ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ ਦਾ ਜਥੇਦਾਰ ਹਰਪ੍ਰੀਤ ਸਿੰਘ ਨੂੰ ਵਿਰਸਾ ਸਿੰਘ ਵਲਟੋਹਾ ਵੱਲੋਂ ਧਮਕਾਉਣ ਨੂੰ ਲੈਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਵੀਡੀਓ ਮੈਸੇਜ ਜਾਰੀ ਕਰਦੇ ਹੋਏ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਕਿਸੇ ਸਿਆਸਤਦਾਨ ਵੱਲੋਂ ਜਥੇਦਾਰ ਨੂੰ ਧਮਕੀ ਦੇਣਾ ਨਿੰਦਣਯੋਗ ਹੈ,ਸਾਡੇ ਕੋਲ ਸ਼ਿਕਾਇਤ ਆਈ ਤਾਂ ਕਾਨੂੰਨ ਮੁਤਾਬਿਕ ਕਾਰਵਾਈ ਹੋਵੇਗੀ ।
ਸੀਐੱਮ ਮਾਨ ਨੇ ਕਿਹਾ ਜਥੇਦਾਰਾਂ ‘ਤੇ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਹਨ । ਸਿਰਫ ਇੱਕ ਪਰਿਵਾਰ ਲਈ ਬਹੁਤ ਦਿਲਾਂ ਨੂੰ ਠੇਸ ਪਹੁੰਚਾਈ ਗਈ ਹੈ । ਮੁੱਖ ਮੰਤਰੀ ਮਾਨ ਨੇ ਕਿਹਾ 6ਵੇਂ ਪਾਤਸ਼ਾਹ ਵੱਲੋਂ ਸਾਜਿਆ ਤਖਤ ਸ੍ਰੀ ਅਕਾਲ ਤਖਤ ਸਿਰਮੋਰ ਸੰਸਥਾ ਹੈ। ਸਮੇਂ-ਸਮੇਂ ‘ਤੇ ਇਤਿਹਾਸਕ ਫੈਸਲੇ ਹੁੰਦੇ ਰਹੇ ਹਨ ਅਤੇ ਅੱਗੇ ਵੀ ਹੁੰਦੇ ਰਹਿਣਗੇ ।
ਮੁੱਖ ਮੰਤਰੀ ਮਾਨ ਨੇ ਕਿਹਾ ਜੱਥੇਦਾਰਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ,ਗਿਆਨੀ ਹਰਪ੍ਰੀਤ ਸਿੰਘ ਨੇ ਆਪ ਭਾਵੁਕ ਹੋ ਕੇ ਦੱਸਿਆ ਕਿ ਕਿਵੇਂ ਉਨ੍ਹਾਂ ਖਿਲਾਫ ਫੇਕ ਆਈਡੀ ਨਾਲ ਜਾਤੀ-ਸੂਚਕ ਸ਼ਬਦ ਬੋਲੇ ਜਾ ਰਹੇ ਹਨ,ਧੀਆਂ ਦੇ ਨਾਂ ‘ਤੇ ਧਮਕਾਇਆ ਜਾ ਰਿਹਾ ਹੈ । ਅਸੀਂ ਇਸ ਚੀਜ਼ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ।