Punjab

ਪਰਾਲੀ ਦੇ ਮਸਲੇ ‘ਤੇ ਬੋਲੇ ਮਾਨ,ਕਿਹਾ ਸਾਰੇ ਉੱਤਰੀ ਭਾਰਤ ਦਾ ਮਾਮਲਾ ,ਬਦਨਾਮ ਪੰਜਾਬ ਨੂੰ ਕੀਤਾ ਜਾ ਰਿਹਾ

Chief Minister Bhagwant Mann checked the Samarala Tehsil complex

ਸਮਰਾਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ( cm Bhagwant Mann) ਨੇ ਸਮਰਾਲਾ ਤਹਿਸੀਲ ਕੰਪਲੈਕਸ ਦਾ ਦੌਰਾ ਕੀਤਾ ਅਤੇ ਇਥੇ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਅਤੇ ਸਮੱਸਿਆਵਾਂ ਦਾ ਜਾਇਜ਼ਾ ਲਿਆ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਰਿਸ਼ਵਤ ਮੰਗੇ ਜਾਣ ‘ਤੇ ਬਿਨਾਂ ਕਿਸੇ ਡਰ ਤੋਂ ਇਸ ਦਾ ਖੁਲਾਸਾ ਕਰਨ ।

ਇਸੇ ਤਰਾਂ ਕਿਸੇ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਬਚਾਉਣ ਲਈ ਨਿਧੜਕ ਹੋ ਕੇ ਅੱਗੇ ਆਉਣ ਤੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਉਣ ਤਾਂ ਜੋ ਕਿਸੇ ਦੀ ਜਾਨ ਬਚ ਸਕੇ। ਇਸ ਤਰਾਂ ਕਿਸੇ ਦੀ ਜਾਨ ਬਚਾਉਣ ਵਾਲੇ ਵਿਅਕਤੀ ਨੂੰ ਇਨਾਮ ਦਿੱਤਾ ਜਾਵੇਗਾ ਤੇ ਉਸ ਦਾ ਨਾਂ ਕਿਸੇ ਵੀ ਪਾਸੇ ਨਹੀਂ ਆਵੇਗਾ।

ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਸਾਫ ਕੀਤਾ ਹੈ ਕਿ ਪੰਚਾਇਤੀ ਜ਼ਮੀਨ ਛੁਡਾਉਣ ਦੀ ਮੁਹਿੰਮ ਵਿੱਚ ਕਿਸੇ ਵੀ ਆਮ ਵਿਅਕਤੀ ਦਾ ਘਰ ਨਹੀਂ ਤੋੜਿਆ ਜਾਵੇਗਾ।ਪੰਜਾਬ ਦੇ ਸਕੂਲਾਂ ਕਾਲਜਾਂ ਦਾ ਨਵੀਨੀਕਰਨ ਕੀਤਾ ਜਾਵੇਗਾ ਤੇ ਹੋਰ ਵੀ ਨਵੇਂ ਕਾਲਜ ਤੇ ਸਕੂਲ ਬਣਾਏ ਜਾਣਗੇ।

ਉਹਨਾਂ ਪੰਜਾਬ ਸਰਕਾਰ ਦੇ ਕੰਮਾਂ ਤੇ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਬਿਨਾਂ ਰੁਕਾਵਟ ਹੋਈ ਹੈ ਤੇ ਹੁਣ ਕਿਸਾਨ ਨੂੰ ਕੋਈ ਮੁਸ਼ਕਿਲ ਨਹੀਂ ਆਈ ਹੈ। ਝੋਨੇ ਦੀ ਚੁਕਾਈ ਵੀ ਸਰਕਾਰ ਤੇਜੀ ਨਾਲ ਕਰਵਾ ਰਹੀ ਹੈ ।

ਹਰਿਆਣੇ ਦੇ ਮੁੱਖ ਮੰਤਰੀ ਵਲੋਂ ਮਾਨ ਤੇ ਪਰਾਲੀ ਦੇ ਮੁੱਦੇ ਤੇ ਰਾਜਨੀਤੀ ਕਰਨ ਦੇ ਇਲਜ਼ਾਮ ਲਾਏ ਜਾਣ ਦੇ ਸਵਾਲ ‘ਤੇ ਮਾਨ ਨੇ ਕਿਹਾ ਹੈ ਕਿ ਹਰਿਆਣੇ ਦੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਕੀਤੇ ਜਿਆਦਾ ਹੈ। ਫਰੀਦਾਬਾਦ ,ਚਰਖੀ ਦਾਦਰੀ,ਗੁੜਗਾਉਂ,ਕਰਨਾਲ ਵਰਗੇ ਸ਼ਹਿਰਾਂ ਦਾ ਜ਼ਿਕਰ ਕਰਦੇ ਹੋਏ ਮਾਨ ਨੇ ਪਲਟਵਾਰ ਕੀਤਾ ਹੈ ਤੇ ਕਿਹਾ ਹੈ ਕਿ ਇਹ ਸਾਰੇ ਉੱਤਰੀ ਭਾਰਤ ਦਾ ਮਸਲਾ ਹੈ ਤੇ ਹੋਰ ਕਈ ਸੂਬਿਆਂ ਦੇ ਸ਼ਹਿਰ ਵੀ ਇਸ ਪ੍ਰਦੂਸ਼ਣ ਦੀ ਮਾਰ ਹੇਠ ਹਨ ਪਰ ਕੇਂਦਰ ਸਿਰਫ ਪੰਜਾਬ ਤੇ ਦਿੱਲੀ ਨੂੰ ਕਸੂਰਵਾਰ ਮੰਨ ਰਿਹਾ ਹੈ। ਕੇਂਦਰ ਸਰਕਾਰ ਨਾ ਤਾਂ ਪੰਜਾਬ ਸਰਕਾਰ ਦੇ ਕੋਈ ਸੁਝਾਅ ਮੰਨਦੀ ਹੈ ਤੇ ਨਾ ਹੀ ਵਿੱਤੀ ਸਹਾਇਤਾ ਪੰਜਾਬ ਨੂੰ ਦਿੰਦੀ ਹੈ।

ਪੰਜਾਬ ਦਾ ਕਿਸਾਨ ਪਰਾਲੀ ਨਹੀਂ ਸਾੜਨਾ ਚਾਹੁੰਦਾ ਪਰ ਉਸ ਕੋਲ ਕੋਈ ਹੋਰ ਬਦਲ ਵੀ ਨਹੀਂ ਹੈ।

ਇਸ ਤੋਂ ਪਹਿਲਾਂ ਮਾਨ ਨੇ ਤਹਿਸੀਲ ਕਾਂਪਲੈਕਸ ਵਿੱਚ ਕੰਮਾਂ ਦਾ ਜਾਇਜ਼ਾ ਲਿਆ ਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਲਈ ਵੀ ਮੌਕੇ ਦੇ ਅਫਸਰਾਂ ਨੂੰ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਚੈਕਿੰਗ ਕਰਨ ਨਹੀਂ ਆਏ, ਉਹ ਲੋਕਾਂ ਦੀਆਂ ਸਮੱਸਿਆਵਾਂ ਜਾਣਨ ਆਏ ਹਨ।