‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਈਦ ਦੇ ਪਵਿਤਰ ਮੌਕੇ ‘ਤੇ ਮਲੇਰਕੋਟਲਾ ਪਹੁੰਚੇ। ਮਲੇਰਕੋਟਲਾ ‘ਚ ਈਦ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਹੋਏ ਉਨ੍ਹਾਂ ਨੇ ਆਪਸੀ ਭਾਈਚਾਰਕ ਸਾਂਝ ਦਾ ਸੱਦਾ ਦਿੱਤਾ । ਮੁੱਖ ਮੰਤਰੀ ਮਾਨ ਵੱਲੋਂ ਮਲੇਰਕੋਟਲਾ ਪਹੁੰਚ ਕੇ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ । ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਭਾਈਚਾਰਕ ਸਾਂਝ ਤੋੜਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਦੀ ਧਰਤੀ ਗੁਰੂਆਂ-ਪੀਰਾਂ ਦੀ ਧਰਤੀ ਹੈ। ਇਥੇ ਨਫਰਤ ਦੇ ਬੀਜ ਨਹੀਂ ਉਗਦੇ, ਇਥੇ ਭਾਈਚਾਰਕ ਸਾਂਝ ਹਮੇਸ਼ਾ ਬਣੀ ਰਹੀ ਹੈ ਤੇ ਰਹੇਗੀ।
ਉਨ੍ਹਾਂ ਕਿਹਾ ਕਿ ਮਲੇਰਕੋਟਲਾ ਨੂੰ ਜਿਲ੍ਹਾ ਜ਼ਰੂਰ ਬਣਾ ਦਿੱਤਾ ਗਿਆ ਹੈ ਪਰ ਇਥੇ ਜਿਲ੍ਹੇ ਵਾਲੀਆਂ ਸਹੂਲਤਾਂ ਛੇਤੀ ਹੀ ਮਿਲਣਗੀਆਂ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਰੀਆਂ ਬਿਲਡਿੰਗਾਂ ਨਹੀਂ ਬਣਦੀਆਂ ਉਦੋਂ ਤੱਕ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਵਿਧਾਇਕ 5 ਲੱਖ ਤੋਂ ਵੱਧ ਪੈਨਸ਼ਨਾਂ ਲੈਂਦੇ ਸਨ ਉਨ੍ਹਾਂ ਨੂੰ ਕਹਿ ਦਿੱਤਾ ਕਿ ਪੈਨਸ਼ਨ ਇਕ ਹੀ ਬਣੇਗੀ। ਉਨ੍ਹਾਂ ਕਿਹਾ ਕਿ ਜਿਹੜੇ ਪੈਸੇ ਸਾਡੀਆਂ ਜੇਬਾਂ ਵਿੱਚੋਂ ਲੁੱਟ ਲੈ ਕੇ ਗਏ ਨੇ ਉਨ੍ਹਾਂ ਦਾ ਹਿਸਾਬ ਹੋਵੇਗਾ। ਉਹ ਪੈਸਾ ਵਾਪਸ ਲੈ ਕੇ ਹੁਣ ਸਕੂਲਾਂ, ਹਸਪਤਾਲਾਂ ਉਤੇ ਲਗਾਇਆ ਜਾਵੇਗਾ। ਪੰਜਾਬ ਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ ਸਾਰੇ ਭਾਈਚਾਰੇ ਰਲ਼-ਮਿਲ ਕੇ ਰਹਿੰਦੇ ਹਨ।
ਇਸਦੇ ਨਾਲ ਹੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਆਪਣੇ ਹਰ ਵਾਅਦੇ ਨੂੰ ਪੂਰਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਮੈਂ ਉਹ ਵਾਅਦਾ ਕਦੇ ਵੀ ਨਹੀਂ ਕਰਦਾ ਜਿਸ ਨੂੰ ਮੈਂ ਪੂਰਾ ਨਾ ਕਰ ਸਕਾਂ । ਮਾਨ ਨੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਆਉਣ ਵਾਲੇ ਦਿਨਾਂ ਵਿੱਚ ਜ਼ਿੰਦਗੀ ਲੀਹ ‘ਤੇ ਆ ਜਾਵੇਗੀ ਅਤੇ ਆਉਣ ਵਾਲੇ ਇੱਕ ਦੋ ਸਾਲ ਵਿੱਚ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਰੰਗ ਬਦਲਦਾ ਨਜ਼ਰ ਆ ਜਾਵੇਗਾ। ਮਾਨ ਨੇ ਇਹ ਵੀ ਕਿਹਾ ਕਿ ਅਸੀਂ ਭ੍ਰਿਸ਼ਟਾਚਾਰੀਆਂ ਅਤੇ ਨਜ਼ਾਇਜ਼ ਕਬਜ਼ਿਆਂ ਖ਼ਿਲਾਫ਼ ਬਹੁਤ ਸਾਰੇ ਕੰਮ ਸ਼ੁਰੂ ਕੀਤੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜੋ ਜਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਹੈ ਉਹ ਸਿਰ- ਮੱਥੇ ਪਰਵਾਨ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਟਵੀਟ ਕਰਕੇ ਕਿਹਾ- ਭਾਈਚਾਰਾ ਅਤੇ ਏਕਤਾ ਦੀ ਮਿਸਾਲ ਤਿਉਹਾਰ ‘ਈਦ-ਉੱਲ-ਫ਼ਿਤਰ’ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਦੁਆ ਕਰਦੇ ਹਾਂ ਕਿ ਪੰਜਾਬ ਦਾ ਭਾਈਚਾਰਕ ਮਾਹੌਲ ਇਸੇ ਤਰ੍ਹਾਂ ਖੁਸ਼ਗਵਾਰ ਬਣਿਆ ਰਹੇ ਤੇ ਇਹ ਤਿਉਹਾਰ ਸਭ ਦੇ ਜੀਵਨ ਵਿੱਚ ਖ਼ੁਸ਼ਹਾਲੀ ਅਤੇ ਤਰੱਕੀਆਂ ਲੈ ਕੇ ਆਵੇ।”