‘ਦ ਖਾਲਸ ਬਿਉਰੋ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਬੈਠਕ ਕੀਤੀ, ਜਿਸ ਵਿੱਚ ਹੋਰ ਵੀ ਕਈ ਵੱਡੇ ਅਧਿਕਾਰੀ ਵੀ ਸ਼ਾਮਲ ਹੋਏ। ਪੰਜਾਬ ਭਵਨ ਚੰਡੀਗੜ੍ਹ ਵਿਖੇ ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਕਿਹਾ ਕਿ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਜਾਣ। ਅਧਿਕਾਰੀ ਖੁਦ ਸਫਾਈ ਦੇ ਨਾਲ ਖਰੀਦ ‘ਤੇ ਨਜ਼ਰ ਰੱਖਣ। ਇਸ ਤੋਂ ਇਲਾਵਾ ਕਿਸਾਨਾਂ ਨੂੰ ਫਸਲ ਦੀ ਅਦਾਇਗੀ 24 ਘੰਟਿਆਂ ਦੇ ਅੰਦਰ-ਅੰਦਰ ਕੀਤੀ ਜਾਵੇ। ਇਸ ਦੇ ਨਾਲ ਹੀ ਗੁਆਂਢੀ ਰਾਜਾਂ ਦੀ ਕਣਕ ਪੰਜਾਬ ਵਿੱਚ ਨਾ ਵਿਕਣ ਨੂੰ ਯਕੀਨੀ ਬਣਾਉਣ ਦੇ ਸਖ਼ਤ ਹੁਕਮ ਦਿੱਤੇ ਗਏ ਹਨ।
ਇਸ ਮੀਟਿੰਗ ਦੌਰਾਨ ਕਣਕਾਂ ਦੀ ਖਰੀਦ ਸੰਬੰਧੀ ਤਿਆਰੀਆਂ ਦਾ ਜਾਇਜਾ ਲਿਆ ਗਿਆ ਤੇ ਕਈ ਅਹਿਮ ਨੁਕਤਿਆਂ ਤੇ ਵੀ ਗੱਲ ਹੋਈ । ਮੀਟਿੰਗ ਤੋਂ ਬਾਅਦ ਬਾਹਰ ਆਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚਕ ਨੇ ਮੀਟਿੰਗ ਵਿੱਚ ਵਿਚਾਰੇ ਗਏ ਨੁਕਤਿਆਂ ਬਾਰੇ ਦਸਿਆ ਕਿ ਇਸ ਵਾਰ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਕਿਸਮ ਦੀ ਮੁਸ਼ਕਿਲ ਨਹੀਂ ਹੋਵੇਗੀ ਤੇ ਬਾਹਰੋਂ ਕੋਈ ਇੱਧਰ ਆ ਕੇ ਕਣਕ ਨਾ ਵੇਚ ਸਕੇ ,ਇਸ ਲਈ ਖਾਸ ਤੋਰ ਤੇ ਨਾਕੇ ਲਾਏ ਜਾਣਗੇ। ਦਰਅਸਲ, ਕਈ ਰਾਜਾਂ ਵਿੱਚ ਕਣਕ ‘ਤੇ ਐਮਐਸਪੀ ਉਪਲਬਧ ਨਹੀਂ ਹੈ, ਇਸ ਲਈ ਉਹ ਇਸ ਨੂੰ ਵੇਚਣ ਲਈ ਪੰਜਾਬ ਲਿਆਉਂਦੇ ਹਨ। ਪੰਜਾਬ ਦੇ ਕਿਸਾਨਾਂ ਦੀ ਬਿਹਤਰੀ ਲਈ ਹਰ ਕੌਸ਼ਿਸ਼ ਕਰਾਂਗੇ।
ਇਸ ਤੋਂ ਬਿਨਾਂ ਉਹਨਾਂ 24 ਘੰਟਿਆਂ ਦੇ ਅੰਦਰ-ਅੰਦਰ ਕਿਸਾਨਾਂ ਨੂੰ ਅਦਾਇਗੀ ਕਰਨ ਦਾ ਵੀ ਦਾਅਵਾ ਵੀ ਕੀਤਾ ।ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਹੋ ਚੁੱਕੀ ਹੈ ਤੇ ਕਿਸਾਨਾਂ ਨੂੰ ਇਸ ਵਾਰ ਨਵੀਂ ਸਰਕਾਰ ਤੋਂ ਉਮੀਦਾਂ ਵੀ ਬਹੁਤ ਨੇ।