Punjab

ਮੁੱਖ ਮੰਤਰੀ ਪੰਜਾਬ ਨੇ ਵੰਡੇ ਦੋ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ,ਇਮਾਨਦਾਰੀ ਨਾਲ ਕੰਮ ਕਰਨ ਦੀ ਕੀਤੀ ਅਪੀਲ

Chief Minister Punjab distributed appointment letters

 ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੀਡਬਲਯੂਡੀ ਤੇ ਪੀਏਪੀਸੀਐਲ ਦੇ ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ (Chief Minister Punjab distributed appointment letters)ਵੰਡੇ ਹਨ। ਇਸ ਮੌਕੇ ਉਹਨਾਂ ਨਾਲ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੀ ਹਾਜ਼ਰ ਸਨ।

ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਨਿਯੁਕਤੀ ਪੱਤਰ ਹਾਸਲ ਕਰਨ ਵਾਲਿਆਂ ਨੂੰ ਵਧਾਈ ਦਿੱਤੀ ਹੈ ਤੇ ਉਹਨਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਪੰਜਾਬ ਦੀ ਰਾਜਨੀਤੀ ਬਾਰੇ ਬੋਲਦਿਆਂ ਉਹਨਾਂ ਆਪਣੇ ਖਿਲਾਫ਼ ਬੋਲਣ ਵਾਲਿਆਂ ਬਾਰੇ ਕਿਹਾ ਕਿ ਉਹ ਉਹਨਾਂ ਦੀ ਪਰਵਾਹ ਨਹੀਂ ਕਰਦੇ। ਹਰ ਨਵੀਂ ਭਰਤੀ ਖੁੱਲਣ ਵੇਲੇ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜਲਦੀ ਤੋਂ ਜਲਦੀ ਕਾਗਜੀ ਕਾਰਵਾਈਆਂ ਨੂੰ ਪੂਰਾ ਕੀਤਾ ਜਾਵੇ। ਇਹ ਜੋ ਅੱਜ ਦੋ ਵਿਭਾਗਾਂ ਦੇ ਕਰਮਚਾਰੀਆਂ ਨੂੰ ਨੌਕਰੀ ਮਿਲੀ ਹੈ,ਇਹ ਕੋਈ ਠੇਕੇ ਤੇ ਕੀਤੀ ਭਰਤੀ ਨਹੀਂ ਹੈ ਸਗੋਂ ਪੱਕੀ ਨੌਕਰੀ ਹੈ।

ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਕਈ ਮਹਿਕਮੇ ਇਸ ਤਰਾਂ ਦੇ ਹਨ,ਜਿਹਨਾਂ ਵਿੱਚ ਤਨਖਾਹ ਤਾਂ 25-30 ਹਜਾਰ ਹੁੰਦੀ ਹੈ ਪਰ ਵਿਚਾਲੇ ਵਾਲੇ ਜਾਂ ਠੇਕੇਦਾਰ ਘਪਲਾ ਕਰਦੇ ਹਨ ,ਜਿਸ ਦੇ ਨਤੀਜੇ ਵਜੋਂ ਉਹਨਾਂ ਨੂੰ ਸਿਰਫ਼ 5000 ਹੀ ਮਿਲਦਾ ਹੈ। ਇਹ ਕੰਮ ਹੁਣ ਸਰਕਾਰ ਬੰਦ ਕਰੇਗੀ। ਇਸ ਸਬੰਧ ਵਿੱਚ ਜਾਂਚ ਕਰਵਾਈ ਗਈ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਭ ਕਰਨ ਵਾਲੇ ਪਹਿਲੀਆਂ ਪਾਰਟੀਆਂ ਵਾਲਿਆਂ ਦੇ ਹੀ ਰਿਸ਼ਤੇਦਾਰ ਸਨ। ਇਹਨਾਂ ਨੇ ਸਿਰਫ਼ ਆਪਣੀਆਂ ਜੇਬਾਂ ਭਰੀਆਂ ਹਨ ,ਜਿਸ ਨਾਲ ਨੌਜਵਾਨ ਵਰਗ ਵਿੱਚ ਨਿਰਾਸ਼ਾ ਫੈਲੀ ਹੈ।

ਅੱਜ ਦੋਨਾਂ ਵਿਭਾਗਾਂ ਵਿੱਚ ਵੰਡੇ ਗਏ ਕੁੱਲ 360 ਨੌਕਰੀਆਂ ਦੇ ਨਿਯੁਕਤੀ ਪੱਤਰਾਂ ਦੀ ਗੱਲ ਕਰਦਿਆਂ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੀ 14-15-16 ਤਰੀਕ ਨੂੰ ਕਾਂਸਟੇਬਲ,ਹੈਡ ਕਾਂਸਟੇਬਲ ਤੇ ਸਬ ਇੰਸਪੈਕਟਰਾਂ ਦੀ ਭਰਤੀ ਪ੍ਰੀਖਿਆ ਹੋਵੇਗੀ। ਇਸ ਤੋਂ ਇਲਾਵਾ ਦੀਵਾਲੀ ਤੋਂ ਬਾਅਦ ਪੀਐਸਪੀਸੀਐਲ ਵਿੱਚ 2100 ਅਸੀਸਟੈਂਟ ਲਾਇਨਮੈਨਾਂ ਦੀ ਭਰਤੀ ਲਈ ਵੀ ਪ੍ਰੀਖਿਆ ਹੋਵੇਗੀ। ਦੇਸ਼ ਦੀ ਨੌਜਵਾਨ ਸ਼ਕਤੀ ਨੂੰ ਸਹੀ ਪਾਸੇ ਲਾਉਣ ਤੇ ਜ਼ੋਰ ਦਿੰਦੇ ਹੋਏ ਮਾਨ ਨੇ ਕਿਹਾ ਕਿ ਮੁਲਕ ਵਿੱਚ ਕੁੱਲ 65 ਫੀਸਦੀ ਜਨਸੰਖਿਆ 35 ਸਾਲ ਦੀ ਉਮਰ ਤੋਂ ਥੱਲੇ ਹੈ। ਜੇਕਰ ਇਸ ਨੂੰ ਸਹੀ ਤਰੀਕੇ ਨਾਲ ਵਰਤਿਆ ਗਿਆ ਤਾਂ ਦੇਸ਼ ਦਾ ਵਿਕਾਸ ਹੋਣ ਤੋਂ ਕੋਈ ਨੀ ਰੋਕ ਸਕਦਾ ਪਰ ਗਲਤ ਪਾਸੇ ਵੱਲ ਹੋ ਜਾਣ ਤੇ ਇਸ ਦਾ ਨੁਕਸਾਨ ਵੀ ਹੈ।

ਮਾਨ ਨੇ ਦਾਅਵਾ ਕਰਦਿਆਂ ਇਹ ਵੀ ਕਿਹਾ ਹੈ ਕਿ ਵਾਅਦੇ ਦੇ ਮੁਤਾਬਕ ਹਰਾ ਪੈਨ ਆਮ ਲੋਕਾਂ ਦੇ ਹੱਕ ਵਿੱਚ ਚੱਲਿਆ ਹੈ ਤੇ ਇਸ ਵਕਤ ਤੱਕ ਕੁੱਲ 18543 ਸਰਕਾਰੀ ਨੌਕਰੀਆਂ  ਦਿਤੀਆਂ ਜਾ ਚੁੱਕੀਆਂ ਹਨ ਤੇ 8736 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਨੋਟਿਫੀਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਸਿਰਫ ਉਹਨਾਂ ਨੂੰ ਸੜਕਾਂ ‘ਤੇ ਹੀ ਰੋਲਿਆ ਹੈ,ਉਹਨਾਂ ‘ਤੇ ਡਾਂਗਾ ਵਰਾਈਆਂ ਹਨ।

ਬਾਕੀ 27000 ਕੱਚੇ ਮੁਲਾਜ਼ਮਾਂ ਨੂੰ ਵੀ ਪੱਕਾ ਕੀਤਾ ਜਾਵੇਗਾ ਪਰ ਪਹਿਲਾਂ ਸਾਰੀਆਂ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਮਗਰੋਂ ਉਹਨਾਂ ਨੂੰ ਕਿਸੇ ਵੀ ਅਦਾਲਤੀ ਕਾਰਵਾਈ ਵਿੱਚ ਖਜ਼ਲ ਨਾ ਹੋਣਾ ਪਵੇ।

ਇਸ ਤੋਂ ਇਲਾਵਾ ਰਜਿਸਟਰਡ ਮਜਦੂਰਾਂ ਦੀ ਮਹੀਨਾਵਾਰ ਆਮਦਨ ਵੀ ਵਧਾਈ ਗਈ ਹੈ। ਮਜ਼ਦੂਰਾਂ ਨੂੰ ਹੁਣ ਰਜਿਸਟਰੇਸ਼ਨ ਕਰਵਾਉਣ ਲਈ ਦਿਹਾੜੀ ਭੰਨਣ ਦੀ ਲੋੜ ਨਹੀਂ ਹੈ,ਸਰਕਾਰ ਦਾ ਸਬੰਧਤ ਵਿਭਾਗ ਹੁਣ ਪਿੰਡਾਂ ਵਿੱਚ,ਲੇਬਰ ਚੌਂਕਾਂ ਤੇ ਉਸਾਰੀ ਵਾਲੀਆਂ ਥਾਵਾਂ ‘ਤੇ ਇਸ ਸਬੰਧੀ ਕੈਂਪ ਲਗਾਏਗਾ ਤੇ ਉਹਨਾਂ ਦੀ ਰਜਿਸਟਰੇਸ਼ਨ ਹੋਵੇਗੀ। ਇਸ ਨਾਲ ਮਜ਼ਦੂਰਾਂ ਨੂੰ ਕਈ ਸਹੂਲਤਾਂ ਵੀ ਮਿਲਣਗੀਆਂ । ਜਦੋਂ ਕਿ ਇਸ ਤੋਂ ਪਹਿਲਾਂ ਕਈ ਸਕੀਮਾਂ ਵਿੱਚ ਆਇਆ ਪੈਸਾ ਇਵੇਂ ਹੀ ਪਿਆ ਰਹਿ ਜਾਂਦਾ ਸੀ।

ਉਹਨਾਂ ਅੱਜ ਇੱਕਠੇ ਹੋਏ ਦੋਨਾਂ ਵਿਭਾਗਾਂ ਨੂੰ ਆਪਸੀ ਤਾਲਮੇਲ ਬਣਾ ਕੇ ਕੰਮ ਕਰਨ ਦੀ ਵੀ ਅਪੀਲ ਕਰਦਿਆਂ ਉਹਨਾਂ ਕੋਲੋਂ ਸੁਝਾਅ ਵੀ ਮੰਗੇ ਹਨ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਹੀ ਤਰੀਕੇ ਨਾਲ ਹੱਲ ਕੀਤਾ ਜਾ ਸਕੇ।

ਇਸ ਤੋਂ ਇਲਾਵਾ ਉਹਨਾਂ ਨੇ ਨਵ ਨਿਯੁਕਤ ਸਾਰੇ ਕਰਮਚਾਰੀਆਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ ਹੈ ਤੇ ਇਹ ਵੀ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਰਹੇਗੀ ਕਿ ਉਹਨਾਂ ਦੀ ਨਿਯੁਕਤੀ ਉਹਨਾਂ ਦੇ ਘਰਾਂ ਦੇ ਨੇੜੇ ਹੀ ਹੋਵੇ।

G-20 ਮੁਲਕਾਂ ਦੇ ਸੰਮੇਲਨ ਇਸ ਵਾਰ ਪੰਜਾਬ ਵਿੱਚ ਹੋਣ ਜਾ ਰਿਹਾ ਹੈ ਤੇ ਸਾਰੀ ਦੁਨਿਆ ਤੋਂ ਰਾਜਸੀ ਨੇਤਾ ਤੇ ਪੱਤਰਕਾਰ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਆਉਣਗੇੇ। ਇਸ ਤੋਂ ਇਲਾਵਾ ਟਾਟਾ ਸਟੀਲ ਕੰਪਨੀ ਜਮਸ਼ੇਦਪੁਰ ਤੋਂ ਬਾਅਦ ਆਪਣਾ ਦੂਜਾ ਵੱਡਾ ਪਲਾਂਟ ਲੁਧਿਆਣਾ ਵਿੱਚ ਲਗਾਉਣ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਪਲਾਂਟ ਵਿਦੇਸ਼ੀ ਕੰਪਨੀਆਂ ਪੰਜਾਬ ਆ ਰਹੀਆਂ ਹਨ ਤੇ ਇਹਨਾਂ ਵਿੱਚ ਲੋੜਿੰਦੇ ਤਕਨੀਕੀ ਸਿਖਿਆ ਮਾਹਿਰ ਪੈਦਾ ਕਰਨ ਲਈ ਪੰਜਾਬ ਦੀ ਸਿੱਖਿਆ ਨੀਤੀ ਨੂੰ ਅਪਡੇਟ ਕੀਤਾ ਜਾਵੇਗਾ।

ਪੰਜਾਬ ਸਰਕਾਰ ਐਗਰੋ ਪ੍ਰੋਸੈਸਿੰਗ ,ਵੇਰਕਾ ਨੂੰ ਅੱਗੇ ਵੱਲ ਲੈ ਕੇ ਜਾਣ ਦੀ ਗੱਲ ‘ਤੇ ਵੀ ਗੋਰ ਕਰ ਰਹੀ ਹੈ। ਸਿਸਟਮ ਨੂੰ ਵੀ ਠੀਕ ਕੀਤਾ ਜਾ ਰਿਹਾ ਹੈ ਤੇ ਨੋਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਇੱਕ ਵਧੀਆ ਮਾਹੋਲ ਸਿਰਜਿਆ ਜਾ ਰਿਹਾ ਹੈ।