Punjab

ਪੰਜਾਬ ਦੇ ਬੱਚਿਆਂ ਨੇ ਬਣਾਇਆ ਪਹਿਲਾ ਸਿੱਖ ਰੋਬੋਟ

ਮਾਨਸਾ ਜ਼ਿਲ੍ਹੇ ਦੇ ਇੱਕ ਨਿੱਜੀ ਸਕੂਲ ਦੇ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੰਜਾਬ ਦਾ ਪਹਿਲਾ ਪੰਜਾਬੀ ਬੋਲਣ ਵਾਲਾ ਸਿੱਖ ਰੋਬੋਟ “ਜੌਨੀ” ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਇਹ ਰੋਬੋਟ ਪੰਜਾਬੀ ਵਿੱਚ ਸਮਝਦਾ ਅਤੇ ਜਵਾਬ ਦਿੰਦਾ ਹੈ। ਵਿਦਿਆਰਥੀਆਂ ਨੇ ਇਸ ਦਾ ਟੈਸਟ ਮਾਨਸਾ-ਬਰਨਾਲਾ ਰੋਡ ’ਤੇ ਕੀਤਾ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ।

ਵੀਡੀਓ ਵਿੱਚ ਜਦੋਂ ਵਿਦਿਆਰਥੀ ਪੁੱਛਦੇ ਹਨ, “ਤੇਰਾ ਨਾਂ ਕੀ ਏ?” ਤਾਂ ਰੋਬੋਟ ਸਾਫ਼ ਪੰਜਾਬੀ ਵਿੱਚ ਜਵਾਬ ਦਿੰਦਾ ਹੈ, “ਮੇਰਾ ਨਾਂ ਜੌਨੀ ਏ।” ਇਹ ਰੋਬੋਟ ਉੱਚੀਆਂ-ਨੀਵੀਂ ਥਾਵਾਂ ’ਤੇ ਚੜ੍ਹ ਸਕਦਾ ਹੈ, ਅੱਗ ਬੁਝਾ ਸਕਦਾ ਹੈ, ਬੰਬ ਨੂੰ ਨਸ਼ਟ ਕਰ ਸਕਦਾ ਹੈ ਅਤੇ ਮਨੁੱਖ ਦੇ ਲਈ ਖ਼ਤਰਨਾਕ ਥਾਵਾਂ ’ਤੇ ਕੰਮ ਕਰ ਸਕਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਸੈਂਸਰ ਲੱਗੇ ਹਨ।

ਇਹ ਸਾਰਾ ਪ੍ਰੋਜੈਕਟ ਸਕੂਲ ਦੀ ਅਟਲ ਟਿੰਕਰਿੰਗ ਲੈਬ (ATL) ਵਿੱਚ ਤਿਆਰ ਕੀਤਾ ਗਿਆ। ਅਟਲ ਟਿੰਕਰਿੰਗ ਲੈਬਾਂ ਨੂੰ 2016 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਅਟਲ ਇਨੋਵੇਸ਼ਨ ਮਿਸ਼ਨ (ਨੀਤੀ ਆਯੋਗ) ਅਧੀਨ ਸਕੂਲਾਂ ਵਿੱਚ ਸਥਾਪਤ ਕੀਤਾ ਗਿਆ ਸੀ। ਇਸ ਦਾ ਮਕਸਦ 6ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਵਿੱਚ ਵਿਗਿਆਨ, ਤਕਨਾਲੋਜੀ ਤੇ ਨਵੀਨਤਾ ਦੀ ਭਾਵਨਾ ਪੈਦਾ ਕਰਨਾ ਹੈ।

ਵਿਦਿਆਰਥੀਆਂ ਨੇ ਦੱਸਿਆ ਕਿ ਅਜਿਹੇ ਪ੍ਰੋਜੈਕਟ ਹਰ ਸਕੂਲ ਵਿੱਚ ਹੋਣੇ ਚਾਹੀਦੇ ਤਾਂ ਜੋ ਦੇਸ਼ ਦੀ ਤਕਨੀਕੀ ਤਰੱਕੀ ਵਿੱਚ ਪੰਜਾਬ ਦੇ ਬੱਚੇ ਵੀ ਅਹਿਮ ਯੋਗਦਾਨ ਪਾ ਸਕਣ। ਉਨ੍ਹਾਂ ਨੇ ਸਰਕਾਰ ਤੋਂ ਵੀ ਮੰਗ ਕੀਤੀ ਕਿ ਵਿਹਾਰਕ ਤੇ ਰਚਨਾਤਮਕ ਸਿੱਖਿਆ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇ। “ਜੌਨੀ” ਦੀ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਲੱਖਾਂ ਵਿਊਜ਼ ਲੈ ਲਏ ਹਨ ਅਤੇ ਲੋਕ ਵਿਦਿਆਰਥੀਆਂ ਦੀ ਖੂਬ ਸ਼ਲਾਘਾ ਕਰ ਰਹੇ ਹਨ। ਇਹ ਪੰਜਾਬ ਦੇ ਨੌਜਵਾਨਾਂ ਦੀ ਤਕਨੀਕੀ ਪ੍ਰਤਿਭਾ ਦਾ ਸ਼ਾਨਦਾਰ ਨਮੂਨਾ ਬਣ ਗਿਆ ਹੈ।