ਚੰਡੀਗੜ੍ਹ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਆਨ ਦਿਤਾ ਹੈ ਕਿ ਪੰਜਾਬ ਦੇ ਲੋਕਾਂ ਦੇ ਆਪਸੀ ਭਾਈਚਾਰੇ ਤੇ ਸੂਬੇ ਦੇ ਅਮਨ ਕਾਨੂੰਨ ਨੂੰ ਖ਼ਰਾਬ ਕਰਨ ਦੀਆਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ 18 ਮਾਰਚ ਤੋਂ ਇਹ ਕਾਰਵਾਈ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ।
ਉਹਨਾਂ ਕਿਹਾ ਕਿ ਵਿਅਕਤੀ ਜੋ ਕਿ ਦੇਸ਼ ਦੇ ਦੁਸ਼ਮਣਾਂ ਦੇ ਨਾਲ ਮਿਲ ਕੇ ਦੇਸ਼ ਵਿਰੋਧੀ ਗਤੀਵੀਧੀਆਂ ਵਿੱਚ ਸ਼ਾਮਲ ਹੋ ਰਹੇ ਸਨ,ਨੂੰ ਇਸ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਤੇ ਅੱਜ ਇੱਕ ਸੰਸਥਾ ਚਲਾ ਰਹੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ,ਜੋ ਕਿ ਲੋਕਾਂ ਦੇ ਪੁੱਤਰਾਂ ਨੂੰ ਹਥਿਆਰ ਫੜਾ ਕੇ ਗਲਤ ਰਾਹ ਪਾ ਰਿਹਾ ਸੀ ।
ਮੁੱਖ ਮੰਤਰੀ ਪੰਜਾਬ ਨੇ ਆਮ ਲੋਕਾਂ ਦਾ ਵੀ ਧੰਨਵਾਦ ਕੀਤਾ ਹੈ ਤੇ ਕਿਹਾ ਹੈ ਕਿ ਇਹਨਾਂ 30 ਦਿਨਾਂ ਦੇ ਅਰਸੇ ਦੌਰਾਨ ਪੰਜਾਬ ਵਿੱਚ ਸ਼ਾਂਤੀ ਤੇ ਸਦਭਾਵਨਾ ਕਾਇਮ ਰੱਖੀ ਹੈ ਤੇ ਕੋਈ ਵੀ ਅਣਸੁਖਾਂਵੀ ਘਟਨਾ ਨਹੀਂ ਹੋਈ ਹੈ,ਜਿਸ ਤੋਂ ਅਮਨ ਸ਼ਾਂਤੀ ਨੂੰ ਕੋਈ ਖ਼ਤਰਾ ਪੈਦਾ ਹੋਇਆ ਹੋਵੇ।
ਉਹਨਾਂ ਕਿਹਾ ਕਿ ਆਪ ਨੇ ਉਹਨਾਂ ਨੂੰ ਬਤੌਰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਰਾਖੀ ਕਰਨ ਦੀ ਜਿੰਮੇਵਾਰੀ ਦਿੱਤੀ ਹੈ ਤੇ ਇਸ ਦੇ ਲਈ ਜੋ ਵੀ ਸਖ਼ਤ ਕਦਮ ਚੁੱਕਣੇ ਪੈਣ ,ਉਹ ਚੁੱਕਣਗੇ ਪਰ ਕਿਸੇ ਬੇਕਸੂਰ ਨੂੰ ਸਜ਼ਾ ਨਹੀਂ ਮਿਲੇਗੀ।ਕਾਨੂੰਨ ਆਪਣੇ ਹਿਸਾਬ ਨਾਲ ਕੰਮ ਕਰੇਗਾ।
ਉਹਨਾਂ ਇਹ ਵੀ ਇੱਛਾ ਜ਼ਾਹਿਰ ਕੀਤੀ ਕਿ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਵਿੱਚ ਡਿਗਰੀਆਂ ਤੇ ਮੈਡਲ ਹੋਣ ਚਾਹੀਦੇ ਹਨ ਤੇ ਉਹ ਜਿਥੇ ਵੀ ਜਾਣ,ਉਹਨਾਂ ਦੀ ਬੱਲੇ ਬੱਲੇ ਹੋਵੇ। ਇਹ ਨਹੀਂ ਹੋਣਾ ਚਾਹੀਦਾ ਕਿ ਉਹ ਸਵਾਰਥੀ ਤੇ ਦੇਸ਼ ਵਿਰੋਧੀ ਲੋਕਾਂ ਦੇ ਬਹਿਕਾਵੇ ਵਿੱਚ ਆਉਣ ਤੇ ਦੇਸ਼ ਵਿਰੁਧ ਮੁੰਹਿਮਾਂ ਚਲਾ ਕੇ ਆਪਣੀਆਂ ਦੁਕਾਨਾਂ ਚਲਾਉਣ ਵਾਲੇ ਲੋਕਾਂ ਦਾ ਸ਼ਿਕਾਰ ਹੋਣ।
ਅੱਜ ਵਾਲੀ ਕਾਰਵਾਈ ਦੀ ਬਾਰੇ ਵੀ ਮਾਨ ਨੇ ਕਿਹਾ ਕਿ ਇਸ ਦੀ ਸੂਚਨਾ ਉਹਨਾਂ ਨੂੰ ਕੱਲ ਰਾਤ ਹੀ ਮਿਲ ਗਈ ਸੀ ਤੇ ਇਸ ਤੋਂ ਬਾਅਦ ਸਾਰੀ ਰਾਤ ਉਹਨਾਂ ਨੇ ਉੱਚ ਪੁਲਿਸ ਅਧਿਕਾਰੀਆਂ ਨਾਲ ਰਾਬਤਾ ਬਣਾਈ ਰੱਖਿਆ ਤਾਂ ਜੋ ਸ਼ਾਂਤੀਪੂਰਵਕ ਇਹ ਕਾਰਵਾਈ ਨੇਪਰੇ ਚੜ ਸਕੇ। ਬਤੌਰ ਮੁੱਖ ਮੰਤਰੀ ਉਹਨਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਅੰਮ੍ਰਿਤਪਾਲ ਨੂੰ 18 ਮਾਰਚ ਨੂੰ ਹੀ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਪਰ ਉਸ ਦਿਨ ਸ਼ਾਇਦ ਗੋਲੀ ਚੱਲ ਜਾਂਦੀ ਤੇ ਖੂਨ ਖਰਾਬਾ ਹੋ ਜਾਂਦਾ,ਇਸ ਲਈ ਪਰਹੇਜ ਰੱਖਿਆ ਗਿਆ। ਅਜਨਾਲਾ ਥਾਣੇ ਅੱਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਏ ਜਾਣ ਤੇ ਉਹਨਾਂ ਉੱਚ ਪੁਲਿਸ ਅਧਿਕਾਰੀਆਂ ਨੂੰ ਕੋਈ ਸਖ਼ਤ ਕਦਮ ਨਾ ਚੁੱਕਣ ਲਈ ਕਿਹਾ ਹਾਲਾਂਕਿ ਇਸ ਦੌਰਾਨ ਪੰਜਾਬ ਪੁਲਿਸ ਦੇ ਕੁਝ ਜਵਾਨ ਜ਼ਖ਼ਮੀ ਵੀ ਹੋਏ।
ਮਾਨ ਨੇ ਅੱਗੇ ਕਿਹਾ ਕਿ ਪੰਜਾਬ ਦੀ ਜ਼ਰਖੇਜ਼ ਧਰਤੀ ‘ਤੇ ਨਫ਼ਰਤ ਪੈਦਾ ਨਹੀਂ ਹੋਣ ਦਿੱਤੀ ਜਾਵੇਗੀ। ਦੇਸ਼ ਦੀ ਆਜ਼ਾਦੀ ਦੀ ਰੱਖਿਆ ਲਈ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਨੌਜਵਾਨ ਸ਼ਹੀਦ ਹੋਏ ਹਨ।ਉਹਨਾਂ ਇਹ ਵੀ ਕਿਹਾ ਕਿ ਪੰਜਾਬ ਨੂੰ ਤਰੱਕੀ ਦੇ ਰਾਹ ‘ਤੇ ਪਾ ਕੇ ਪਹਿਲੇ ਨੰਬਰ ‘ਤੇ ਲਿਆਂਦਾ ਜਾਵੇਗਾ।ਉਹਨਾਂ ਇਹ ਵੀ ਕਿਹਾ ਹੈ ਕਿ ਪੰਜਾਬ ਦੇ ਲੋਕ ਸ਼ਾਂਤੀ ਪਸੰਦ ਹਨ ਤੇ ਸਾਰੇ ਉੱਚ ਅਧਿਕਾਰੀਆਂ ਨੂੰ ਪੰਜਾਬ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਨਿਰਦੇਸ਼ ਦਿੱਤੇ ਗਏ ਹਨ ਤੇ ਕੋਈ ਵੀ ਅਣਸੁਖਾਂਵੀ ਘਟਨਾ ਹੋਣ ਦੀ ਗੱਲ ਵੀ ਸਾਹਮਣੇ ਨਹੀਂ ਆਈ ਹੈ।