‘ਦ ਖ਼ਾਲਸ ਬਿਊਰੋ:- ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਜੰਮੂ ਕਸ਼ਮੀਰ ਦੀਆਂ ਛੇ ਕੌਮੀ ਤੇ ਖੇਤਰੀ ਪਾਰਟੀਆਂ ਦੇ ਸਾਂਝੇ ਮਤੇ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਬਹਾਲੀ ਦੀ ਮੰਗ ਲਈ ਡਟੇ ਰਹਿਣ ਦੀ ਅਪੀਲ ਕੀਤੀ। ਸਾਬਕਾ ਕੇਂਦਰੀ ਮਤਰੀ ਨੇ ਟਵੀਟ ਕੀਤਾ ਕਿ, ‘ਮੁੱਖ ਧਾਰਾ ਦੀਆਂ ਛੇ ਵਿਰੋਧੀ ਪਾਰਟੀਆਂ ਦੀ ਏਕਤਾ ਤੇ ਹੌਂਸਲੇ ਨੂੰ ਸਲਾਮ ਜੋ ਧਾਰਾ 370 ਨੂੰ ਹਟਾਉਣ ਤੋਂ ਖ਼ਿਲਾਫ਼ ਸੰਘਰਸ਼ ਲਈ ਬੀਤੇ ਦਿਨ ਇਕੱਠੀਆਂ ਹੋਈਆਂ। ਮੈਂ ਉਨ੍ਹਾਂ ਨੂੰ ਆਪਣੀ ਮੰਗ ਨਾਲ ਪੂਰੀ ਤਰ੍ਹਾਂ ਖੜ੍ਹੇ ਹੋਣ ਦੀ ਅਪੀਲ ਕਰਦਾ ਹਾਂ। ਆਪੇ ਬਣੇ ਰਾਸ਼ਟਰਵਾਦੀਆਂ ਦੀ ਤੱਥਹੀਣ ਆਲੋਚਨਾ ਦਾ ਵਿਰੋਧ ਕਰੋ, ਜੋ ਇਤਿਹਾਸ ਨਹੀਂ ਪੜ੍ਹਦੇ ਪਰ ਇਤਿਹਾਸ ਫਿਰ ਤੋਂ ਲਿਖਣ ਦੀ ਕੋਸ਼ਿਸ਼ ਕਰਦੇ ਹਨ।’
ਨੈਸ਼ਨਲ ਕਾਨਫਰੰਸ ਤੇ ਉਸ ਦੀ ਰਵਾਇਤੀ ਵਿਰੋਧੀ ਪਾਰਟੀ PDP ਸਮੇਤ ਛੇ ਸਿਆਸੀ ਪਾਰਟੀਆਂ ਨੇ ਮਤਾ ਜਾਰੀ ਕਰਕੇ ਸਪੱਸ਼ਟ ਕੀਤਾ ਕਿ ‘ਸਾਡੇ ਬਿਨਾਂ, ਸਾਡੇ ਬਾਰੇ’ ਕੁੱਝ ਵੀ ਨਹੀਂ ਹੋ ਸਕਦਾ। ਇਸ ਬਿਆਨ ਤੋਂ ਸਪੱਸ਼ਟ ਸੰਕੇਤ ਹਨ ਕਿ ਕੇਂਦਰ ਨੂੰ ਕੋਈ ਵੀ ਸੰਵਿਧਾਨਕ ਤਬਦੀਲੀ ਲਾਗੂ ਕਰਨ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਭਰੋਸੇ ’ਚ ਲੈਣਾ ਪਵੇਗਾ।
ਕਸ਼ਮੀਰ ਵਿੱਚ ਸਿਆਸੀ ਪਾਰਟੀਆਂ ਨੇ ਇੱਕਜੁੱਟ ਹੋ ਕੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਮੁੜ ਲਾਗੂ ਕਰਵਾਉਣ ਲਈ ਸੰਘਰਸ਼ ਕਰਨ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦਾ ਪੰਜ ਅਗਸਤ, 2019 ਤੋਂ ਪਹਿਲਾਂ ਵਾਲਾ ਦਰਜਾ ਮੁੜ ਬਹਾਲ ਕਰਵਾਉਣ ਲਈ ਸੰਘਰਸ਼ ਕੀਤਾ ਜਾਵੇਗਾ ਕਿਉਂਕਿ ਕੇਂਦਰ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਵਿੱਚ ‘ਦੂਰਅੰਦੇਸ਼ੀ ਦੀ ਘਾਟ’ ਸੀ ਤੇ ਇਹ ‘ਨਿਰੋਲ ਗ਼ੈਰਸੰਵਿਧਾਨਕ’ ਫ਼ੈਸਲਾ ਹੈ।