‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਸਰਬੱਤ ਦੇ ਭਲੇ ਦਾ ਪਾਠ ਪੜ੍ਹਾਇਆ ਹੈ। ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਦੀ ਵਿਧਾਇਕਾਂ ਨਾਲ ਕੀਤੀ ਚੌਥੀ ਮੀਟਿੰਗ ਵਿੱਚ ਆਪਣੀ ਕਹੀ ਅਤੇ ਉਨ੍ਹਾਂ ਦੀ ਸੁਣੀ। ਮੀਟਿੰਗ ਵਿੱਚ ਬਿਜਲੀ ਦੇ ਸੰਕਟ, ਰੇਤ ਮਾਫੀਆ ਅਤੇ ਨ ਸ਼ੇ ਦੇ ਤਸਕ ਰਾਂ ਨੂੰ ਨੱਥ ਪਾਉਣ ਦਾ ਮੁੱਦਾ ਵੀ ਉਠਿਆ। ਨਜ਼ਾਇਜ਼ ਕਬਜ਼ਿਆਂ ‘ਤੇ ਵਿਧਾਇਕਾਂ ਨੇ ਆਪਣੀ ਭੜਾਸ ਕੱਢੀ। ਮਾਲਵਾ ਅਤੇ ਪੁਆਧ ਦੇ ਵਿਧਾਇਕਾਂ ਨੇ ਦੂਸ਼ਿਤ ਪਾਣੀ ਅਤੇ ਕੈਂਸਰ ਦੇ ਵੱਧ ਰਹੇ ਪ੍ਰਕੋਪ ‘ਤੇ ਚਿੰਤਾ ਜਾਹਿਰ ਕੀਤੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਮੂਹ ਪੰਜਾਬੀਆਂ ਦੇ ਨੁਮਾਇੰਦੇ ਹਨ ਜਿਸ ਕਰਕੇ ਲੋਕਾਂ ਦਾ ਕੰਮ ਕਰਨ ਵੇਲੇ ਪਾਰਟੀ ਅਤੇ ਬਾਹਰਲਿਆਂ ਦਾ ਤੇਹਰ ਮੇਹਰ ਨਾ ਕੀਤੀ ਜਾਵੇ। ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਆਪਣੇ ਹਲਕੇ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੀ ਤਾਗੀਦ ਕੀਤੀ।
ਮੀਟਿੰਗ ਵਿੱਚ ਮੁੱਖ ਮੰਤਰੀ ਤੋਂ ਬਿਨ੍ਹਾਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਸੰਬੋਧਨ ਕੀਤਾ। ਹਾਜ਼ਰ ਵਿਧਾਇਕਾਂ ਵਿੱਚੋਂ ਜਿਆਦਾਤਰ ਚੁੱਪ ਰਹੇ ਅਤੇ ਅੱਧੀ ਦਰਜਨ ਨੇ ਆਪਣੀ ਗੱਲ ਰੱਖੀ।
ਪਾਰਟੀ ਨਾਲ ਜੁੜੇ ਨੇੜੇ ਦੇ ਸੂਤਰਾਂ ਦਾ ਦੱਸਣਾ ਹੈ ਕਿ ਕੁਝ ਵਿਧਾਇਕਾਂ ਨੇ ਅਫ਼ਸਰਾਂ ਦੀਆਂ ਮਨਮਰਜ਼ੀਆਂ ਦੀ ਮੁੱਦਾ ਚੁਕਦਿਆਂ ਤਬਾਦਲਿਆਂ ਦੀ ਮੰਗ ਕਰ ਦਿੱਤੀ। ਉਂਝ ਵੱਡੀ ਗਿਣਤੀ ਵਿਧਾਇਕ ਸਾਂਝੀ ਮਤ ਦੇ ਸਨ ਕਿ ਅਫਸਰਾਂ ਨੇ ਸਰਕਾਰ ਦੀਆਂ ਹਿਦਾਇਤਾਂ ਮੁਤਾਬਿਕ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਟਾਂਵੇ ਵਿਧਾਇਕ ਅਜਿਹੇ ਵੀ ਸਨ ਜਿਨ੍ਹਾਂ ਨੇ ਮੁੱਖ ਮੰਤਰੀ ਕੋਲ ਬਦਲੇ ਜਾਣ ਵਾਲੇ ਅਫ਼ਸਰਾਂ ਦੀ ਸੂਚੀ ਭੇਜ ਕੇ ਤਬਾਦਲਿਆਂ ਦੀ ਮੰਗ ਰੱਖ ਦਿੱਤੀ। ਇੱਕ ਵੱਖਰੀ ਜਾਣਕਾਰੀ ਅਨੁਸਾਰ ਮੀਟਿੰਗ ਵਿੱਚ ਪਟਵਾਰੀਆਂ ਅਤੇ ਕਾਨੂੰਗੋਆਂ ਦੀ ਸੰਭਾਵਿਤ ਹੜਤਾਲ ‘ਤੇ ਵੀ ਗੱਲਬਾਤ ਹੋਈ ਹੈ।
ਮੀਟਿੰਗ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਬ੍ਰਹਮ ਸ਼ੰਕਰ ਜਿੰਪਾ, ਡਾ ਬਲਜੀਤ ਕੌਰ, ਵਿਜੇ ਸਿੰਗਲਾ ਅਤੇ ਮੀਤ ਹੇਅਰ ਨੇ ਹਾਜ਼ਰੀ ਭਰੀ। ਆਮ ਆਦਮੀ ਪਾਰਟੀ ਦੀ ਦੂਜੀਆਂ ਸਿਆਸੀ ਪਾਰਟੀਆਂ ਦੇ ਮੁੱਖ ਮੰਤਰੀ ਨਾਲੋਂ ਇਹ ਵਿਲੱਖਣ ਪਹਿਲ ਹੈ ਕਿ ਉਹ ਰੂਟੀਨ ਵਿੱਚ ਵਿਧਾਇਕਾਂ ਨਾਲ ਸੰਪਰਕ ਵਿੱਚ ਹਨ। ਚੰਡੀਗੜ੍ਹ ਦੇ ਮਿਊਂਸਪਲ ਭਵਨ ਵਿੱਚ ਹੋਈ ਇਸ ਮੀਟਿੰਗ ਵਿੱਚ ਸਟੇਜ ਸਿੱਖਿਆ ਮੰਤਰੀ ਮੀਤ ਹੇਅਰ ਨੇ ਸੰਭਾਲੀ।