ਹਰਿਆਣਾ ਵਿਧਾਨ ਸਭਾ ਚੋਣਾਂ (Haryana Assebly Election) ਦੇ ਪ੍ਰਚਾਰ ਲਈ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੇ ਕਲਾਯਤ ਵਿੱਚ ਵੱਡੀ ਰੈਲੀ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਆਪਣੇ ਘਰ ਭਰਨ ਤੋਂ ਇਲਾਵਾ ਕੁਝ ਨਹੀਂ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਕੰਮ ਕਰਨ ਦਾ ਤਜਰਬਾ ਹੈ ਅਤੇ ਦੂਜੀਆਂ ਪਾਰਟੀਆਂ ਨੂੰ ਸਿਵਾਏ ਲੁੱਟਣ ਤੋਂ ਹੋਰ ਕੁਝ ਕੰਮ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ 78 ਸਾਲ ਹੋ ਗਏ ਪਰ ਸਾਡੀਆਂ ਸਮੱਸਿਆਵਾਂ ਅਜੇ ਵੀ ਬਰਕਰਾਰ ਹਨ। ਪਰ ਅਮਰੀਕਾ ਵਰਗੇ ਦੇਸ਼ ਮੰਗਲ ਗ੍ਰਹਿ ਤੇ ਪਲਾਟ ਕੱਟ ਰਹੇ ਹਨ।
ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟਰ ‘ਤੇ ਤੰਜ ਕੱਸਦਿਆਂ ਕਿਹਾ ਕਿ ਖੱਟਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਹਰਿਆਣਾ ਦੇ ਬੱਚਿਆਂ ਲਈ ਕਹਿ ਰਹੇ ਕਿ ਰੂਸ ਜਾ ਕੇ ਫੌਜ ਵਿੱਚ ਭਰਤੀ ਹੋ ਜਾਓ। ਮੁੱਖ ਮੰਤਰੀ ਨੇ ਖੱਟਰ ਨੂੰ ਪੁੱਛਿਆ ਕਿ ਕੀ ਉਹ ਰੂਸ ਦੀ ਜੰਗ ਵਿੱਚ ਆਪਣੇ ਬੱਚਿਆਂ ਜਾ ਫਿਰ ਰਿਸ਼ਤੇਦਾਰਾਂ ਨੂੰ ਜੰਗ ਵਿੱਚ ਭੇਜਣਗੇ। ਖੱਟਰ ਦੀ ਹਰਿਆਣਾ ਦੇ ਨੌਜਵਾਨਾਂ ਪ੍ਰਤੀ ਕੀ ਸੋਚ ਉਨ੍ਹਾਂ ਦੇ ਇਸ ਬਿਆਨ ਤੋਂ ਝਲਕਦੀ ਹੈ। ਇਸ ਦੇ ਬਾਵਜੂਦ ਵੀ ਕੀ ਹਰਿਆਣਾ ਦੇ ਲੋਕ ਭਾਜਪਾ ਨੂੰ ਵੋਟ ਪਾਉਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਵੱਲੋਂ ਡਬਲ ਇੰਜਣ ਦੀ ਸਰਕਾਰ ਬਣਾਉਣ ਦੀ ਗੱਲ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਡਬਲ ਇੰਜਣ ਦੀ ਸਰਕਾਰ ਬਣ ਚੁੱਕੀ ਸੀ ਪਰ ਵਿੱਚੋਂ ਹੀ ਖੱਟਰ ਦਾ ਇੰਜਣ ਕਿਉਂ ਬਦਲਣਾ ਪਿਆ। ਉਨ੍ਹਾਂ ਪੁੱਛਿਆ ਕਿ ਕੀ ਖੱਟਰ ਦਾ ਇੰਜਣ ਖਰਾਬ ਹੋ ਗਿਆ ਸੀ। ਉਨ੍ਹਾਂ ਮੌਜੂਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ‘ਤੇ ਵੀ ਤੰਜ ਕੱਸਦਿਆਂ ਕਿਹਾ ਕਿ ਇਕ ਹੋਰ ਇੰਜਣ ਪਤਾ ਨੀ ਕਿੱਥੋਂ ਲੈਂ ਆਦਾ ਹੈ। ਦੇਸ਼ ਦੇ ਕਿਸੇ ਵੀ ਸੂਬੇ ਨੂੰ ਡਬਲ ਇੰਜਣ ਦੀ ਨਹੀਂ ਨਵੇਂ ਇੰਜਣ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੂੰ ਵੀ ਡੀਜਲ ਕੋਲੇ ਵਾਲੇ ਇੰਜਣ ਦੀ ਤਰ੍ਹਾਂ ਰਿਟਾਇਰ ਕਰ ਦਿਓ।
ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 15 ਲੱਖ ਦੇਣ ਵਾਲੇ ਬਿਆਨ ‘ਤੇ ਤੰਜ ਕੱਸਦਿਆਂ ਕਿਹਾ ਕਿ ਮੈਨੂੰ ਮੇਰੀ ਕਲਾਯਤ ਦੀ ਟੀਮ ਨੇ ਦੱਸਿਆ ਹੈ ਕਿ ਸਾਰਿਆ ਦੇ ਖਾਤੇ ਵਿੱਚ 15-15 ਲੱਖ ਰੁਪਏ ਆ ਗਏ ਹਨ ਤਾਂ ਮੌਜੂਦ ਨੇ ਕਿਹਾ ਕਿ ਸਾਡੇ ਖਾਤੇ ਵਿੱਚ ਕੋਈ ਵੀ ਪੈਸਾ ਨਹੀਂ ਆਇਆ ਹੈ ਤਾਂ ਮੁੱਖ ਮੰਤਰੀ ਨੇ ਹੱਸਦਿਆਂ ਕਿਹਾ ਕਿ ਚਿੰਤਾ ਨਾ ਕਰੋਂ ਸਾਡੇ ਵੀ ਨਹੀਂ ਆਏ। ਉਨ੍ਹਾਂ ਕਿਹਾ ਕਿ ਇਨ੍ਹਾਂ ਪੈਸੇ ਕੀ ਦੇੇਣੇ ਸੀ ਇਹ ਤਾਂ ਨੋਟਬੰਦੀ ਕਰਕੇ ਸਾਡੇ ਘਰਾਂ ਵਿੱਚ ਪਏ ਪੈਸੇ ਵੀ ਲੈ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ‘ਚ ਛੋਟੀ ਉਮਰ ਦੇ ਬੱਚੇ ਵਿਧਾਇਕ ਅਤੇ ਮੰਤਰੀ ਬਣੇ ਹੋਏ ਹਨ। ਇਨ੍ਹਾਂ ਨੌਜਵਾਨਾਂ ਹੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਕਈ ਹੋਰ ਲੀਡਰਾਂ ਨੂੰ ਹਰਾਇਆ ਹੈ। ਇਹ ਹਰ ਪੰਜ ਸਾਲ ਬਾਅਦ ਇਕ ਹੋਰ ਮੌਕਾ ਮੰਗਣ ਲਈ ਆ ਜਾਂਦੇ ਸਨ ਪਰ ਇਹ ਮੌਕਾ ਮੰਗਦੇ ਮੰਗਦੇ ਤਾਂ ਥੱਕੇ ਨਹੀਂ ਪਰ ਲੋਕ ਇਨ੍ਹਾਂ ਤੋਂ ਜ਼ਰੂਰ ਥੱਕ ਗਏ ਹਨ।
ਮੁੱਖ ਮੰਤਰੀ ਨੇ ਹਰਿਆਣਾ ਦੇ ਪੰਜਾਬੀ ਪਰਿਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਵੀ ਹੁਣ ਹਰਿਆਣਾ ਵਿਚ ਰਿਸ਼ਤੇਦਾਰੀ ਹੈ। ਮੈਂ ਵੀ ਘਰ ਜਾ ਕੇ ਰੋਟੀ ਖਾਣੀ ਹੈ ਕਿਰਪਾ ਕਰਕੇ ਮੇਰੀ ਇੱਜ਼ਤ ਰੱਖ ਲੈਣਾ।ਨਹੀਂ ਤਾਂ ਮੈਨੂੰ ਘਰੇ ਜਾ ਕੇ ਹਰਿਆਣਵੀ ਵਿੱਚ ਗਾਲਾਂ ਪਹਿਣਗੀਆਂ।
ਇਹ ਵੀ ਪੜ੍ਹੋ – ਬੁਰੀ ਤਰ੍ਹਾਂ ਡਿੱਗਿਆ ਭਾਰਤੀ ਸ਼ੇਅਰ ਬਜ਼ਾਰ! ਅਰਬਾਂ ਦਾ ਨੁਕਸਾਨ