ਹੁਸ਼ਿਆਰਪੁਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬਾ ਪੱਧਰੀ ਵਣ ਮਹਾਂ ਉਤਸਵ ਵਿੱਚ ਸ਼ਾਮਲ ਹੋਣ ਲਈ ਹੁਸ਼ਿਆਰਪੁਰ ਪੁੱਜੇ ਹਨ। ਇਸ ਦੌਰਾਨ ਉਹ ਸਭ ਤੋਂ ਪਹਿਲਾਂ ਉਥੇ ਲਗਾਈ ਗਈ ਪ੍ਰਦਰਸ਼ਨੀ ਵਿਚ ਗਏ ਅਤੇ ਉਤਪਾਦਾਂ ਦਾ ਜਾਇਜ਼ਾ ਲਿਆ। ਪ੍ਰਦਰਸ਼ਨੀ ਵਿੱਚ ਉਤਪਾਦ ਲੈ ਕੇ ਆਏ ਲੋਕਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬੂਟੇ ਵੀ ਲਗਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਗੁਰੂ ਸਹਿਬਾਨਾਂ ਨੇ 500 ਸਾਲ ਪਹਿਲਾਂ ਹੀ ਸਾਨੂੰ ਹਵਾ, ਪਾਣੀ ਅਤੇ ਧਰਤੀ ਨੂੰ ਸੰਭਲਣ ਦਾ ਹੁਕਮ ਦਿੱਤਾ ਸੀ। ਮਾਨ ਨੇ ਕਿਹਾ ਕਿ ਅੱਜ ਇਹੋ ਤਿੰਨੋ ਚੀਜ਼ਾਂ ਖ਼ਤਰੇ ਦੇ ਵਿੱਚ ਹਨ ਅਤੇ ਅੱਜ ਸਾਨੂੰ ਇੰਨ੍ਹਾਂ ਨੂੰ ਬਚਾਉਣਾ ਪਵੇਗਾ।
ਹਰ ਗੱਲ ਸਰਕਾਰ ‘ਤੇ ਨਹੀਂ ਛੱਡਣੀ ਚਾਹੀਦੀ
ਮਾਨ ਨੇ ਕਿਹਾ ਕਿ ਵਾਤਾਵਰਨ ਬਚਾਉਣ ਲਈ ਹਰ ਗੱਲ ਸਰਕਾਰ ‘ਤੇ ਨਹੀਂ ਛੱਡਣੀ ਚਾਹੀਦੀ ਇਸ ਲਈ ਇੱਕ ਲਹਿਰ ਬਣਾਉਣੀ ਪਵੇਗੀ। ਇਸਦੇ ਨਾਲ ਉਨ੍ਹਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਵੀ ਕੀਤੀ ਹੈ।
ਕਿਸਾਨਾਂ ਨੂੰ ਦਿੱਤੀ ਸਲਾਹ
ਮੁੱਖ ਮੰਤਰੀ ਮਾਨ ਨੇ ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੂੰ ਮੁਫਤ ਬਿਜਲੀ ਮਿਲਦੀ ਹੈ ਉਹ ਆਪਣੇ ਟਿਊਬਵੈਲਾਂ ਦੇ ਕੋਲ ਘੱਟੋ-ਘੱਟ 4 ਦਰਖੱਤ ਜ਼ਰੂਰ ਲਗਾਉਣ। ਮਾਨ ਨੇ ਕਿਹਾ ਕਿ ਆਕਸੀਜਨ ਦੀ ਕਮੀ ਨੂੰ ਲੈ ਕੇ ਇਸਨੂੰ ਕਾਨੂੰਨ ਵੀ ਬਣਾਇਆ ਜਾ ਸਕਦਾ ਹੈ। ਮਾਨ ਨੇ ਕਿਹਾ ਕਿ ਇਸ ਵਾਰ ਲੋਕਾਂ ਨੂੰ 44 ਫ਼ੀਸਦੀ ਝੋਨੇ ਦੀ ਸਿੱਧੀ ਬਿਜਾਈ ਕੀਤੀ।
ਮਾਨ ਨੇ ਮੁੱਖ ਮੰਤਰੀ ਨੇ ਕਿਹਾ ਕਿ ਮਾਲਵਾ ਨਹਿਰ ਬਣਾ ਕੇ ਸਰਹੰਦ ਫੀਡਰ ਰਾਹੀਂ ਗਿੱਦੜਬਾਹਾ ਸਮੇਤ ਹੋਰ ਇਲਾਕਿਆਂ ਨੂੰ ਪਾਣੀ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਆਜਾਦੀ ਤੋਂ ਬਾਅਦ ਪਹਿਲੀ ਨਹਿਰ ਹੋਵੇਗੀ। ਇਸ ਨਾਲ ਪੰਜਾਬ ਦੇ ਕਿਸਾਨ ਆਸਾਨੀ ਨਾਲ ਫਸਲ ਬੀਜ ਸਕਦੇ ਹਨ।
ਸੁਖਬੀਰ ਬਾਦਲ ਨੂੰ ਲਿਆ ਨਿਸ਼ਾਨੇ ‘ਤੇ
ਸੁਖਬੀਰ ਬਾਦਲ ਦੇ ਮੁਆਫੀਨਾਮੇ ਦਾ ਜ਼ਿਕਰ ਕਰਦਿਆਂ ਮਾਨ ਨੇ ਕਿਹਾ ਕਿ ਮੁਆਫੀ ਭੁੱਲਾਂ ਦੀ ਹੁੰਦੀ ਹੈ ਗੁਨਾਹਾਂ ਦੀ ਨਹੀਂ, ਗੁਨਾਹਾਂ ਦੀ ਤਾਂ ਸਿਰਫ ਸਜ਼ਾ ਹੁੰਦੀ ਹੈ। ਮਾਨ ਨੇ ਕਿਹਾ ਕਿ ਜਾਣ-ਬੁੱਝ ਕੇ ਕੀਤਾ ਹੋਇਆ ਗੁਨਾਹ ਹੁੰਦਾ ਹੈ। ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਮਾਨ ਕਿਹਾ ਕਿ ਸਾਡੇ ਕੋਲ ਨਵੇਂ ਸਬੂਤ ਅੱਥ ਲੱਗੇ ਨੇ ਤੁਸੀਂ ਸੋਚ ਵੀ ਨਹੀ ਸਕਦੇ ।
ਦੋਸ਼ੀਆਂ ਨੂੰ ਸਖ਼ਤ ਅਤੇ ਮਿਸਾਲੀਆਂ ਸਜ਼ਾਵਾਂ ਮਿਲਣਗੀਆਂ
ਮਾਨ ਨੇ ਕਿਹਾ ਕਿ ਕਿ ਆਉਣ ਵਾਲੇ ਚੰਦ ਦਿਨਾਂ ਵਿੱਚ ਇਸ ਕੇਸ ਵਿੱਚ ਮੁਲਜ਼ਮਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਮਾਨ ਨੇ ਕਿਹਾ ਕਿ ਸਾਡੇ ਹੱਥ ਕੁੱਝ ਵੱਡੇ ਸਬੂਤ ਲੱਗੇ ਹਨ ਜਿਸ ਨੇ ਸਾਨੂੰ ਹੈਰਾਨ ਕਰ ਦਿੱਤਾ ਹੈ। ਮਾਨ ਨੇ ਕਿਹਾ ਕਿ ਅਸੀਂ ਇਸ ਕੇਸ ‘ਤੇ ਕੰਮ ਕਰ ਰਹੇ ਹਾਂ। ਆਉਣ ਵਾਲੇ ਥੋੜ੍ਹੇ ਦਿਨਾਂ ‘ਚ ਸਭ ਸਾਫ਼ ਹੋ ਜਾਵੇਗਾ। ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਬੇਅਦਬੀ ਦੇ ਮੁਲਜ਼ਮਾਂ ਨੂੰ ਸਜ਼ਾ ਦੇਵਾਂਗਾ ਤੇ ਇਸ ਨੂੰ ਜਲਦੀ ਪੂਰਾ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਧੜੇ ਦੀ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਇੱਕ ਧੜੇ ਨੂੰ ਬੋਲਣ ਲਈ 8 ਸਾਲ ਲੱਗ ਗਏ।
ਮਾਨ ਨੇ ਕਿਹਾ ਕਿ ਦੋਸ਼ੀਆਂ ਨੇ ਤਾਂ ਉਸ ਵੇਲੇ ਆਪ ਹੀ ਇਸ ਮਾਮਲੇ ਦੀ ਜਾਂਚ ਕੀਤੀ ਸੀ। ਮਾਨ ਨੇ ਕਿਹਾ ਕਿ ਬੇਅਦਬੀਆਂ ਤਾਂ ਰੁਕਣਗੀਆਂ ਜਦੋਂ ਦੋਸ਼ੀਆਂ ਨੂੰ ਸਖ਼ਤ ਅਤੇ ਮਿਸਾਲੀਆਂ ਸਜ਼ਾਵਾਂ ਮਿਲਣਗੀਆਂ ਅਤੇ ਜਲਦ ਮਿਲਣਗੀਆਂ। ਇਸ ਮੌਕੇ ਉਨ੍ਹਾਂ ਨਾਲ ਮੰਤਰੀ ਬ੍ਰਹਮਾ ਸ਼ੰਕਰ ਜਿੰਪਾ, ਸੰਸਦ ਮੈਂਬਰ ਡਾ: ਰਾਜ ਕੁਮਾਰ ਚੱਬੇਵਾਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਹਾਜ਼ਰ ਸਨ|