India

ਪਾਵਰ ਪਲਾਂਟ ’ਚ ਭਿਆਨਕ ਵਿਸਫੋਟ! 9 ਮਜ਼ਦੂਰਾਂ ਦੀ ਦਰਦਨਾਕ ਮੌਤ, 15 ਗੰਭੀਰ

ਰਾਏਪੁਰ/ਸ਼ਕਤੀ (14 ਅਪ੍ਰੈਲ, 2026): ਛੱਤੀਸਗੜ੍ਹ ਦੇ ਸ਼ਕਤੀ ਜ਼ਿਲ੍ਹੇ ਵਿੱਚ ਅੱਜ ਦੁਪਹਿਰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੋਂ ਦੇ ਸਿੰਘੀਤਰਾਈ ਪਿੰਡ ਵਿੱਚ ਸਥਿਤ ਵੇਦਾਂਤਾ ਲਿਮਟਿਡ (Vedanta Limited) ਦੇ ਪਾਵਰ ਪਲਾਂਟ ਵਿੱਚ ਬੁਆਇਲਰ ਫਟਣ ਕਾਰਨ ਹੋਏ ਜ਼ਬਰਦਸਤ ਧਮਾਕੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਕਿਵੇਂ ਵਾਪਰਿਆ ਹਾਦਸਾ? 

ਸ਼ਕਤੀ ਜ਼ਿਲ੍ਹੇ ਦੇ ਪੁਲਿਸ ਕਪਤਾਨ (SP) ਪ੍ਰਫੁੱਲ ਠਾਕੁਰ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ ਇਹ ਧਮਾਕਾ ਪਲਾਂਟ ਦੀ ਇੱਕ ਬੁਆਇਲਰ ਟਿਊਬ ਵਿੱਚ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪਲਾਂਟ ਵਿੱਚ ਭੜਥੂ ਪੈ ਗਿਆ ਅਤੇ ਮਜ਼ਦੂਰਾਂ ਵਿੱਚ ਭਗਦੜ ਮੱਚ ਗਈ। ਇਸ ਭਗਦੜ ਦੌਰਾਨ ਵੀ ਕਈ ਮਜ਼ਦੂਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਬਚਾਅ ਕਾਰਜ ਜਾਰੀ

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਰਾਏਗੜ੍ਹ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਹਾਦਸਾ ਤਕਨੀਕੀ ਖ਼ਰਾਬੀ ਕਾਰਨ ਵਾਪਰਿਆ ਜਾਂ ਇਸ ਵਿੱਚ ਕਿਸੇ ਦੀ ਲਾਪਰਵਾਹੀ ਸੀ।