ਚੰਡੀਗੜ੍ਹ : ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਸਰਕਾਰ ਇਸ ਵੇਲੇ ਐਕਸ਼ਨ ਵਿੱਚ ਨਜ਼ਰ ਆ ਰਹੀ ਹੈ। ਬਰਖਾਸਤ ਪੁਲਿਸ ਅਧਿਕਾਰੀ ਰਾਜਜੀਤ ਸਿੰਘ ਖਿਲਾਫ਼ ਲੂਕ ਆਊਟ ਨੋਟਿਸ ਜਾਰੀ ਹੋਣ ਦੇ ਨਾਲ ਨਾਲ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡੀਜੀਪੀ ਪੰਜਾਬ ਨੂੰ ਸਪੱਸ਼ਟ ਹਦਾਇਤ ਕੀਤੀ ਹੈ ਕਿ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੀ ਮਦਦ ਤਕਨ ਵਾਲੇ ਤੇ ਉਸ ਨੂੰ ਪਨਾਹ ਦੇਣ ਵਾਲੇ ਸਾਰੇ ਪੁਲਿਸ ਅਧਿਕਾਰੀਆਂ ਖਿਲਾਫ ਜਾਂਚ ਕੀਤੀ ਜਾਵੇ ਅਤੇ ਉਹਨਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਜਿਸ ਕਰਕੇ ਹੁਣ ਡੀਜੀਪੀ ਪੰਜਾਬ ਨੇ ADGP ਆਰ ਕੇ ਜੈਸਵਾਲ ਦੀ ਡਿਊਟੀ ਸਾਰੇ ਮਾਮਲੇ ਦੀ ਜਾਂਚ ਵਾਸਤੇ ਲਗਾਈ ਹੈ।
ਮੁੱਖ ਮੰਤਰੀ ਪੰਜਾਬ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇੰਦਰਜੀਤ ਸਿੰਘ ਦੀ ਪੁਸ਼ਤ ਪਨਾਹੀ ਕਰਨ ਵਾਲੇ ਅਧਿਕਾਰੀ ਜਾਂ ਅਫਸਰ ਦੀ ਸ਼ਨਾਖ਼ਤ ਕਰ ਕੇ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ।ਦੱਸਣਯੋਗ ਹੈ ਕਿ ਇੰਸਪੈਕਟਰ ਇੰਦਰਜੀਤ ਸਿੰਘ ’ਤੇ ਕਾਫੀ ਗੰਭੀਰ ਦੋਸ਼ ਲੱਗੇ ਹਨ। ਹਾਈ ਕੋਰਟ ਵਿੱਚ ਖੁਲੀਆਂ ਨਸ਼ਿਆਂ ਸੰਬੰਧੀ ਰਿਪੋਰਟਾਂ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਸਾਬਕਾ ਪੁਲਿਸ ਕਰਮਚਾਰੀ ਇੰਦਰਜੀਤ ਸਿੰਘ ਨਸ਼ਿਆਂ ਦੇ ਮਾਮਲਿਆਂ ਵਿੱਚ ਨਿਰਦੋਸ਼ ਲੋਕਾਂ ਨੂੰ ਫਸਾ ਕੇ ਉਹਨਾਂ ਨੂੰ ਬਲੈਕਮੇਲ ਕਰਦਾ ਸੀ ਤੇ ਉਹਨਾਂ ਤੋਂ ਮੋਟੀਆਂ ਰਕਮਾਂ ਵਸੂਲ ਕਰਦਾ ਸੀ।
ਇਸ ਤੋਂ ਇਲਾਵਾ ਉਸ ਨੇ ਕਈ ਵਾਰ ਨਿਰਦੋਸ਼ ਲੋਕਾਂ ਦੇ ਘਰਾਂ ਦਾ ਸਾਮਾਨ ਵੀ ਲੁੱਟਿਆ ਹੈ ਤੇ ਉਹਨਾਂ ਦੀਆਂ ਜਾਇਦਾਦਾਂ ਤੇ ਕਬਜ਼ਾ ਵੀ ਕੀਤਾ ਹੈ।ਉਸ ਦੇ ਸੰਬੰਧ ਬਰਖਾਸਤ ਪੁਲਿਸ ਅਧਿਕਾਰੀ ਰਾਜਜੀਤ ਸਿੰਘ ਨਾਲ ਵੀ ਜੁੜੇ ਹਨ। ਇੰਦਰਜੀਤ ਸਿੰਘ ਇਸ ਵੇਲੇ ਪਟਿਆਲਾ ਜੇਲ੍ਹ ਵਿੱਚ ਬੰਦ ਹੈ।