Punjab

ਮੁੱਖ ਮੰਤਰੀ ਮਾਨ ਨੇ ਦਿੱਤੀ ਸਾਰਿਆਂ ਨੂੰ ਰਵਿਦਾਸ ਮਹਾਰਾਜ ਦੇ ਜਨਮ ਦਿਹਾੜੇ ਦੀ ਵਧਾਈ

ਜਲੰਧਰ : ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮੂਹ ਭਾਈਚਾਰੇ ਨੂੰ ਵਧਾਈ ਦਿੱਤੀ ਹੈ ਤੇ  ਇਸ ਮੌਕੇ ਆਈ ਸੰਗਤ ਨੂੰ ਸੰਬੋਧਨ ਵੀ ਕੀਤਾ ਹੈ। ਪਿਛਲੀਆਂ ਸਰਕਾਰਾਂ ‘ਤੇ ਵਰਦਿਆਂ ਉਹਨਾਂ ਕਿਹਾ ਕਿ ਪਹਿਲੇ ਮੁੱਖ ਮੰਤਰੀ ਆਮ ਲੋਕਾਂ ਵਿੱਚ ਕਦੇ ਨਹੀਂ ਸੀ ਵਿਚਰਦੇ,ਇਸ ਲਈ ਲੋਕਾਂ ਨੇ ਉਹਨਾਂ ਨੂੰ ਕਿਨਾਰੇ ਕਰ ਦਿੱਤਾ ਹੈ।

ਸ਼੍ਰੀ ਗੁਰੂ ਰਵਿਦਾਸ ਜੀ ਬਾਰੇ ਬੋਲਦੇ ਹੋਏ ਉਹਨਾਂ ਕਿਹਾ ਹੈ ਕਿ ਉਹਨਾਂ ਦੀ ਬਾਣੀ ਲੋਕਾਂ ਨੂੰ ਜਗਾਉਂਦੀ ਹੈ ਤੇ ਜਾਤ-ਪਾਤ ਦਾ ਸੰਗਲ ਤੋੜਨ ਦਾ ਸੁਨੇਹਾ ਦਿੰਦੀ ਹੈ,ਜਿਸ ਦੀ ਅੱਜ ਬਹੁਤ ਲੋੜ ਹੈ।ਆਮ ਤੋਰ ‘ਤੇ ਨਵੀਆਂ ਸਰਕਾਰਾਂ ਬਣਨ ਸਮੇਂ ਦਫਤਰਾਂ ਵਿੱਚ ਫੋਟੋਆਂ ਬਦਲ ਜਾਂਦੀਆਂ ਸੀ ਪਰ ਆਪ ਸਰਕਾਰ ਨੇ ਨਵੀਂ ਪਹਿਲ ਕਰਦਿਆਂ ਇਥੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਡਾ.ਭੀਮ ਰਾਉ ਅੰਬੇਦਕਰ ਦੀਆਂ ਫੋਟੋਆਂ ਲਗਾਈਆਂ ਹਨ।

ਸਿੱਖਿਆ ਦੇ ਖੇਤਰ ਵਿੱਚ ਹੁਣ ਦਿੱਲੀ ਵਾਂਗ ਪੰਜਾਬ ਵਿੱਚ ਵੀ ਕ੍ਰਾਂਤੀ ਆਵੇਗੀ।ਇਸ ਲਈ ਅੱਜ 36 ਅਧਿਆਪਕਾਂ ਦੇ ਜਥੇ ਨੂੰ ਸਿੰਘਾਪੁਰ ਟਰੇਨਿੰਗ ਲਈ ਭੇਜਿਆ ਗਿਆ ਹੈ। ਸਿੱਖਿਆ ਤੇ ਸਿਹਤ ਦੋਨੋਂ ਪਾਸੇ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਯਤਨ ਕਰ ਰਹੀ ਹੈ ।ਹੁਣ ਸਰਕਾਰੀ ਸਕੂਲਾਂ ਵਿੱਚੋਂ ਆਮ ਘਰਾਂ ਦੇ ਬੱਚੇ ਵੀ ਵੱਡੇ ਅਫਸਰ ਬਣ ਕੇ ਨਿਕਲਣਗੇ। ਰਾਸ਼ਨ ਦੀ ਬਜਾਇ ਆਮ ਘਰਾਂ ਦੇ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਜਾਣਾ ਚਾਹੀਦਾ ਹੈ,ਜਿਸ ਨਾਲ ਇਹ ਆਪਣੇ ਘਰ ਦੀ ਗਰੀਬੀ ਦੂਰ ਕਰ ਸਕਦੇ ਹਨ। ਇਸ ਲਈ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਸੂਬੇ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਕਰਨ ਵਾਲੇ ਨਹੀਂ ਸਗੋਂ ਨੌਕਰੀਆਂ ਵੰਡਣ ਵਾਲੇ ਬਣਾਇਆ ਜਾਵੇਗਾ।

ਇਸ ਤੋਂ ਇਲਾਵਾ ਮਾਨ ਨੇ ਇਹ ਵੀ ਕਿਹਾ ਹੈ ਕਿ ਸਾਡੇ ਗੁਰੂਆਂ ਤੇ ਸ਼ਹੀਦਾਂ ਦੀ ਸਿੱਖਿਆ ਦੀ ਬਦੌਲਤ ਹੀ ਅਸੀਂ ਅੱਜ ਸਮਾਜ ਦੀਆਂ ਬੁਰਾਈਆਂ ਨੂੰ ਅੱਗੇ ਵਧਣ ਤੋਂ ਰੋਕ ਸਕਦੇ ਹਾਂ।ਇਸ ਤੋਂ ਇਲਾਵਾ ਉਹਨਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦਿਆਂ ਕਿਹਾ ਕਿ ਉਹਨਾਂ ਸਦੀਆਂ ਪਹਿਲਾਂ ਹੀ ਕਹਿ ਦਿਤਾ ਸੀ ਕਿ ਪਾਣੀ,ਹਵਾ ਤੇ ਧਰਤੀ ਨੂੰ ਸਦਾ ਬਚਾ ਕੇ ਰਖਣਾ ਚਾਹੀਦਾ ਹੈ ਤਾਂ ਹੀ ਮਨੁੱਖਤਾ ਜਿੰਦਾ ਰਹਿ ਸਕਦੀ ਹੈ।

ਉਹਨਾਂ ਪ੍ਰਬੰਧਕਾਂ ਨੂੰ ਵੀ ਇਹ ਵੀ ਕਿਹਾ ਹੈ ਕਿ ਕਿਸੇ ਵੀ ਤਰਾਂ ਦੀ ਲੋੜ ਜਾ ਕੋਈ ਵਧੀਆ ਪ੍ਰੌਜੈਕਟ ਹੋਣ ਦੀ ਸੂਰਤ ਵਿੱਚ ਸਰਕਾਰ ਵੱਲੋਂ ਪੂਰੀ ਸਹਾਇਤਾ ਕੀਤੀ ਜਾਵੇਗੀ। ਇਹ ਪੈਸਾ ਲੋਕਾਂ ਦੇ ਟੈਕਸ ਦਾ ਹੀ ਹੈ ਤੇ ਆਮ ਬੰਦਾ ਸੌਣ ਤੋਂ ਲੈ ਕੇ ਜਾਗਣ ਤੱਕ ਤੇ ਆਪਣਾ ਹਰ ਕੰਮ ਕਰਦੇ ਹੋਏ ਵੀ ਟੈਕਸ ਤਾਰ ਰਿਹਾ ਹੈ ਪਰ ਪਿਛਲੀਆਂ ਸਰਕਾਰਾਂ ਨੇ ਇਸ ਦੀ ਸਹੀ ਵਰਤੋਂ ਨਹੀਂ ਕੀਤੀ ਤੇ ਖਜਾਨਾ ਖਾਲੀ ਹੋਣ ਦਾ ਰੌਲਾ ਪਾਉਂਦੀਆਂ ਰਹੀਆਂ ਪਰ ਹੁਣ ਆਪ ਨੇ ਉਸੇ ਪੈਸੇ ਦੀ ਸੁਚੱਜੀ ਵਰਤੋਂ ਕੀਤੀ ਹੈ । ਇਸ ਤੋਂ ਇਲਾਵਾ ਮਾਨ ਨੇ ਆਪਣੇ ਸੰਬੋਧਨ ਦੇ ਅਖੀਰ ਵਿੱਚ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਰਵਿਦਾਸ ਮਹਾਰਾਜ ਦੇ ਜਨਮ ਦਿਹਾੜੇ ਮੌਕੇ ਵਧਾਈ ਦਿੱਤੀ ਤੇ ਸਾਰਿਆਂ ਨੂੰ ਉਹਨਾਂ ਦੇ ਦਿਖਆਅ ਰਸਤੇ ਤੇ ਚਲਣ ਦੀ ਅਪੀਲ ਵੀ ਕੀਤੀ ।