1 ਜੁਲਾਈ ਤੋਂ ਪੰਜਾਬ ਵਿੱਚ 300 ਯੂਨਿਟ ਮੁਫ਼ਤ ਬਿਜਲੀ ਦੀ ਯੋਜਨਾ ਸ਼ੁਰੂ
‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 1 ਜੁਲਾਈ ਤੋਂ 300 ਯੂਨਿਟ ਫ੍ਰੀ ਬਿਜਲੀ ਦੇਣ ਦੇ ਵਾਅਦੇ ਨੂੰ ਅਮਲੀ ਜਾਮਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਹੋਰ ਗਰੰਟੀਆਂ ਅਤੇ ਸਰਕਾਰ ਦੇ ਕੰਮ ਵਿੱਚ ਰਫ਼ਤਾਰ ਲਿਆਉਣ ਦੇ ਲਈ ਉਹ ਮੁੜ ਤੋਂ ਦਿੱਲੀ ਦਰਬਾਰ ਵਿੱਚ ਪਹੁੰਚ ਗਏ ਹਨ। ਆਪ ਸੁਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਮਾਨ ਕਈ ਅਹਿਮ ਮੁੱਦਿਆਂ ‘ਤੇ ਵਿਚਾਰ ਕਰਨਗੇ । ਜਿੰਨਾਂ ਵਿੱਚ ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਮਿਲੀ ਹਾਰ ਦੇ ਨਾਲ 3 ਹੋਰ ਅਹਿਮ ਮੁੱਦੇ ਵੀ ਮੀਟਿੰਗ ਦਾ ਏਜੰਡਾ ਰਹਿ ਸਕਦੇ ਹਨ।
ਇਹ 3 ਮੁੱਦੇ ਮੀਟਿੰਗ ਦਾ ਅਹਿਮ ਹਿੱਸਾ
- ਸੰਗਰੂਰ ਹਾਰ ਦੇ ਪਿੱਛੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡੀ ਵਜ੍ਹਾ ਸੂਬੇ ਦੇ ਵਿਗੜੇ ਕਾਨੂੰਨੀ ਹਾਲਾਤ ਲੱਗ ਰਹੇ ਹਨ। ਸਿੱਧੂ ਮੂਸੇਵਾਲਾ ਦੇ ਕਤ ਲ ਤੋਂ ਬਾਅਦ ਸੰਗਰੂਰ ਜ਼ਿਮਨੀ ਚੋਣ ਦਾ ਨਜ਼ਰੀਆਂ ਹੀ ਬਦਲ ਗਿਆ ਅਤੇ ਪਾਰਟੀ ਨੂੰ ਆਪਣੇ ਗੜ੍ਹ ਵਿੱਚ ਹਾਰ ਮਿਲੀ। ਇਸੇ ਲਈ ਮੁੱਖ ਮੰਤਰੀ ਭਗਵੰਤ ਮਾਨ ਡੀਜੀਪੀ ਤੋਂ ਨਰਾਜ਼ ਚੱਲ ਰਹੇ ਸਨ। ਡੀਜੀਪੀ ਵੀਕੇ ਭਾਵਰਾ ਵੀ ਇਸ ਗੱਲ ਤੋਂ ਜਾਣੂ ਨੇ ਇਸੇ ਲਈ ਉਨ੍ਹਾਂ ਨੇ ਵੀ ਕੇਂਦਰ ਤੋਂ ਡੈਪੂਟੇਸ਼ਨ ਮੰਗਿਆ ਹੈ। UPSC ਵੱਲੋਂ DGP ਚੁੱਣਨ ਦੀ ਪ੍ਰਕਿਆ ਨੂੰ ਸਮਾਂ ਲੱਗੇਗਾ। ਪੰਜਾਬ ਦੇ ਅਗਲੇ ਕਾਰਜਕਾਰੀ ਡੀਜੀਪੀ ਕਿਸ ਨੂੰ ਲਗਾਇਆ ਜਾਵੇ ਅਤੇ ਕਿਹੜੇ ਸੀਨੀਅਰ ਅਫਸਰਾਂ ਦੇ ਨਾਂ UPSC ਨੂੰ ਡੀਜੀਪੀ ਲਈ ਭੇਜੇ ਜਾਣ ਇਸ ‘ਤੇ ਵੀ ਭਗਵੰਤ ਮਾਨ ਕੇਜਰੀਵਾਲ ਨਾਲ ਚਰਚਾ ਕਰ ਸਕਦੇ ਹਨ।
- ਕੇਜਰੀਵਾਲ ਅਤੇ ਭਗਵੰਤ ਮਾਨ ਦੀ ਮੀਟਿੰਗ ਦਾ ਦੂਜਾ ਵੱਡਾ ਮੁੱਦਾ ਮਹਿਲਾਵਾਂ ਲਈ 1 ਹਜ਼ਾਰ ਰੁਪਏ ਮਹੀਨੇ ਦੀ ਗਰੰਟੀ ਨੂੰ ਪੂਰਾ ਕਰਨਾ ਹੋਵੇਗਾ। ਬਜਟ ਵਿੱਚ ਜਦੋਂ ਵਿੱਤ ਮੰਤਰੀ ਨੇ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ ਤਾਂ ਵਿਰੋਧੀਆਂ ਨੇ ਆਪ ‘ਤੇ ਵਾਅਦਾ ਖਿਲਾਫੀ ਦਾ ਇਲ ਜ਼ਾਮ ਲਗਾਇਆ ਸੀ, ਪਰ ਬਜਟ ਇਜਲਾਸ ਦੇ 5ਵੇਂ ਦਿਨ ਸੀਐੱਮ ਮਾਨ ਜਦੋਂ ਬਜਟ ‘ਤੇ ਬੋਲ ਰਹੇ ਸਨ ਤਾਂ ਉਨ੍ਹਾਂ ਨੇ ਜਲਦ 1 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਪਰ ਉਨ੍ਹਾਂ ਨੇ ਕੋਈ ਸਮਾਂ ਨਹੀਂ ਦਿੱਤਾ ਸੀ। ਸੂਬੇ ਦੀ ਮਾਲੀ ਹਾਲਤ ਇੰਨੀ ਚੰਗੀ ਨਹੀਂ ਹੈ ਪੋਣੇ ਤਿੰਨ ਲੱਖ ਕਰੋੜ ਦਾ ਕਰਜਾ ਸੂਬੇ ਦੇ ਸਿਰ ‘ਤੇ ਹੈ,ਪਰ ਜ਼ਿਆਦਾ ਦੇਰ ਇਸ ਨੂੰ ਟਾਲਿਆਂ ਵੀ ਨਹੀਂ ਜਾ ਸਕਦਾ ਹੈ। ਇਸੇ ਲਈ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਦੇਣ ਦੀ ਗਰੰਟੀ ਨੂੰ ਕਿਵੇਂ ਪੂਰਾ ਕੀਤਾ ਜਾਵੇ ਇਸ ‘ਤੇ ਵੀ ਭਗਵੰਤ ਮਾਨ ਕੇਜਰੀਵਾਲ ਨਾਲ ਚਰਚਾ ਕਰ ਸਕਦੇ ਹਨ। ਆਪ ਸੁਪ੍ਰੀਮੋ ਕੇਰਜੀਵਾਲ ਦੇ ਸਾਹਮਣੇ ਗੁਜਰਾਤ ਅਤੇ ਹਿਮਾਚਲ ਦੀਆਂ ਚੋਣਾਂ ਸਾਹਮਣੇ ਨੇ ਦਿੱਲੀ ਤੋਂ ਜ਼ਿਆਦਾ ਪੰਜਾਬ ਵਿੱਚ ਪੂਰੀ ਕੀਤੀਆਂ ਗਈਆਂ ਗਰੰਟੀਆਂ ਉਨ੍ਹਾਂ ਦੇ ਸਿਆਸੀ ਭਵਿੱਖ ਲਈ ਜ਼ਰੂਰੀ ਹਨ ।
- ਭਗਵੰਤ ਮਾਨ ਕੇਜਰੀਵਾਲ ਨਾਲ ਕੈਬਨਿਟ ਵਿਸਤਾਰ ‘ਤੇ ਵੀ ਚਰਚਾ ਕਰ ਸਕਦੇ ਨੇ, ਇਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਅੱਧੀ ਕੈਬਨਿਟ ਨਾਲ ਹੀ ਕੰਮ ਕਰ ਰਹੇ ਹਨ। ਕਿਹੜੇ ਆਗੂਆਂ ਨੂੰ ਕੈਬਨਿਟ ਵਿਸਤਾਰ ਵਿੱਚ ਸ਼ਾਮਲ ਕੀਤਾ ਜਾਵੇਗਾ ਇਸ ‘ਤੇ ਵੀ ਮੰਥਨ ਹੋ ਸਕਦਾ ਹੈ। ਦੂਜੀ ਵਾਰ ਵਿਧਾਨ ਸਭਾ ਵਿੱਚ ਪਹੁੰਚੇ ਜੈਕ੍ਰਿਸ਼ਨ ਰੋੜੀ ਨੂੰ ਡਿਪਟੀ ਸਪੀਕਰ ਦਾ ਅਹੁਦਾ ਮਿਲ ਗਿਆ ਹੈ, ਅਮਨ ਅਰੋੜਾ, ਸਰਬਜੀਤ ਕੌਰ ਮਾਣੂਕੇ,ਬਲਜਿੰਦਰ ਕੌਰ ਵਰਗੇ ਅਜਿਹੇ ਕਈ ਵਿਧਾਇਕ ਨੇ ਜੋ ਦੂਜੀ ਵਾਰ ਵਿਧਾਨ ਸਭਾ ਵਿੱਚ ਦਾਖਲ ਹੋਏ ਨੇ ਪਰ ਕੈਬਨਿਟ ਵਿੱਚ ਉਨ੍ਹਾਂ ਨੂੰ ਥਾਂ ਨਹੀਂ ਮਿਲੀ ਹੈ। ਕੈਬਨਿਟ ਦਾ ਜਲਦ ਵਿਸਤਾਰ ਹੋਣਾ ਜ਼ਰੂਰੀ ਹੈ ਕਿਉਂਕਿ ਇਸ ਨਾਲ ਪਾਰਟੀ ਦੇ ਅੰਦਰ ਬਗਾਵਤ ਵੀ ਵਧ ਸਕਦੀ ਹੈ ਅਤੇ ਇਸ ਦਾ ਅਸਰ ਸਰਕਾਰ ਦੇ ਕੰਮ ਕਾਜ ‘ਤੇ ਵੀ ਨਜ਼ਰ ਆ ਸਕਦਾ ਹੈ ।