The Khalas Tv Blog Punjab ਮੁੱਖ ਮੰਤਰੀ ਮਾਨ ਨੇ ਕੀਤਾ ਰੇਤੇ ਦੀ ਖੱਡ ਦਾ ਉਦਘਾਟਨ,ਰੇਤ ਮਾਫੀਆ ਨੂੰ ਖ਼ਤਮ ਕਰਨ ਦਾ ਕੀਤਾ ਵੱਡਾ ਦਾਅਵਾ
Punjab

ਮੁੱਖ ਮੰਤਰੀ ਮਾਨ ਨੇ ਕੀਤਾ ਰੇਤੇ ਦੀ ਖੱਡ ਦਾ ਉਦਘਾਟਨ,ਰੇਤ ਮਾਫੀਆ ਨੂੰ ਖ਼ਤਮ ਕਰਨ ਦਾ ਕੀਤਾ ਵੱਡਾ ਦਾਅਵਾ

ਮੋਗਾ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਅੱਜ ਪਿੰਡ ਸੰਘੇੜਾ,ਮੋਗਾ ਵਿੱਖੇ ਰੇਤੇ ਦੀ ਖੱਡ ਦਾ ਉਦਘਾਟਨ ਕੀਤਾ ਹੈ।ਜਿੱਥੋਂ ਕੋਈ ਵੀ 5.50 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ਼ ਰੇਤਾ ਲੈ ਸਕੇਗਾ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ  ਮਾਨ ਨੇ  ਦੱਸਿਆ ਕਿ 42 ਏਕੜ ਵਾਲੀ ਇਸ ਖੱਡ ਤੋਂ ਇਲਾਵਾ ਫਿਰੋਜ਼ਪੁਰ,ਲੁਧਿਆਣਾ,ਨਵਾਂਸ਼ਹਿਰ ਤੇ ਹੁਸ਼ਿਆਰਪੁਰ ਵਿੱਚ 19 ਹੋਰ ਖੱਡਾਂ ਆਮ ਲੋਕਾਂ ਨੂੰ ਸਮਰਪਿਤ ਕਰ ਦਿੱਤੀਆਂ ਗਈਆਂ ਹਨ।ਹੁਣ ਤੱਕ ਜਨਤਕ ਕੀਤੀਆਂ ਗਈਆਂ ਖੱਡਾਂ ਦੀ ਗਿਣਤੀ ਇਹਨਾਂ ਨੂੰ ਮਿਲਾਕੇ 55 ਹੋ ਗਈ ਹੈ। ਜਿਹਨਾਂ ਵਿੱਚੋਂ 5 ਲੱਖ 82 ਹਜ਼ਾਰ ਮੀਟਰੀਕ ਟਨ ਰੇਤਾ ਕੱਢਿਆ ਜਾ ਚੁੱਕਾ ਹੈ।

ਰੇਤ ਮਾਫੀਆਂ ਦੇ ਖ਼ਤਮ ਹੋਣ ਦਾ ਵੀ ਮੁੱਖ ਮੰਤਰੀ ਮਾਨ ਨੇ ਦਾਅਵਾ ਕੀਤਾ ਹੈ ਤੇ ਕਿਹਾ ਹੈ ਕਿ ਹੁਣ ਪਾਰਦਰਸ਼ਤਾ ਵਾਲਾ ਕੰਮ ਹੋ ਰਿਹਾ ਹੈ,ਬਾਰ ਕੋਡ ਰਾਹੀਂ ਹਰ ਟ੍ਰੈਕਟਰ ਦੀ ਜਾਣਕਾਰੀ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ  ਟ੍ਰੈਕਟਰ ਵਾਲੇ ਤੋਂ ਲੈ ਕੇ ਮਜ਼ਦੂਰ ਤੱਕ ਨੂੰ ਰੋਜ਼ਗਾਰ ਮਿਲਿਆ ਹੈ। ਹੁਣ ਤੱਕ 5 ਕਰੋੜ ਤੱਕ ਦੀ ਕਮਾਈ ਮਜ਼ਦੂਰਾਂ ਨੂੰ ਹੋ ਚੁੱਕੀ ਹੈ। ਅੱਜ ਵਾਲੀਆਂ ਖੱਡਾਂ ਦੇ ਚਾਲੂ ਹੋਣ ਮਗਰੋਂ ਵੀ ਕਈ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਮਾਨ ਨੇ ਦਾਅਵਾ ਕਰਦਿਆਂ ਕਿਹਾ ਕਿ ਰੇਤਾ ਹੁਣ ਆਮ ਲੋਕਾਂ ਨੂੰ ਆਸਾਨੀ ਨਾਲ ਮਿਲੇਗਾ ਪਰ ਪਿਛਲੀਆਂ ਸਰਕਾਰਾਂ ਵੇਲੇ ਆਮ ਮਿਲਣ ਵਾਲਾ ਚਿੱਟਾ ਹੁਣ ਆਪ ਸਰਕਾਰ ਨੇ ਬੰਦ ਕਰ ਦਿੱਤਾ ਹੈ।

ਪਿਛਲੀਆਂ ਸਰਕਾਰਾਂ ‘ਤੇ ਵਰਦਿਆਂ ਮਾਨ ਨੇ ਕਿਹਾ ਹੈ ਕਿ ਇਹ ਸਾਰੇ ਕੰਮ ਪਹਿਲਾਂ ਵੀ ਹੋ ਸਕਦੇ ਸੀ ਪਰ ਨੀਤਾਂ ਮਾੜੀਆਂ ਹੋਣ ਕਾਰਨ ਇਹ ਨਹੀਂ ਹੋ ਸਕਿਆ ਹੈ।

ਮਾਨ ਨੇ ਆਪਣੀ ਸਰਕਾਰ ਦੇ ਹੋਰ ਵੀ ਕਈ ਕੰਮ ਗਿਣਵਾਏ ਤੇ ਦਾਅਵਾ ਕੀਤਾ ਕਿ ਹੁਣ ਹਰ ਤਰਾਂ ਨਾਲ ਮਾਫੀਆ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਮਾਫੀਆ ਨੂੰ ਤੋੜਨਾ ਬਹੁਤ ਵੱਡੀ ਚੁਣੋਤੀ ਸੀ,ਕਾਨੂੰਨੀ ਮੁਸ਼ਕਿਲਾਂ ਵਾ ਆਈਆਂ ਪਰ ਸਾਰੇ ਰਾਹ ਸਾਫ਼ ਕਰਕੇ ਹੁਣ ਇਹਨਾਂ ਖੱਡਾਂ ਨੂੰ ਚਾਲੂ ਕੀਤਾ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਦੇ ਮੁੱਖ ਮੰਤਰੀ ਕਦੇ ਵੀ ਆਮ ਜਨਤਾ ਵਿੱਚ ਨਹੀਂ ਆਏ ਸੀ। ਉਹਨਾਂ ਦੀਆਂ ਮਨਮਰਜੀਆਂ ਤੇ ਐਸ਼ ਬੰਦ ਹੋ ਜਾਣ ਕਰਕੇ ਹੁਣ ਤਾਂ ਤੜਪ ਰਹੇ ਹਨ।ਸਾਡੇ ਕੀਤੇ ਵਾਅਦਿਆਂ ਤੇ ਗਰੰਟੀਆਂ ਬਾਰੇ ਵੀ ਸਵਾਲ ਕੀਤੇ ਗਏ ਪਰ ਹੁਣ ਸਮਾਂ ਬਦਲ ਗਿਆ ਹੈ। ਪੰਜਾਬ ਦੇ ਸਿਰ ਤੋਂ ਕਰਜਾ ਵੀ ਲਾਹਿਆ ਜਾ ਰਿਹਾ ਹੈ ਤੇ ਬਿਜਲੀ ਬੋਰਡ ਦਾ ਵੀ ਸਾਰਾ ਬਕਾਇਆ ਮੋੜ ਦਿੱਤਾ ਗਿਆ ਹੈ। ਵਿਰੋਧੀ ਧਿਰ ‘ਤੇ ਤੰਜ ਕਸਦਿਆਂ ਮਾਨ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਜੇਲ੍ਹ ਤੋਂ ਬਾਹਰ ਆਏ ਇੱਕ ਮੰਤਰੀ ਨੇ ਪਹਿਲਾਂ ਤਾਂ ਬਿਜਲੀ ਬੋਰਡ ਵਾਲੀ ਇਸ ਗੱਲ ਨੂੰ ਬੜਾ ਵੱਧਾ ਚੜਾ ਕੇ ਪੇਸ਼ ਕੀਤਾ ਪਰ ਬਾਅਦ ਵਿੱਚ ਇਸ ਗੱਲ ਦਾ ਪਤਾ ਲੱਗਣ ‘ਤੇ ਉਹ ਚੁੱਪ ਹੋ ਕੇ ਬਹਿ ਗਏ।

ਮਾਨ ਨੇ ਅੰਸਾਰੀ ਵਾਲੇ ਮਾਮਲੇ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਬਿਨਾਂ ਵਜਾ ਹੀ ਉਸ ਨੂੰ ਰੋਪੜ ਜੇਲ੍ਹ ਵਿੱਚ ਰੱਖਣ ਲਈ 55 ਕਰੋੜ ਖਰਚੇ ਗਏ ਜਦੋਂ ਕਿ ਸਾਡਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ।

ਅਫਸਰਸ਼ਾਹੀ ਦੀ ਗੱਲ ਕਰਦੇ ਹੋਏ ਮਾਨ ਨੇ ਕਿਹਾ ਹੈ ਕਿ ਵੱਡੇ ਪ੍ਰਸ਼ਾਸਨਿਕ ਤੇ ਪੁਲਿਸ ਵਿਭਾਗ ਦੇ ਅਹੁਦਿਆਂ ਤੇ ਨੌਜਵਾਨਾਂ ਨੂੰ ਮੌਕਾ ਦਿੱਤਾ ਗਿਆ ਹੈ ਤੇ 41 ਅਸਾਮੀਆਂ ਭਰੀਆਂ ਗਈਆਂ ਹਨ ਤੇ ਕਾਬਿਲ ਅਫਸਰਾਂ ਨੂੰ ਤਰੱਕੀਆਂ ਵੀ ਦਿੱਤੀਆਂ ਗਈਆਂ ਹਨ। ਇਹ ਸਾਰੇ ਕੰਮ ਪਿਛਲੀਆਂ ਸਰਕਾਰਾਂ ਦੇ ਵੇਲੇ ਦੇ ਰਹਿੰਦੇ ਸੀ ਪਰ ਹੁਣ ਮਾਨ ਸਰਕਾਰ ਨੇ ਇਸ ਤਰਾਂ ਦੀ ਕੋਈ ਵੀ ਫਾਈਲ ਪੈਂਡਿੰਗ ਰਹਿਣ ਦਿੱਤੀ ਹੈ।

ਮੁੱਖ ਮੰਤਰੀ ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਨੈਸ਼ਨਲ ਖੇਡਾਂ ਵਿੱਚ 142 ਤਮਗੇ ਪੰਜਾਬ ਦੇ ਖਿਡਾਰੀਆਂ ਨੇ ਜਿੱਤੇ ਹਨ ਤੇ ਸੋਨ ਤਮਗਾ ਜਿੱਤਣ ਵਾਲੇ  ਨੂੰ 5 ਲੱਖ,3 ਲੱਖ ਚਾਂਦੀ ਤੇ 2  ਲੱਖ ਦੇ ਇਨਾਮ ਕਾਂਸੇ ਦਾ ਤਮਗਾ ਜਿੱਤਣ ਵਾਲਿਆਂ ਨੂੰ ਇਨਾਮ ਦਿੱਤੇ ਗਏ ਹਨ।

ਇਸ ਤੋਂ ਇਲਾਵਾ ਮਾਨ ਨੇ ਹਾਈ ਕੋਰਟ ਵਿੱਚ ਖੋਲੀਆਂ ਗਈਆਂ ਨਸ਼ਾ ਤਸਕਰੀ ਸੰਬੰਧੀ ਫਾਈਲਾਂ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਪਰ ਵਿਰੋਧੀ ਧਿਰ ਸਵਾਲ ਚੁੱਕੀ ਜਾ ਰਹੀ ਹੈ।

 

Exit mobile version