਦਿਆਂ ਚੀਨ ਵਿੱਚ ਬੀਬੀਸੀ ਵਰਲਡ ਸਰਵਿਸ ਟੈਲੀਵਿਜ਼ਨ ਨੂੰ ਪ੍ਰਸਾਰਣ ਕਰਨ ‘ਤੇ ਰੋਕ ਲਾ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿਛਲੇ ਮਹੀਨਿਆਂ ਵਿੱਚ ਚੀਨ ਨੇ ਬੀਬੀਸੀ ਦੀ ਕੋਰੋਨਾਵਾਇਰਸ ਮਹਾਂਮਾਰੀ ਅਤੇ ਸ਼ਿਨਜਿਆਂਗ ‘ਚ ਵਿਘਰ ਮੁਸਲਮਾਨਾਂ ਦੇ ਸ਼ੋਸ਼ਣ ‘ਤੇ ਜਾਰੀ ਰਿਪੋਰਟਾਂ ਦੀ ਆਲੋਚਨਾ ਕੀਤੀ ਹੈ।
ਬ੍ਰਿਟੇਨ ਦੇ ਦੇਸ਼ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਚੀਨ ‘ਚ ਇੰਟਰਨੈੱਟ ਅਤੇ ਮੀਡੀਆ ‘ਤੇ ਸਭ ਤੋਂ ਜ਼ਿਆਦਾ ਸਖਤ ਪਾਬੰਦੀਆਂ ਲਾਗੂ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਪਾਬੰਦੀਆਂ ਲਾਉਣ ਦਾ ਚੀਨ ਦਾ ਫੈਸਲਾ ਦੁਨੀਆ ਭਰ ‘ਚ ਚੀਨ ਦੀ ਸਾਖ ਨੂੰ ਘੱਟ ਕਰੇਗਾ।
ਬੀਬੀਸੀ ਦੇ ਏਸ਼ੀਆ ਸੰਪਾਦਕ ਨੇ ਕਿਹਾ ਕਿ ਬੀਬੀਸੀ ਟੀਵੀ ‘ਤੇ ਚੀਨ ਦੀ ਲਾਈ ਰੋਕ ਦਾ ਕੋਈ ਬਹੁਤਾ ਅਸਰ ਨਹੀਂ ਹੋਵੇਗਾ ਕਿਉਂਕਿ ਇਹ ਚੈਨਲ ਚੀਨ ਦੇ ਬਹੁਤੇ ਲੋਕਾਂ ਕੋਲ ਪਹਿਲਾਂ ਹੀ ਮੁਹੱਈਆ ਨਹੀਂ ਹੈ ਅਤੇ ਸਾਨੂੰ ਅਫਸੋਸ ਹੈ ਕਿ ਚੀਨ ਨੇ ਇਹ ਫੈਸਲਾ ਚੁੱਕਿਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਬੀਬੀਸੀ ਦੁਨੀਆ ਦੇ ਸਭ ਤੋਂ ਭਰੋਸੇਯੋਗ ਅੰਤਰਰਾਸ਼ਟਰੀ ਸਮਾਚਾਰ ਪ੍ਰਸਾਰਕਾਂ ‘ਚ ਇੱਕ ਹੈ ਅਤੇ ਪੂਰੀ ਦੁਨੀਆ ਭਰ ‘ਚ ਪੂਰੀ ਨਿਰਪੱਖਤਾ, ਬਿਨਾਂ ਡਰ ਦੇ ਆਪਣੀ ਰਿਪੋਰਟ ਪੇਸ਼ ਕਰਦਾ ਹੈ।