ਲੋਕ ਸਭਾ ਚੋਣਾਂ (Lok Sabha Election 2024) ਨੂੰ ਲੈ ਕੇ ਵਾਰ ਪਲਟਵਾਰ ਦਾ ਦੌਰ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਣਾ ਵਿੱਚ ਡਾ. ਬਲਬੀਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆੜੇ ਹੱਥੀਂ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਿੰਦੀ ਭਾਸ਼ਾ ਦੇ 1.50 ਲੱਖ ਸ਼ਬਦ ਹਨ ਪਰ ਪ੍ਰਧਾਨ ਮੰਤਰੀ ਨੂੰ ਕੇਵਲ 10 ਸ਼ਬਦ ਹੀ ਆਉਂਦੇ ਹਨ। ਉਹ ਸ਼ਬਦ ਹਨ ਹਿੰਦੂ, ਮੁਸਲਮਾਨ, ਸਮਸ਼ਾਨ, ਕਬਰਸਤਾਨ, ਪਾਕਿਸਤਾਨ, ਮੰਦਰ, ਮਸਜਿਦ ਅਤੇ ਮੰਗਲਸੂਤਰ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮਹਿੰਗਾਈ, ਬੇਰੁਜਗਾਰੀ ਵਰਗੇ ਮੁੱਦਿਆਂ ਉੱਤੇ ਨਹੀਂ ਬੋਲਦੇ ਪਰ ਅਜਿਹੇ ਮੁੱਦਿਆਂ ਤੇ ਅਕਸਰ ਬੋਲਦੇ ਹਨ। ਮੁੱਖ ਮੰਤਰੀ ਨੇ ਭਾਜਪਾ ਤੇ ਜ਼ੋਰਦਾਰ ਹਮਲਾ ਬੋਲਦਿਆ ਕਿਹਾ ਕਿ ਉਹ ਪੰਜਾਬ ਦੇ ਭਾਈਚਾਰੇ ਨੂੰ ਨਹੀਂ ਤੋੜ ਸਕਦੇ। ਸਾਡਾ ਸਮਾਜਿਕ ਰਿਸ਼ਤਾ ਬਹੁਤ ਮਜ਼ਬੂਤ ਹੈ। ਭਾਜਪਾ ਨੂੰ ਲਗਦਾ ਹੈ ਕਿ ਉਹ ਪਿੰਡਾਂ ਨੂੰ ਸ਼ਹਿਰਾਂ ਤੋਂ ਅੱਡ ਕਰਕੇ ਵੋਟ ਹਾਸਲ ਕਰ ਸਕਦੀ ਹੈ, ਅਜਿਹਾ ਕਦੀ ਨਹੀਂ ਹੋਵੇਗਾ।
ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਅਤੇ ਆੜਤੀਆਂ ਦਾ ਰਿਸ਼ਤਾ ਬਹੁਤ ਮਜ਼ਬੂਤ ਹੈ। ਇਸ ਨੂੰ ਕੋਈ ਵੀ ਤੋੜ ਨਹੀਂ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਆੜਤੀਆਂ ਵੱਲੋਂ ਕਰਾਏ ਰਿਸ਼ਤੇ ਜਿਆਦਾ ਨਿਭਦੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ 2 ਸਾਲਾਂ ਦਾ ਕਾਰਜਕਾਲ ਦੌਰਾਨ 43 ਹਜ਼ਾਰ ਨੌਕਰੀਆਂ ਦਿੱਤੀਆਂ ਗਈਆਂ। ਨੌਕਰੀਆਂ ਦੇਣ ਸਮੇਂ ਕਿਸੇ ਦੀ ਵੀ ਸ਼ਿਫਾਰਿਸ ਨਹੀਂ ਮੰਨੀ ਗਈ ਹੈ।
ਇਹ ਵੀ ਪੜ੍ਹੋ – ਸੰਗਰੂਰ ਤੋਂ ਲੋਕ ਸਭਾ ਚੋਣ ਲੜੇਗੀ ਕੇਜਰੀਵਾਲ ਦੀ ਭੈਣ!