India Punjab

ਕੇਜਰੀਵਾਲ ਨਾਲ ਰੋਡ ਸ਼ੋਅ ਕਰਨ ਗੁਜਰਾਤ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ

ਦ ਖ਼ਾਲਸ ਬਿਊਰੋ : ਚੰਡੀਗੜ੍ਹ ਨੂੰ ਲੈ ਕੇ ਸੂਬੇ ‘ਚ ਚੱਲ ਰਹੇ ਹੰਗਾਮੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਜਰਾਤ ਪਹੁੰਚ ਗਏ ਹਨ। ਉਹ ਸ਼ੁੱਕਰਵਾਰ ਰਾਤ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਗੁਜਰਾਤ ਪਹੁੰਚੇ। ਅੱਜ ਉਹ ਗਾਂਧੀ ਆਸ਼ਰਮ ਜਾਣਗੇ। ਇਸ ਤੋਂ ਬਾਅਦ ਨਿਕੋਲ ‘ਚ ਰੋਡ ਸ਼ੋਅ ਕੱਢਣਗੇ। ਭਗਵੰਤ ਮਾਨ ਤੇ ਕੇਜਰੀਵਾਲ ਐਤਵਾਰ ਨੂੰ ਸਵਾਮੀਨਾਰਾਇਣ ਮੰਦਰ ਜਾਣਗੇ। ਇਸ ਤੋਂ ਬਾਅਦ ਉਹ ਭਲਕੇ ਸ਼ਾਮ 5 ਵਜੇ ਪੰਜਾਬ ਪਰਤਣਗੇ। ਆਮ ਆਦਮੀ ਪਾਰਟੀ ‘ਚ ਕੇਜਰੀਵਾਲ ਤੋਂ ਬਾਅਦ ਭਗਵੰਤ ਮਾਨ ਚੋਣਾਂ ਲਈ ਵੱਡਾ ਚਿਹਰਾ ਬਣ ਗਏ ਹਨ। ਹੁਣ ਤੱਕ ਆਮ ਆਦਮੀ ਪਾਰਟੀ ਦਿੱਲੀ ਤੱਕ ਸੀਮਤ ਸੀ।

ਇਹ ਦੂਜੇ ਰਾਜਾਂ ਵਿੱਚ ਕਦੇ ਵੀ ਬਹੁਮਤ ਹਾਸਲ ਨਹੀਂ ਕਰ ਸਕੀ। ਦਿੱਲੀ ਤੋਂ ਬਾਅਦ ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ ‘ਆਪ’ ਦੀ ਸਰਕਾਰ ਬਣੀ ਹੈ। ਖਾਸ ਗੱਲ ਇਹ ਹੈ ਕਿ ਇੱਥੇ ਉਨ੍ਹਾਂ ਨੇ 117 ਵਿੱਚੋਂ 92 ਸੀਟਾਂ ਜਿੱਤੀਆਂ ਹਨ। ਇਹੀ ਕਾਰਨ ਹੈ ਕਿ ਹੁਣ ਆਮ ਆਦਮੀ ਪਾਰਟੀ ਗੁਜਰਾਤ ਵਿੱਚ ਇਹ ਭਰੋਸਾ ਦੇ ਰਹੀ ਹੈ ਕਿ ਗੁਜਰਾਤ ਦੇ ਲੋਕ ਉਸ ਉੱਤੇ ਉਸੇ ਤਰ੍ਹਾਂ ਭਰੋਸਾ ਕਰ ਸਕਦੇ ਹਨ, ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਉਸ ਉੱਤੇ ਭਰੋਸਾ ਕੀਤਾ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨਾਲ ਭਗਵੰਤ ਮਾਨ ਦੀ ਮੌਜੂਦਗੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਉਹ ਗੁਜਰਾਤ ਚੋਣਾਂ ਗੰਭੀਰਤਾ ਨਾਲ ਲੜ ਰਹੇ ਹਨ।