ਪਟਿਆਲਾ : ਡਿਪਰੈਸ਼ਨ ਇੱਕ ਆਮ ਮਾਨਸਿਕ ਵਿਗਾੜ ਹੈ ਜੋ ਬੱਚਿਆਂ ਅਤੇ ਕਿਸ਼ੋਰਾਂ ਸਮੇਤ ਸਾਰੇ ਉਮਰ ਸਮੂਹਾਂ ਵਿੱਚ ਦੇਖਿਆ ਜਾਂਦਾ ਹੈ। ਡਿਪਰੈਸ਼ਨ ਅਕਸਰ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਮਹੱਤਵਪੂਰਨ ਅਪੰਗਤਾ ਨਾਲ ਜੁੜਿਆ ਹੁੰਦਾ ਹੈ। ਮਾਪਿਆਂ ਜਾਂ ਨੇੜਲਿਆਂ ਤੋਂ ਦੂਰ ਹੋਣ ਜਾਂ ਵਿਛੋੜਾ ਪੈਣ ਕਾਰਨ ਪੈਦਾ ਹੋਣ ਵਾਲੇ ਮਾਨਸਿਕ ਰੋਗ ‘ਅਡਲਟ ਸੈਪਰੇਸ਼ਨ ਐਂਗਜ਼ਾਇਟੀ ਡਿਸਔਰਡਰ’ ਦੇ ਭਾਰਤ ਵਿਚਲੇ ਨੌਜਵਾਨਾਂ ’ਤੇ ਅਸਰ ਬਾਰੇ ਪੰਜਾਬੀ ਯੂਨੀਵਰਸਿਟੀ ’ਚ ਤਾਜ਼ਾ ਅਧਿਐਨ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਤੋਂ ਪ੍ਰੋ. ਹਰਪ੍ਰੀਤ ਕੌਰ ਦੀ ਅਗਵਾਈ ਵਿਚ ਖੋਜਾਰਥੀ ਆਸਥਾ ਵਰਮਾ ਵੱਲੋਂ ਕੀਤਾ ਗਿਆ ਇਹ ਅਧਿਐਨ ਭਾਰਤ ਵਿਚ ਇਸ ਖੇਤਰ ਦਾ ਪਹਿਲਾ ਅਧਿਐਨ ਹੈ।
ਏਐੱਸਏਡੀ ਦੇ ਸੰਖੇਪ ਨਾਂ ਨਾਲ ਜਾਣੇ ਜਾਂਦੇ ਇਸ ਮਾਨਸਿਕ ਰੋਗ ਨੂੰ 2019 ਦੌਰਾਨ ਵਿਸ਼ਵ ਸਿਹਤ ਸੰਗਠਨ ਵੱਲੋਂ ਹੋਰਨਾਂ ਮਾਨਸਿਕ ਰੋਗਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਬਿਮਾਰੀਆਂ ਦੇ ਵਰਗੀਕਰਨ ਸਬੰਧੀ ਕੌਮਾਂਤਰੀ ਸੂਚੀ (ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ ਡਿਸੀਜ਼ਜ਼) ਦੇ 11ਵੇਂ ਸੰਸਕਰਣ ਜਿਸ ਨੂੰ ਕਿ ਆਈਸੀਡੀ-11 ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵਿਚ ਇਸ ਮਾਨਸਿਕ ਰੋਗ ਨੂੰ ਸ਼ਾਮਲ ਕੀਤਾ ਗਿਆ ਹੈ।
ਨਿਗਰਾਨ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਅਧਿਐਨ ਦੌਰਾਨ ਪ੍ਰਾਪਤ ਅੰਕੜੇ ਇਸ ਸਬੰਧੀ ਪੁਸ਼ਟੀ ਕਰਦੇ ਹਨ ਕਿ ਜਿਹੜੇ ਬੱਚੇ ਛੋਟੀ ਉਮਰ ਵਿਚ ਆਪਣੇ ਵੱਖ ਹੋਣ ਸਬੰਧੀ ਚਿੰਤਾ ਦਾ ਸ਼ਿਕਾਰ ਸਨ, ਉਹੀ ਬੱਚੇ ਵੱਡੇ ਹੋ ਕੇ ਇਸ ਮਾਨਸਿਕ ਰੋਗ ਦਾ ਸ਼ਿਕਾਰ ਹੋਏ ਹਨ।
ਖੋਜ ਸੁਝਾਉਂਦੀ ਹੈ ਕਿ ਜੇ ਛੋਟੀ ਉਮਰ ਵਿਚ ਬੱਚੇ ਮਾਪਿਆਂ ਨਾਲ ਰਹਿੰਦੇ ਹੋਏ ਵੀ ਭਾਵਨਾਤਮਕ ਤੌਰ ’ਤੇ ਆਜ਼ਾਦੀ ਵਾਲ਼ੀ ਸਥਿਤੀ ਦੇ ਅਭਿਆਸੀ ਹਨ ਤਾਂ ਉਹ ਵੱਡੇ ਹੋ ਕੇ ਇਸ ਤਰ੍ਹਾਂ ਦੇ ਮਾਨਸਿਕ ਰੋਗ ਦਾ ਸ਼ਿਕਾਰ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਖੋਜ ਦੱਸਦੀ ਹੈ ਕਿ ਬੱਚਿਆਂ ਦਾ ਆਪਣੇ ਮਾਪਿਆਂ ਨਾਲ ਲਗਾਓ ਤਾਂ ਹੋਵੇ ਪਰ ਇਹ ਲਗਾਓ ਘਬਰਾਹਟ ਵਾਲ਼ਾ ਨਾ ਹੋਵੇ। ਬੱਚਿਆਂ ਨੂੰ ਸ਼ੁਰੂਆਤ ਵਿਚ ਹੀ ਆਪਣੀਆਂ ਭਾਵਨਾਵਾਂ ਨੂੰ ਸਮਝਣ ਤੇ ਨਜਿੱਠਣ ਬਾਰੇ ਸਿਖਾਇਆ ਜਾਣਾ ਚਾਹੀਦਾ ਹੈ। ਖੋਜ ਦੱਸਦੀ ਹੈ ਕਿ ਜੇ ਬਚਪਨ ਵਿਚ ਇਨ੍ਹਾਂ ਨੁਕਤਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਉਹ ਬੱਚੇ ਵੱਡੇ ਹੋ ਕੇ ਮਾਨਸਿਕ ਉਲਝਣਾਂ ਤੋਂ ਬਚ ਸਕਦੇ ਹਨ।
ਖੋਜਾਰਥੀ ਆਸਥਾ ਵਰਮਾ ਨੇ ਦੱਸਿਆ ਕਿ ਇਸ ਤਾਜ਼ਾ ਅਧਿਐਨ ਵਿਚ ਬਾਲਗ ਉਮਰ ਦੇ ਲੜਕੇ-ਲੜਕੀਆਂ ਦਾ ਸਮੂਹ ਜਿਨ੍ਹਾਂ ਵਿੱਚੋਂ 51.33 ਫ਼ੀਸਦੀ ਵਿਦਿਆਰਥੀ ਭਾਰਤ ਦੇ ਵੱਖ-ਵੱਖ ਸੂਬਿਆਂ ਦੇ 339 ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਹੋਸਟਲਾਂ ਜਾਂ ਪੀਜੀ ਵਿਚ ਰਹਿੰਦੇ ਸਨ, ਵਿਚ ਇਸ ਮਾਨਸਿਕ ਰੋਗ ਦੇ ਹੋਣ ਬਾਰੇ ਜਾਂਚ ਕੀਤੀ ਗਈ। ਜਾਂਚ ਦੌਰਾਨ ਜੁਟਾਏ ਗਏ ਅੰਕੜਿਆਂ ਦਾ ਵੱਖ-ਵੱਖ ਪੱਧਰਾਂ ’ਤੇ ਵਿਸ਼ਲੇਸ਼ਣ ਕੀਤਾ ਗਿਆ।
ਖੋਜ ਦੌਰਾਨ ਵੱਖ-ਵੱਖ ਨਤੀਜੇ ਸਾਹਮਣੇ ਆਏ। Çਲੰਗ ਅਧਾਰਤ ਵਖਰੇਵੇਂ ਵੀ ਨਜ਼ਰ ਆਏ ਜਿਵੇਂ ਕਿ ਲੜਕਿਆਂ ਵਿਚ ਇਸ ਪੱਖੋਂ ਆਪਣੇ ਰੋਗ ਬਾਰੇ ਜਾਗਰੂਕਤਾ ਦੀ ਕਮੀ ਵੇਖਣ ਨੂੰ ਮਿਲੀ।
ਖੋਜ ਦੌਰਾਨ ਪ੍ਰਾਪਤ ਅੰਕੜਿਆਂ ਦੇ ਵਿਸ਼ਲੇਸ਼ਣ ਰਾਹੀਂ ਇਸ ਡਿਸਔਰਡਰ ਦੀਆਂ ਪਛਾਣਾਂ, ਵਿਭਿੰਨਤਾਵਾਂ, ਦੁਰਪ੍ਰਭਾਵ ਆਦਿ ਬਾਰੇ ਬਾਰੀਕੀ ਨਾਲ ਜਾਣਿਆ ਗਿਆ। ਉਨ੍ਹਾਂ ਦੱਸਿਆ ਕਿ ਭਾਰਤ ਦੇ 13 ਵੱਖ-ਵੱਖ ਰਾਜਾਂ ਵਿੱਚੋਂ ਪ੍ਰਾਪਤ ਅੰਕੜਿਆਂ ’ਤੇ ਅਧਾਰਤ ਇਸ ਅਧਿਐਨ ਰਾਹੀਂ ਸੁਝਾਇਆ ਗਿਆ ਕਿ ਸਕੂਲ ਅਤੇ ਯੂਨੀਵਰਸਿਟੀ ਪੱਧਰ ’ਤੇ ਵਿਸ਼ੇਸ਼ ਪ੍ਰੋਗਰਾਮ ਲਾਗੂ ਹੋਣੇ ਚਾਹੀਦੇ ਹਨ ਤਾਂ ਕਿ ਨੌਜਵਾਨਾਂ ਨੂੰ ਇਸ ਮਾਨਸਿਕ ਰੋਗ ਤੋਂ ਪੈਦਾ ਹੋਣ ਵਾਲੇ ਸੰਭਾਵਿਤ ਜੋਖ਼ਮਾਂ ਤੋਂ ਬਚਾਇਆ ਜਾ ਸਕੇ।