ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਵੱਲੋਂ ਲੰਘੇ ਕੱਲ੍ਹ 30 ਮਾਰਚ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਵਿੱਚ ਚੀਫ ਖਾਲਸਾ ਦੀਵਾਨ ਅਧੀਨ ਆਉਂਦੇ ਸਮੂਹ ਸਕੂਲਾਂ, ਕਾਲਜਾਂ ਤੇ ਅਦਾਰਿਆਂ ਦਾ ਸਾਲ 2025-26 ਲਈ 181 ਕਰੋੜ 50 ਲੱਖ ਦਾ ਬਜਟ ਪਾਸ ਕੀਤਾ ਗਿਆ। ਜਨਰਲ ਹਾਊਸ ਦੇ ਇਜਲਾਸ ਦੀ ਪ੍ਰਧਾਨਗੀ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕੀਤੀ। ਪ੍ਰਧਾਨ ਡਾ. ਨਿੱਝਰ ਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਦੱਸਿਆ ਕਿ ਪਿਛਲੇ ਵਿੱਤੀ ਸਾਲ ਨਾਲੋਂ ਇਸ ਸਾਲ ਚੀਫ ਖਾਲਸਾ ਦੀਵਾਨ ਦੀ ਕੁੱਲ ਆਮਦਨ ’ਚ 18 ਫ਼ੀਸਦੀ ਜਦੋਂਕਿ ਖ਼ਰਚਿਆਂ ’ਚ 24 ਫ਼ੀਸਦੀ ਤੱਕ ਵਾਧੇ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਖ਼ਰਚ ’ਚ ਆਇਆ ਇਹ ਵਾਧਾ ਹਾਂ-ਪੱਖੀ ਸੰਕੇਤ ਹੈ।
ਦੀਵਾਨ ਦੀ ਵਿੱਤ ਕਮੇਟੀ ਦੇ ਮੈਂਬਰ ਅਜੀਤਪਾਲ ਸਿੰਘ ਅਨੇਜਾ ਨੇ ਦੱਸਿਆ ਕਿ ਬਜਟ ਵਿੱਚ ਨਵੀਆਂ ਜ਼ਮੀਨਾਂ ਖ਼ਰੀਦਣ ਅਤੇ ਉਸਾਰੀਆਂ ਲਈ ਕਰੋੜਾਂ ਦਾ ਬਜਟ ਰਾਖਵਾਂ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਧਰਮ ਪ੍ਰਚਾਰ ਲਈ 99 ਲੱਖ ਰੁਪਏ ਤੇ ਆਦਰਸ਼ ਸਕੂਲਾਂ ਲਈ 1.15 ਕਰੋੜ ਖ਼ਰਚ ਕੀਤੇ ਜਾਣ ਦੀ ਯੋਜਨਾ ਹੈ।
ਮੀਟਿੰਗ ਵਿੱਚ ਸਮੂਹ ਮੈਂਬਰਾਂ ਨੇ ਜੈਕਾਰਿਆਂ ਨਾਲ ਬਜਟ ਨੂੰ ਪ੍ਰਵਾਨਗੀ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਇਹ ਬਜਟ ਭਵਿੱਖ ਦੀਆਂ ਲੋੜਾਂ ਤੇ ਉਮੀਦਾਂ ’ਤੇ ਖ਼ਰਾ ਉਤਰੇਗਾ। ਮੀਟਿੰਗ ਦੌਰਾਨ ਡਾ. ਹਰਮੋਹਿੰਦਰ ਸਿੰਘ ਨਾਗਪਾਲ ਨੂੰ ਚੀਫ ਖਾਲਸਾ ਦੀਵਾਨ ਦਾ ਮੈਂਬਰ ਬਣਾਉਣ ਲਈ ਜਨਰਲ ਹਾਊਸ ਤੋਂ ਪ੍ਰਵਾਨਗੀ ਲਈ ਗਈ। ਜਨਰਲ ਕਮੇਟੀ ਦੇ ਮੈਂਬਰਾਂ ਵੱਲੋਂ ਫਿਲੌਰ ਦੇ ਮਾਓ ਸਾਹਿਬ ਵਿੱਚ ਜਾਇਦਾਦ ਅਤੇ ਤੁਗਲਵਾਲਾ ,ਗੁਰਦਾਸਪੁਰ ਵਿੱਚ 14 ਏਕੜ ਜ਼ਮੀਨ ’ਤੇ ਦੀਵਾਨ ਵੱਲੋਂ ਨਵਾਂ ਸਕੂਲ ਖੋਲ੍ਹਣ ਦੀ ਸਹਿਮਤੀ ਦਿੱਤੀ। ਇਸ ਮੌਕੇ ਦੀਵਾਨ ਦੇ ਲਗਪਗ 130 ਮੈਂਬਰ ਹਾਜ਼ਰ ਸਨ।