Punjab

ਤੇਜ਼ ਰਫ਼ਤਾਰ ਟਰੱਕ ਨੇ ਦਰੜਿਆ 14 ਸਾਲ ਦਾ ਬੱਚਾ, ਮੌਕੇ ’ਤੇ ਮੌਤ

ਜਲੰਧਰ ਵਿੱਚ ਕਾਲਾ ਸਿੰਘਾ ਪੁਲੀ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ 14 ਸਾਲਾ ਲੜਕੇ ਨੂੰ ਕੁਚਲ ਦਿੱਤਾ। ਇਸ ਦਰਦਨਾਕ ਹਾਦਸੇ ‘ਚ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੋਨਿਤ ਵਾਸੀ ਬਸਤੀ ਸ਼ੇਖ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਰੋਨਿਤ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਹਾਦਸੇ ਤੋਂ ਬਾਅਦ ਭੱਜਣ ਵਾਲੇ ਟਰੱਕ ਚਾਲਕ ਨੂੰ ਲੋਕਾਂ ਨੇ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ।

ਮ੍ਰਿਤਕ ਦੇ ਭਰਾ ਤਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਬਸਤੀ ਸ਼ੇਖ ਵਿੱਚ ਪਰਿਵਾਰ ਸਮੇਤ ਰਹਿੰਦਾ ਸੀ। ਮੇਰਾ ਭਰਾ ਸਵੇਰੇ ਚਾਚੇ ਨੂੰ ਰੋਟੀ ਦੇਣ ਘਰੋਂ ਨਿਕਲਿਆ ਸੀ। ਇੱਕ ਟਰੱਕ ਡਰਾਈਵਰ ਨੇ ਮੇਰੇ ਭਰਾ ’ਤੇ ਗੱਡੀ ਚੜ੍ਹਾ ਦਿੱਤੀ। ਜਦੋਂ ਕਾਫੀ ਦੇਰ ਤੱਕ ਮੇਰਾ ਭਰਾ ਘਰ ਨਹੀਂ ਪਰਤਿਆ ਤਾਂ ਮਾਂ ਨੂੰ ਚਿੰਤਾ ਹੋਣ ਲੱਗੀ। ਇਸ ਤੋਂ ਬਾਅਦ ਤਜਿੰਦਰ ਨੇ ਆਪਣੇ ਭਰਾ ਨੂੰ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ।

ਕਈ ਵਾਰ ਫੋਨ ਕਰਨ ਤੋਂ ਬਾਅਦ ਕਿਸੇ ਵਿਅਕਤੀ ਨੇ ਫੋਨ ਚੁੱਕਿਆ ਅਤੇ ਦੱਸਿਆ ਕਿ ਭਰਾ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਤੁਸੀਂ ਤੁਰੰਤ ਮੌਕੇ ‘ਤੇ ਪਹੁੰਚੋ। ਤਜਿੰਦਰ ਨੇ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਭਰਾ ਦੀ ਮੌਤ ਹੋ ਚੁੱਕੀ ਸੀ। ਤਜਿੰਦਰ ਨੇ ਦੱਸਿਆ ਕਿ ਭਰਾ ਸਤਨਾਮ ਧਰਮ ਸਕੂਲ ਵਿੱਚ ਪੜ੍ਹਦਾ ਸੀ। ਉਸ ਦੀ ਉਮਰ 14 ਸਾਲ ਦੇ ਕਰੀਬ ਸੀ। ਤਜਿੰਦਰ ਨੇ ਦੱਸਿਆ ਕਿ ਰੋਨਿਤ ਆਪਣੀ ਐਕਟਿਵਾ ਲੈ ​​ਕੇ ਘਰੋਂ ਨਿਕਲਿਆ ਸੀ।