Punjab

ਮੁੱਖ ਮੰਤਰੀ ਮਾਨ ਨੇ ਵੱਡੇ ਦਾਅਵਿਆਂ ਨਾਲ ਆਪਣੇ ਕਾਰਜਕਾਲ ਦਾ ਬਿਊਰਾ ਕੀਤਾ ਪੇਸ਼,ਕਿਹਾ ਹੁਣ ਪੰਜਾਬ ਹੋਵੇਗਾ ਖੁਸ਼ਹਾਲ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਦੇ ਰੂਬਰੂ ਹੋ ਕੇ ਪੰਜਾਬ ਵਿੱਚ ਨਿਵੇਸ਼ ਵਧਾਉਣ ਲਈ ਆਪਣੇ ਕਾਰਜਕਾਲ ਦੇ ਪਿਛਲੇ 10 ਮਹੀਨਿਆਂ ਦੌਰਾਨ ਤੇ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਹੋਰ ਕੰਮਾਂ ਦਾ ਬਿਊਰਾ ਪੇਸ਼ ਕੀਤਾ ਹੈ।ਮਾਨ ਨੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਆਪ ਨੇ ਗਾਰੰਟੀ ਦਿੱਤੀ ਸੀ ਕਿ ਸੂਬੇ ‘ਚੋਂ ਹਿਜ਼ਰਤ ਕਰ ਕੇ ਬਾਹਰ ਗਈ ਇੰਟਸਟਰੀ ਨੂੰ ਮੁੜ ਲਿਆਂਦਾ ਜਾਵੇਗਾਤੇ ਹੁਣ ਇਸੇ ਗਾਰੰਟੀ ਨੂੰ ਪੂਰਾ ਕਰਨ ਦੇ ਲਈ ਦੇਸ਼ ਭਰ ਵਿੱਚ ਤੇ ਪੰਜਾਬ ਦੇ ਨਿਵੇਸ਼ਕਾਂ ਨਾਲ ਪੰਜਾਬ ਸਰਕਾਰ ਨੇ ਗੱਲਬਾਤ ਕੀਤੀ ਹੈ।

ਹੁਣ ਤੱਕ ਦੀ ਸਥਿਤੀ

ਮਾਨ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਪੰਜਾਬ ਵਿੱਚ ਕੁੱਲ 38175 ਕਰੋੜ ਦਾ ਨਿਵੇਸ਼ ਆਉਣ ਦੀ ਸੰਭਾਵਨਾ ਹੈ,ਜਿਸ ਤੋਂ 243248 ਲੋਕਾਂ ਨੂੰ ਰੋਜ਼ਗਾਰ ਮਿਲੇਗਾ।ਜਿਸ ਵਿੱਚ ਅਲੱਗ-ਅਲੱਗ ਸੈਕਟਰ ਸ਼ਾਮਲ ਹਨ। ਮਾਨ ਨੇ ਬਿਊਰਾ ਪੇਸ਼ ਕਰਦੇ ਹੋਏ ਦੱਸਿਆ ਕਿ ਰੀਅਲ ਇਸਟੇਟ ਤੇ ਹਾਊਸਿੰਗ/ਇਨਫਰਾਸਟਰਕਚਰ ਵਿੱਚ 11853 ਕਰੋੜ ਦਾ ਨਿਵੇਸ਼ ਹੋਵੇਗਾ,ਜਿਸ ਨਾਲ 122225 ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਜਦੋਂ ਕਿ ਮੈਨੂਫੈਕਚਰਿੰਗ ਵਿੱਚ 5981 ਕਰੋੜ ਦਾ ਨਿਵੇਸ਼ ਤੇ 39952 ਲੋਕਾਂ ਨੂੰ ਰੋਜ਼ਗਾਰ,ਸਟੀਲ ਐਂਡ ਸਟੀਲ ਵਿੱਚ 3890 ਕਰੋੜ ਦਾ ਨਿਵੇਸ਼ ,9257 ਲੋਕਾਂ ਨੂੰ ਰੋਜ਼ਗਾਰ,ਟੈਕਸਟਾਈਲ ਵਿੱਚ 3305 ਕਰੋੜ ਦੇ ਨਿਵੇਸ਼ ਨਾਲ 13753 ਲੋਕਾਂ ਨੂੰ ਰੋਜ਼ਗਾਰ,ਐਗਰੀ ਫੂਡ ਪ੍ਰੋਸੈਂਸਿੰਗ ਐਂਡ ਬੇਵਰੇਜਸ ਵਿੱਚ 2854 ਕਰੋੜ ਦੇ ਨਿਵੇਸ਼ ਨਾਲ 16638 ਲੋਕਾਂ ਨੂੰ ਰੋਜ਼ਗਾਰ ਤੇ ਹੈਲਥ ਕੇਅਰ ਵਿੱਚ 2157 ਕਰੋੜ ਦੇ ਨਿਵੇਸ਼ ਨਾਲ 4510 ਲੋਕਾਂ ਨੂੰ ਰੋਜ਼ਗਾਰ ਮਿਲੇਗਾ।

ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿੱਚ ਸਭ ਤੋਂ ਵੱਧ ਮੁਹਾਲੀ ਵਿੱਚ 9794 ਕਰੋੜ ਦਾ ਨਿਵੇਸ਼ ਹੋਇਆ ਹੈ ,ਜਿਸ ਨਾਲ 68061 ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ। ਇਸ ਤੋਂ ਬਾਅਦ ਲੁਧਿਆਣਾ ਵਿੱਚ 3919 ਕਰੋੜ ਦੇ ਨਿਵੇਸ਼ ਨਾਲ 33172 ਲੋਕਾਂ,ਫਤਿਹਗੜ ਸਾਹਿਬ ਵਿੱਚ 4246 ਕਰੋੜ ਰੁਪਏ ਦੇ ਨਿਵੇਸ਼ ਨਾਲ 13840 ਲੋਕਾਂ ਨੂੰ,ਅੰਮ੍ਰਿਤਸਰ ਸਾਹਿਬ 4079 ਕਰੋੜ ਦੇ ਨਿਵੇਸ਼ ਨਾਲ 85419 ਲੋਕਾਂ ਨੂੰ,ਪਟਿਆਲਾ ਵਿੱਚ 2821ਕਰੋੜ ਦੇ ਨਿਵੇਸ਼ ਨਾਲ 9927 ਲੋਕਾਂ ਨੂੰ ਤੇ ਰੋਪੜ ਜ਼ਿਲ੍ਹੇ ਵਿੱਚ 1200 ਕਰੋੜ ਦੇ ਨਿਵੇਸ਼ ਨਾਲ 3172 ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ।

ਪੰਜਾਬ ਵਿੱਚ ਆ ਰਹੀ ਇੰਡਸਟਰੀ ਦੀ ਗੱਲ ਕਰਦਿਆਂ ਮਾਨ ਨੇ ਦੱਸਿਆ ਹੈ ਕਿ ਟਾਟਾ ਸਟੀਲ 2600 ਕਰੋੜ ਦਾ ਸੈਕੰਡਰੀ ਸਟੀਲ ਦਾ ਪਲਾਂਟ ਲੁਧਿਆਣਾ ਵਿੱਚ ਲਗਾ ਰਹੇ ਹਨ ਜੋ ਕਿ ਜਮਸ਼ੇਦਪੁਰ ਤੋਂ ਬਾਅਦ ਦੇਸ਼ ਦੂਜਾ ਸਭ ਤੋਂ ਵੱਡਾ ਪਲਾਂਟ ਹੈ।ਫਤਿਹਗੜ ਸਾਹਿਬ ਵਿੱਖੇ ਸਨਾਥਮ ਪੋਲਕੌਮ 1600 ਕਰੋੜ ਰੁਪਇਆ ਮੈਨ ਮੇਡ ਫਾਈਬਰ ਉਦਯੋਗ ਵਿੱਚ ਲਗਾ ਰਹੀ ਹੈ। ਨਾਭਾ ਪਾਵਰ ਪਟਿਆਲਾ ਵਿੱਚ 641 ਕਰੋੜ ਦਾ ਨਿਵੇਸ਼ ਕਰ ਰਹੇ ਹਨ । ਇਸ ਤੋਂ ਇਲਾਵਾ ਜਾਪਾਨ ਦੀ ਕੰਪਨੀ ਟੋਪਨ ਵੀ ਸੂਬੇ ਵਿੱਚ ਆ ਰਹੀ ਹੈ ਤੇ ਮੋਰਿੰਡਾ ਵਿੱਚ ਫਰੈਡਨਬਰਗ ਨੇ ਗੱਡੀਆਂ ਦੇ ਸੈਂਸਰ ਬਣਾਉਣ ਲਈ ਤੇ ਬੇਵੋ ਟੈਕਨਾਲੋਜੀਸ ਮੁਹਾਲੀ ਆਈਟੀ ਸੈਕਟਰ ਵਿੱਚ 300 ਕਰੋੜ ਲਾ ਰਹੀ ਹੈ।ਇੰਗਲੈਂਡ ਦੀ ਕੰਪਨੀ ਹੁਲ 281 ਕਰੋੜ ਪਟਿਆਲਾ ਵਿੱਚ,ਫਤਿਹਗੜ ਸਾਹਿਬ ਵਿੱਚ ਕਾਰਗਿਲ ਇੰਡੀਆ ਨਾਂ ਦੀ ਅਮਰੀਕਨ ਕੰਪਨੀ 160 ਕਰੋੜ ਐਨੀਮਲ ਫੀਡ ਸੈਕਟਰ ਵਿੱਚ ਲਗਾ ਰਹੀ ਹੈ ਤੇ ਇਹਨਾਂ ਸਾਰਿਆਂ ਕੰਪਨੀਆਂ ਦੇ ਨਾਲ ਐਮਓ ਯੂ ਸਾਈਨ ਕੀਤੇ ਜਾ ਚੁੱਕੇ ਹਨ ਤੇ ਇਹ ਹੁਣ ਸੂਬੇ ਵਿੱਚ ਨਿਵੇਸ਼ ਲਈ ਪੂਰੀ ਤਰਾਂ ਤਿਆਰ ਹਨ।

ਮੁਹਾਲੀ ਵਿੱਚ ਹੋਣ ਵਾਲੀ ਇਨਵੈਸਟਮੈਂਟ ਮੀਟ ਵਿੱਚ ਆਉਣ ਲਈ ਕਈ ਵੱਡੀਆਂ ਗੋਦਰੇਜ,ਮਹਿੰਦਰਾ ਤੇ ਗੂਗਲ ਵਰਗੀਆਂ ਕਈ ਵੱਡੀਆਂ ਕੰਪਨੀਆਂ ਨਾਲ ਗੱਲ ਬਾਤ ਹੋਈ ਹੈ ਤੇ ਉਹ ਪੰਜਾਬ ਆਉਣਾ ਚਾਹੁੰਦੇ ਹਨ । ਪਹਿਲਾਂ ਹਾਲਾਤ ਇਹ ਸੀ ਕਿ ਪਰਿਵਾਰਾਂ ਦਾ ਰਾਜ ਸੀ । ਇਸ ਪਾਸੇ ਵੱਲ ਧਿਆਨ ਨਹੀਂ ਸੀ ਦਿੰਦੇ। ਹੁਣ ਉਹ ਪੰਜਾਬ ਦੇ 3 ਕਰੋੜ ਲੋਕਾਂ ਨਾਲ ਐਮਓ ਯੂ ਸਾਈਨ ਕਰਨਗੇ।

 

ਇਨਵੈਂਸਟਮੈਂਟ ਮੀਟ ਵਿੱਚ ਨਿਵੇਸ਼ ਲਈ ਤੇ ਡਿਸਕਸ਼ਨ ਰੱਖੇ ਗਏ 9 ਸੈਕਟਰ

ਐਗਰੀ ਫੂਡ ਪ੍ਰੌਸੈਂਸਿੰਗ,ਟੈਕਸਟਾਈਲ,ਹੈਲਥ ਕੇਅਰ,ਟੂਰਿਸਮ,ਇਜੂਕੇਸ਼ਨ,ਸਟਾਰਟਅੱਪ,ਐਕਸਪੋਰਟ ਸੈਕਟਰਾਂ ਵਿੱਚ ਮੀਟ ਦੌਰਾਨ ਚਰਚਾ ਹੋਵੇਗੀ ਤੇ ਨਿਵੇਸ਼ ਲਈ ਸੱਦਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਾਪਾਨ ਤੇ ਇੰਗਲੈਂਡ ਦੇ ਖਾਸ ਸੈਸ਼ਨ ਹੋਣਗੇ ਕਿਉਂਕਿ ਇਹ ਇਸ ਸਮਾਗਮ ਲਈ ਭਾਈਵਾਲ ਦੇਸ਼ ਵੀ ਹੋਣਗੇ।

ਮਾਨ ਨੇ ਇਹ ਵੀ ਕਿਹਾ ਹੈ ਕਿ ਆਪ ਸਰਕਾਰ ਸਿੰਗਲ ਵਿੰਡੋ ਸਿਸਟਮ ਰਖੇਗੀ । ਕਿਸੇ ਵੀ ਕਿਸਮ ਦੀ ਪਰਮਿਸ਼ਨ ਲੈਣ ਲਈ ਦਫਤਰਾਂ ਵਿੱਚ ਕੋਈ ਖ਼ਜਲ ਖੁਆਰੀ ਨਹੀਂ ਹੋਵੇਗੀ ਤੇ ਦੱਸ ਦਿਨਾਂ ਦੇ ਅੰਦਰ ਸਾਰੀ ਕਾਰਵਾਈ ਮੁਕੰਮਲ ਹੋਵੇਗੀ।

 

ਪੱਤਰਕਾਰਾਂ ਨਾਲ ਸਵਾਲ ਜੁਆਬ 

ਮਾਨ ਨੇ ਦਾਅਵਾ ਕਰਦਿਆਂ ਕਿਹਾ ਹੈ ਕਿ ਵੱਡੀਆਂ ਕੰਪਨੀਆਂ ਦਾ ਪੰਜਾਬ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਹੁਣ ਪੰਜਾਬ ਵਿੱਚ ਮਾਹੌਲ ਹੁਣ ਠੀਕ ਹੈ। ਕਿਸੇ ਵੀ ਗੈਂਗਟਟਰ ਜਾਂ ਸਮਾਜ ਵਿਰੋਧੀ ਤੱਤ ਨੂੰ ਸਰਕਾਰੀ ਸ਼ਹਿ ਨਹੀਂ ਮਿਲੇਗੀ।ਪੰਜਾਬ ਸਰਕਾਰ ਨੇ ਇੰਡਸਟਰੀ ਲਈ ਮਾਹੌਲ ਬਣਾਇਆ ਹੈ ਤੇ ਸਿੱਖਿਆ ਵਿੱਚ ਵੀ ਤਕਨੀਕੀ ਸੁਧਾਰ ਕੀਤੇ ਜਾਣਗੇ। ਪੰਜਾਬ ਵਿੱਚ ਆਵਾਜਾਈ ਦੇ ਸਾਧਨ ਹੋਰ ਵੀ ਵਿਕਸਤ ਕੀਤੇ ਜਾ ਰਹੇ ਹਨ। ਖੇਤੀਬਾੜੀ ਨਾਲ ਸੰਬੰਧਿਤ ਬੇਵਾ ਤੇ ਮੇਰਕਸਪੇਸ ਕੰਪਨੀਆਂ ਵੀ ਦੋ ਦਿਨਾਂ ਵਿੱਚ ਹੀ ਪੰਜਾਬ ਆ ਰਹੀਆਂ ਹਨ ਤੋ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਹਨ ਜਿਹਨਾਂ ਨਾਲ ਗੱਲਬਾਤ ਹੋਈ ਹੈ ਤੇ ਉਹ ਪੰਜਾਬ ਆਉਣ ਲਈ ਤਿਆਰ ਹਨ।

ਇੱਕ ਸਵਾਲ ਦੇ ਜਵਾਬ ਵਿੱਚ ਮਾਨ ਨੇ ਫੂਡ ਪ੍ਰੌਸੈਂਸਿੰਗ ਇੰਡਸਟਰੀ ਨੂੰ ਵੀ ਵਿਕਸਤ ਕਰਨ ਤੇ ਜ਼ੋਰ ਦਿੱਤਾ ਹੈ ਤੇ ਕਿਹਾ ਹੈ ਕਿ ਵੇਰਕਾ ਤੇ ਮਾਰਕਫੈਡ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਜਿਸ ਨਾਲ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਡੇਅਰੀ ਉਤਪਾਦਾਂ ਦੀ ਵਿਕਰੀ ਦਾ ਵੀ ਫਾਇਦਾ ਹੋਵੇਗਾ।

ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਕਰਜ਼ਿਆਂ ਬਾਰੇ ਸਵਾਲ ਪੁੱਛੇ ਜਾਣ ‘ਤੇ ਮਾਨ ਨੇ ਸਾਫ ਕਿਹਾ ਹੈ ਕਿ ਲੋਕਾਂ ਦੀ ਭਲਾਈ ਦੇ ਮਾਮਲੇ ਵਿੱਚ ਅਸੀਂ ਕਦੇ ਵੀ ਨਹੀਂ ਕਹਾਂਗੇ ਕਿ ਖਜਾਨਾ ਖਾਲੀ ਹੈ। ਸਗੋਂ ਸਰਕਾਰ ਹਰ ਪਾਸਿਉਂ ਹੋ ਰਹੀ ਲੀਕੇਜ਼ ਨੂੰ ਬੰਦ ਕਰਨ ਵਿੱਚ ਲਗੀ ਹੋਈ ਹੈ।ਸਰਕਾਰੀ ਜ਼ਮੀਨਾਂ ‘ਤੇ ਕਬਜ਼ੇ ਛੁਡਾਏ ਜਾ ਰਹੇ ਹਨ ਤੇ ਸਰਕਾਰੀ ਬੱਸਾਂ ਵੀ ਫਾਇਦੇ ਵਿੱਚ ਚੱਲ ਰਹੀਆਂ ਹਨ। ਹੁਣ ਕਿਸੇ ਇੱਕ ਪਰਿਵਾਰ ਦੀਆਂ ਬੱਸਾਂ ‘ਤੇ ਵੀ ਲਗਾਮ ਲਗਾਈ ਗਈ ਹੈ ਤੇ ਆਮਦਨ ਦੇ ਹੋਰ ਸਾਧਨ ਵੀ ਪੈਦਾ ਕਰ ਰਹੇ ਹਨ। ਆਪ ਸਰਕਾਰ ਨੇ 26074 ਨੋਕਰੀਆਂ ਦਿੱਤੀਆਂ ਹਨ।

ਨਿਵੇਸ਼ਕਾਂ ਵੱਲੋਂ ਪੰਜਾਬ ਤੋਂ ਮੂੰਹ ਮੋੜੇ ਜਾਣ ਦੇ ਸਵਾਲ ਤੇ ਮਾਨ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਗਲਤ ਖ਼ਬਰਾਂ ਦੱਸਿਆ ਹੈ।

ਪਾਕਿਸਤਾਨ ਨਾਲ ਵਪਾਰਕ ਸੰਬੰਧ ਸ਼ੁਰੂ ਕੀਤੇ ਜਾਣ ਦੀ ਗੱਲ ਨੂੰ ਵੀ ਮਾਨ ਨੇ ਸਿੱਧਾ ਨਕਾਰ ਦਿੱਤਾ ਹੈ ਤੇ ਕਿਹਾ ਹੈ ਸੁਨੀਲ ਜਾਖੜ ਭਾਵੇਂ ਆਪਣੇ ਵੱਲੋਂ ਜੋ ਮਰਜੀ ਕਰੀ ਜਾਂ ਪਰ ਨਸ਼ੇ ਤੇ ਹਥਿਆਰਾਂ ਦਾ ਵਪਾਰ ਕਰਨ ਵਾਲੇ ਮੁਲਕ ਨਾਲ ਕੋਈ ਵਪਾਰ ਨਹੀਂ ਹੋਵੇਗਾ।

ਪੰਜਾਬ ਵਿੱਚ ਲੱਗਣ ਜਾ ਰਹੀ ਇੰਡਸਟਰੀ ਨੂੰ ਪਹਿਲਾਂ ਹੀ ਵਾਤਾਵਰਣ ਪ੍ਰਤੀ ਸੁਚੇਤ ਰਹਿਣ ਲਈ ਕਿਹਾ ਗਿਆ ਹੈ ਤੇ ਕਿਸੇ ਵੀ ਤਰਾਂ ਦਾ ਪ੍ਰਦੂਸ਼ਣ ਫੈਲਾਉਣ ਵਾਲੀ ਇੰਡਸਟਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਪਹਿਲਾਂ ਵਾਲੀਆਂ ਸਰਕਾਰਾਂ ‘ਤੇ ਵਰਦੇ ਹੋਏ ਮਾਨ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਪਹਿਲਾਂ ਕੋਈ ਵਧੀਆ ਮਾਹੋਲ ਨਹੀਂ ਸੀ ਬਣਦਾ ਪਰ ਹੁਣ ਆਪ ਇਸ ਤੇ ਕੰਮ ਕਰ ਰਹੀ ਹੈ।ਮਾਨ ਨੇ ਪੰਜਾਬ ਵਿੱਚ ਹੋਣ ਵਾਲੀ ਇਨਵੈਸਟਮੈਂਟ ਮੀਟ ਲਈ ਸਾਰਿਆਂ ਨੂੰ ਸੱਦਾ ਵੀ ਦਿੱਤਾ ਹੈ।

ਜ਼ੀਰਾ ਫੈਕਟਰੀ ਬਾਰੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਉਹ ਪੂਰੀ ਤਰਾਂ ਨਾਲ ਬੰਦ ਹੋ ਚੁੱਕੀ ਹੈ ਤੇ ਉਥੇ ਜਿਹੜੇ ਧਰਨਾਕਾਰੀ ਬੈਠੇ ਹਨ,ਉਹਨਾਂ ਦੀ ਮਰਜੀ ਹੈ,ਉਹ ਜਦੋਂ ਮਰਜੀ ਉਠਣ।ਇਹਨਾਂ ਖਿਲਾਫ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ।ਫੈਕਟਰੀ ਬਾਰੇ ਲਿਖਤ ਆਦੇਸ਼ ਜਲਦੀ ਜਾਰੀ ਹੋ ਜਾਵੇਗਾ।