‘ਦ ਖ਼ਾਲਸ ਬਿਊਰੋ : ਚੀਨ ਅਤੇ ਭੂਟਾਨ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਗੱਲਬਾਤ ਨੂੰ ਤੇਜ਼ ਕਰਨ ਲਈ ਇੱਕ “ਸਕਾਰਾਤਮਕ ਸਹਿਮਤੀ” ‘ਤੇ ਪਹੁੰਚ ਗਏ ਹਨ। ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਿਕ ਤਿੰਨ ਪੜਾਵਾਂ ਵਾਲੇ ਰੋਡਮੈਪ ‘ਤੇ ਸਮਝੌਤੇ ਨੂੰ ਲਾਗੂ ਕਰਨ ਦੀ ਦਿਸ਼ਾ ‘ਚ ਕਦਮ ਚੁੱਕੇ ਜਾਣਗੇ। ਚੀਨ-ਭੂਟਾਨ ਸਰਹੱਦੀ ਵਿਵਾਦ ‘ਤੇ 11ਵੀਂ ਮਾਹਰ ਸਮੂਹ ਦੀ ਬੈਠਕ 10 ਤੋਂ 13 ਜਨਵਰੀ ਤੱਕ ਚੀਨ ਦੇ ਕੁਨਮਿੰਗ ਸ਼ਹਿਰ ‘ਚ ਹੋਈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਸ਼ੁੱਕਰਵਾਰ ਨੂੰ ਸਾਂਝਾ ਬਿਆਨ ਜਾਰੀ ਕੀਤਾ ਹੈ।
ਭੂਟਾਨ ਦੀ ਚੀਨ ਨਾਲ 477 ਕਿਲੋਮੀਟਰ ਲੰਬੀ ਸਰਹੱਦ ਹੈ। ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ 24 ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਚੀਨ ਅਤੇ ਭੂਟਾਨ ਦੇ ਕੂਟਨੀਤਕ ਸਬੰਧ ਨਹੀਂ ਹਨ, ਪਰ ਸੰਪਰਕ ਬਣਾਏ ਰੱਖਣ ਲਈ ਦੋਵਾਂ ਦੇਸ਼ਾਂ ਦਰਮਿਆਨ ਅਧਿਕਾਰਤ ਪੱਧਰ ਦੇ ਦੌਰੇ ਹੁੰਦੇ ਹਨ।
ਚੀਨ ਦਾ ਭਾਰਤ ਅਤੇ ਭੂਟਾਨ ਨਾਲ ਸਰਹੱਦੀ ਵਿਵਾਦ ਹੈ। ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਕਿਸੇ ਨਤੀਜੇ ‘ਤੇ ਸਹਿਮਤੀ ਨਹੀਂ ਬਣ ਸਕੀ। ਦੋਹਾਂ ਦੇਸ਼ਾਂ ਨੇ ਸਾਂਝੇ ਬਿਆਨ ‘ਚ ਕਿਹਾ ਕਿ 11ਵੀਂ ਸਮੂਹ ਦੀ ਬੈਠਕ ਸਪੱਸ਼ਟ, ਸਦਭਾਵਨਾ ਅਤੇ ਉਸਾਰੂ ਮਾਹੌਲ ‘ਚ ਹੋਈ।
ਇਸ ਦੇ ਨਾਲ ਹੀ ਸੀਮਾ ਵਾਰਤਾ ਨੂੰ ਤੇਜ਼ ਕਰਨ ਲਈ ਤਿੰਨ-ਪੜਾਵੀ ਰੋਡਮੈਪ ‘ਤੇ ਐਮਓਯੂ ਨੂੰ ਲਾਗੂ ਕਰਨ ਬਾਰੇ ਡੂੰਘਾਈ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਇਆ। ਚੀਨ ਅਤੇ ਭੂਟਾਨ ਨੇ ਸਰਹੱਦੀ ਵਿਵਾਦ ‘ਤੇ ਗੱਲਬਾਤ ਤੇਜ਼ ਕਰਨ ਲਈ ਇਕ ਸਮਝੌਤੇ ‘ਤੇ ਦਸਤਖਤ ਕੀਤੇ ਹਨ।